ਜਲੰਧਰ, 19 ਫਰਵਰੀ (ਸ਼ੈਲੀ)- ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਐਸ.ਐਸ.ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਇੱਕ ਦੋਸ਼ੀ ਕੋਲੋਂ ਗੈਰ-ਕਾਨੂੰਨੀ ਪਿਸਤੌਲ ਤੇ ਕਾਰਤੂਸ ਬਰਾਮਦ ਕਰ ਕੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਦੀ ਟੀਮ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਿਚ ਆਦਮਪੁਰ ਥਾਣਾ ਖੇਤਰ 'ਚ ਚੈਕਿੰਗ ਕਰ ਰਹੀ ਸੀ | ਇਸੇ ਦੌਰਾਨ ਜਦੋਂ ਟੀਮ ਪਿੰਡ ਮਦਾਰਾ ਨੇੜੇ ਪਹੁੰਚੀ ਤਾਂ ਇੱਕ ਮੋਟਰ-ਸਾਈਕਲ ਸਵਾਰ ਸ਼ੱਕੀ ਨੂੰ ਦੇਖਿਆ ਜੋ ਕਿ ਪੁਲਿਸ ਪਾਰਟੀ ਦੇਖ ਕੇ ਮੌਕਾ ਤੋਂ ਖਿਸਕਣ ਲੱਗਾ ਜਿਸ 'ਤੇ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਨਾਮ ਪੁਛਿਆ ਜਿਸ ਨੇ ਆਪਣਾ ਨਾਮ ਦਵਿੰਦਰਪਾਲ ਸਿੰਘ ਉਰਫ਼ ਬਿੱਲਾ (ਲਗਭਗ 28 ਸਾਲ) ਵਾਸੀ ਰੇਲਵੇ ਸਟੇਸ਼ਨ ਕਠਾਰ ਆਦਮਪੁਰ ਥਾਣਾ ਜਲੰਧਰ ਜ਼ਿਲ੍ਹਾ ਦੱਸਿਆ | ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਮੈਗਜ਼ੀਨਾਂ ਸਮੇਤ ਦੋ ਪਿਸਤੌਲਾਂ (ਇੱਕ 9 ਐਮ.ਐਮ. ਤੇ ਇੱਕ .32 ਬੋਰ) ਬਰਾਮਦ ਹੋਈਆਂ | ਤਿੰਨ ਜ਼ਿੰਦਾ 9 ਐਮ.ਐਮ. ਕਾਰਤੂਸ ਤੇ ਤਿੰਨ ਜ਼ਿੰਦਾ .32 ਬੋਰ ਕਾਰਤੂਸ ਵੀ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਕਾਰਵਾਈ ਕਰਦੇ ਹੋਏ ਦੋਸ਼ੀ ਵਿਰੁੱਧ ਆਦਮਪੁਰ ਥਾਣੇ ਵਿਚ ਮਾਮਲਾ ਦਰਜ ਕਰ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਪੁਲਿਸ ਰਿਮਾਂਡ ਲਈ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ |