19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਲੜਕੀਆਂ ਦੇ ਸਕੂਲ ਬਾਹਰ ਨੌਜਵਾਨਾਂ ਦੀਆਂ ਹਰਕਤਾਂ ਨਾਲ ਮਾਹੌਲ ਤਣਾਅਪੂਰਨ, ਪ੍ਰਸ਼ਾਸਨ ਖ਼ਿਲਾਫ਼ ਰੋਸ <br/>

ਅਜੀਤ ਡੈਸਕ 19-02-2026
ਗੁਰੂਹਰਸਹਾਏ, 18 ਫਰਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਲੜਕੀਆਂ ਦੇ ਸਕੂਲ ਦੇ ਬਾਹਰ ਅਕਸਰ ਆਵਾਰਾ ਕਿਸਮ ਦੇ ਨੌਜਵਾਨਾਂ ਵਲੋਂ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਤੇ ਬੇਲੋੜੀ ਰਫ਼ਤਾਰ ਨਾਲ ਗੱਡੀਆਂ ਦੌੜਾਉਣ ਅਤੇ ਲੜਾਈ ਝਗੜੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਸਕੂਲ ਲਗਨ ਤੋਂ ਪਹਿਲਾਂ ਅਤੇ ਦੁਪਹਿਰ ਛੁੱਟੀ ਸਮੇਂ ਇਹ ਨੌਜਵਾਨ ਟੋਲੀਆਂ 'ਚ ਇਕੱਠੇ ਹੋ ਕੇ ਉਥੇ ਖੜੇ੍ਹ ਰਹਿੰਦੇ ਹਨ ਤੇ ਕਈ ਵਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਵੀ ਕਰਦੇ ਹਨ, ਜਿਸ ਕਾਰਨ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਅਤੇ ਅੱਜ ਵੀ ਕੁੱਝ ਨੌਜਵਾਨਾਂ ਵਲ਼ੋਂ ਲੜਾਈ ਝਗੜਾ ਕੀਤਾ ਗਿਆ | ਜਿਸ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣ ਗਿਆ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਪਰ ਕੋਈ ਢੁਕਵੀਂ ਤੇ ਸਖ਼ਤ ਕਾਰਵਾਈ ਨਹੀਂ ਕੀਤੀ ਗਈ | ਲੋਕਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਜੇ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਕੋਈ ਵੀ ਅਣਚਾਹੀ ਘਟਨਾ ਵਾਪਰ ਸਕਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਸਕੂਲ ਦੇ ਨਾਲ ਕਈ ਦੁਕਾਨਾਂ ਵੀ ਹਨ ਤੇ ਇਸ ਲੜਾਈ ਝਗੜੇ ਕਰਕੇ ਕਿਸੇ ਵੀ ਸਮੇਂ ਦੁਕਾਨਦਾਰਾਂ ਅਤੇ ਦੁਕਾਨ ਅੰਦਰ ਪਏ ਸਾਮਾਨ ਦਾ ਵੀ ਨੁਕਸਾਨ ਹੋ ਸਕਦਾ ਹੈ | ਓਧਰ ਥਾਣਾ ਮੁਖੀ ਗੁਰਜੰਟ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰੇ ਵੀ ਉਨ੍ਹਾਂ ਨੂੰ ਕਿਸੇ ਸ਼ਹਿਰ ਵਾਸੀ ਦਾ ਫ਼ੋਨ ਆਇਆ ਸੀ ਕੇ ਲੜਕੀਆਂ ਦੇ ਸਕੂਲ ਦੇ ਬਾਹਰ ਕੁੱਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਤੁਰੰਤ ਪੁਲਿਸ ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ ਸੀ ਹਾਲਾਂਕਿ ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਸਮੇਂ-ਸਮੇਂ 'ਤੇ ਗਸ਼ਤ ਕੀਤੀ ਜਾਂਦੀ ਹੈ ਤੇ ਜਲਦ ਹੀ ਇਸ ਸਮੱਸਿਆ ਨੂੰ ਕਾਬੂ ਕਰਨ ਲਈ ਸਕੂਲ ਦੇ ਬਾਹਰ ਪੱਕੇ ਤੌਰ 'ਤੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ | ਮਾਪਿਆਂ ਦਾ ਮੰਨਣਾ ਹੈ ਕਿ ਸਕੂਲ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪੱਖੋਂ ਗੇਟ ਦੇ ਬਾਹਰ ਨਿਗਰਾਨੀ, ਸੀ. ਸੀ. ਟੀ. ਵੀ. ਕੈਮਰੇ ਜਾਂ ਗਾਰਡ ਤਾਇਨਾਤ ਕਰਨ ਵਰਗੇ ਕਦਮ ਚੁੱਕਣੇ ਚਾਹੀਦੇ ਹਨ | ਦੂਜੇ ਪਾਸੇ ਜਦੋਂ ਸਕੂਲ ਦੇ ਪਿ੍ੰਸੀਪਲ ਕਰਨ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਜਿਹੜੇ ਵੀ ਨੌਜਵਾਨ ਲੜੇ ਹਨ ਉਹ ਸਕੂਲ ਦੇ ਬਾਹਰ ਨਹੀਂ ਲੜੇ ਹਨ ਉਹ ਸਕੂਲ ਦੇ ਸਾਹਮਣੇ ਬਣੀ ਰੇਲਵੇ ਪਾਰਕ 'ਚ ਲੜੇ ਹਨ ਅਤੇ ਉਨ੍ਹਾਂ ਵਲੋਂ ਲੜਕੀਆਂ ਦੀ ਸੁਰੱਖਿਆ ਦੇ ਲਈ ਦੋ ਗਾਰਡ ਵੀ ਰੱਖੇ ਗਏ ਹਨ ਤੇ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਸਕੂਲ ਦੇ ਬਾਹਰ ਜਾ ਕੇ ਖ਼ੁਦ ਵੀ ਨਿਗਰਾਨੀ ਰੱਖੀ ਜਾਂਦੀ ਹੈ | ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੜਕੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਕੂਲ ਦੇ ਆਸ-ਪਾਸ ਪੁਲਿਸ ਲਗਾਈ ਜਾਵੇ ਤੇ ਆਵਾਰਾ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਵਿਦਿਆਰਥਣਾਂ ਬਿਨਾ ਡਰ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ |

ਪਿਛਲੀ ਖ਼ਬਰ ਪਤਨੀ ਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਪਤੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਗਿਰਵੀ ਪਿਆ ਸੋਨਾ ਛੁਡਵਾਉਣ ਦੇ ਨਾਂਅ ਉੱਤੇ ਮਾਰੀ 1,74,915 ਰੁਪਏ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।