ਯਮੁਨਾਨਗਰ, 28 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 'ਸ੍ਰੀ ਗੁਰੂ ਤੇਗ ਬਹਾਦਰ ਜੀ : ਕੁਰਬਾਨੀ ਦੀ ਇਕ ਵਿਲੱਖਣ ਮਿਸਾਲ' ਵਿਸ਼ੇ 'ਤੇ ਭਾਸ਼ਨ ਕਰਵਾਇਆ | ਕਾਲਜ ਦੀ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਤੇ ਪੰਜਾਬੀ ਵਿਭਾਗ ਦੀ ਚੇਅਰਪਰਸਨ ਡਾ. ਗੁਰਸ਼ਰਨ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਚੇਅਰਪਰਸਨ ਮਨਜੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਅਤੇ ਦੇਸ਼ ਨੂੰ ਮੁਸਲਮਾਨਾਂ ਤੋਂ ਬਚਾਉਣ ਲਈ ਲੜਾਈ ਲੜੀ ਸੀ | ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਸੀ, ਪਰ ਆਤਮ-ਸਮਰਪਣ ਨਹੀਂ ਸੀ ਕੀਤਾ | ਇਸ ਮੌਕੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਾਹਿਤ 'ਚ ਡੂੰਘੀ ਸਮਝ ਹੁੰਦੀ ਹੈ, ਜੋ ਕਿ ਸਾਨੂੰ ਜ਼ਿੰਦਗੀ ਦੇ ਹਰ ਪੜਾਅ 'ਤੇ ਫੈਸਲੇ ਲੈਣ 'ਚ ਮਦਦ ਕਰਦੀ ਹੈ | ਸ਼ਹੀਦਾਂ ਅਤੇ ਗੁਰੂਆਂ ਦੇ ਸਿਧਾਂਤ ਅੱਜ ਵੀ ਪ੍ਰਸੰਗਿਕ ਹਨ ਅਤੇ ਸਾਨੂੰ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਚਾਹੀਦਾ ਹੈ | ਇਸ ਮੌਕੇ ਡਾ. ਗੁਰਸ਼ਰਨ ਕੌਰ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥਣਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਸੀ | ਅੰਤ 'ਚ ਕਲਾਈਮੇਟ ਐਕਸ਼ਨ ਸੈੱਲ ਦੀ ਇੰਚਾਰਜ ਡਾ. ਸੁਨੀਤਾ ਕੌਸ਼ਿਕ ਨੇ ਵਿਦਿਆਰਥਣਾਂ ਨੂੰ ਹਰਿਆਣਾ ਸਰਕਾਰ ਵਲੋਂ ਚਲਾਈ ਜਾ ਰਹੀ ਸੋਲਰ ਸਿਸਟਮ ਯੋਜਨਾ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ |