ਨਰਾਇਣਗੜ੍ਹ, 15 ਮਈ (ਪੀ. ਸਿੰਘ)-ਸਬ ਡਵੀਜ਼ਨ ਨਰਾਇਣਗੜ੍ਹ ਵਿਖੇ 1 ਮਈ ਤੋਂ 30 ਮਈ ਤੱਕ ਘਰਾਂ ਦੀ ਸੂਚੀ ਅਤੇ ਘਰਾਂ ਦੀ ਗਿਣਤੀ ਦਾ ਕੰਮ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਅਤੇ ਸਬ ਡਵੀਜ਼ਨਲ ਜਨਗਣਨਾ ਅਧਿਕਾਰੀ ਸ਼ਿਵਜੀਤ ਭਾਰਤੀ ਨੇ ਦੱਸਿਆ ਕਿ ਇਸ ਕੰਮ ਦੇ ਸਫਲਤਾਪੂਰਵਕ ਸੰਚਾਲਨ ਲਈ ਨਾਇਬ ਤਹਿਸੀਲਦਾਰ ਸੁਨੀਲ ਕੁਮਾਰ ਨੂੰ ਬਲਾਕ ਨਰਾਇਣਗੜ੍ਹ ਅਤੇ ਬਲਾਕ ਸ਼ਹਿਜ਼ਾਦਪੁਰ ਵਿਖੇ ਜਨਗਣਨਾ ਦੇ ਕੰਮ ਲਈ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜਦਕਿ ਨਗਰ ਸਕੱਤਰ ਰਾਜੇਸ਼ ਕੁਮਾਰ ਨੂੰ ਨਰਾਇਣਗੜ੍ਹ ਨਗਰ ਖੇਤਰ 'ਚ ਜਨਗਣਨਾ ਦੇ ਕੰਮ ਲਈ ਅਫ਼ਸਰ ਬਣਾਇਆ ਗਿਆ ਹੈ | ਉਨ੍ਹਾਂ ਦੀ ਨਿਗਰਾਨੀ ਹੇਠ ਜਨਗਣਨਾ ਦਾ ਕੰਮ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ | ਐਸ. ਡੀ. ਐਮ. ਨੇ ਦੱਸਿਆ ਕਿ ਨਰਾਇਣਗੜ੍ਹ ਨਗਰ ਪਾਲਿਕਾ ਖੇਤਰ 'ਚ ਜਨਗਣਨਾ ਦੇ ਕੰਮ ਲਈ 47 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਨਰਾਇਣਗੜ੍ਹ ਅਤੇ ਸ਼ਹਿਜ਼ਾਦਪੁਰ ਬਲਾਕਾਂ 'ਚ 394 ਕਰਮਚਾਰੀ ਅਤੇ 57 ਸੁਪਰਵਾਈਜ਼ਰ ਲੱਗੇ ਹੋਏ ਹਨ | ਉਨ੍ਹਾਂ ਸਬ-ਡਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਸਟਾਫ਼ ਨੂੰ ਸਹੀ ਅਤੇ ਸੰਪੂਰਨ ਜਾਣਕਾਰੀ ਪ੍ਰਦਾਨ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਜੋ ਇਸ ਰਾਸ਼ਟਰੀ ਕਾਰਜ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ | ਉਨ੍ਹਾਂ ਸਪੱਸ਼ਟ ਕੀਤਾ ਕਿ ਜਨਗਣਨਾ ਦੇ ਕੰਮ ਵਿਚ ਲੱਗੇ ਕਰਮਚਾਰੀਆਂ ਨੂੰ ਪਛਾਣ ਪੱਤਰ ਅਤੇ ਜ਼ਰੂਰੀ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਜਨਗਣਨਾ ਦੌਰਾਨ ਕੋਈ ਵੀ ਕਰਮਚਾਰੀ ਨਾਗਰਿਕਾਂ ਤੋਂ ਫੋਟੋਆਂ, ਆਧਾਰ ਨੰਬਰ, ਕਿਸੇ ਵੀ ਕਿਸਮ ਦੀ ਆਈ. ਡੀ. ਜਾਂ ਓ. ਟੀ. ਪੀ. ਨਹੀਂ ਮੰਗੇਗਾ | ਉਨ੍ਹਾਂ ਦੱਸਿਆ ਕਿ ਗਣਨਾਕਾਰ ਘਰ-ਘਰ ਜਾ ਕੇ ਪਹਿਲਾਂ ਆਪਣੇ ਐਚ. ਐਲ. ਬੀ. ਦਾ ਵਿਜ਼ੂਅਲ ਮੈਪ ਤਿਆਰ ਕਰਦੇ ਹਨ ਅਤੇ ਫਿਰ ਘਰ ਦੀ ਸੂਚੀ ਦੀ ਜਾਣਕਾਰੀ ਪੋਰਟਲ 'ਤੇ ਅਪਲੋਡ ਕਰਦੇ ਹਨ | ਉਨ੍ਹਾਂ ਕਿਹਾ ਕਿ ਨਾਗਰਿਕਾਂ ਵਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਮਕਾਨ ਸੂਚੀਕਰਨ ਦੌਰਾਨ ਘਰ ਨਾਲ ਸੰਬੰਧਿਤ ਵੱਖ-ਵੱਖ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜਿਸ ਵਿਚ ਇਮਾਰਤ ਨੰਬਰ, ਘਰ ਦੇ ਫਰਸ਼ ਵਿਚ ਵਰਤੀ ਜਾਣ ਵਾਲੀ ਮੁੱਖ ਸਮੱਗਰੀ, ਘਰ ਦੀਆਂ ਕੰਧਾਂ ਅਤੇ ਛੱਤ 'ਚ ਵਰਤੀ ਜਾਣ ਵਾਲੀ ਮੁੱਖ ਸਮੱਗਰੀ, ਘਰ ਦੀ ਵਰਤੋਂ ਅਤੇ ਸਥਿਤੀ ਸ਼ਾਮਿਲ ਹੈ | ਇਸ ਤੋਂ ਇਲਾਵਾ ਪਰਿਵਾਰ ਨਾਲ ਸੰਬੰਧਿਤ ਜਾਣਕਾਰੀ ਵੀ ਲਈ ਜਾਵੇਗੀ, ਜਿਸ ਵਿਚ ਪਰਿਵਾਰ 'ਚ ਰਹਿਣ ਵਾਲੇ ਮੈਂਬਰਾਂ ਦੀ ਗਿਣਤੀ, ਪਰਿਵਾਰ ਦੇ ਮੁਖੀ ਦਾ ਨਾਂਅ ਤੇ ਲਿੰਗ, ਕੀ ਪਰਿਵਾਰ ਦਾ ਮੁਖੀ (ਅਨੁਸੂਚਿਤ ਜਾਤੀ/ਜਨਜਾਤੀ/ਹੋਰ) ਨਾਲ ਸੰਬੰਧਿਤ ਹੈ, ਘਰ ਦੀ ਮਾਲਕੀ ਦੀ ਸਥਿਤੀ, ਪਰਿਵਾਰ ਕੋਲ ਉਪਲਬਧ ਕਮਰਿਆਂ ਦੀ ਗਿਣਤੀ, ਪਰਿਵਾਰ ਵਿਚ ਰਹਿਣ ਵਾਲੇ ਵਿਆਹੇ ਜੋੜਿਆਂ ਦੀ ਗਿਣਤੀ ਅਤੇ ਉਪਲਬਧ ਸਹੂਲਤਾਂ ਸ਼ਾਮਿਲ ਹਨ | ਸਹੂਲਤਾਂ ਵਿਚ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਰੋਸ਼ਨੀ ਦਾ ਮੁੱਖ ਸਰੋਤ, ਟਾਇਲਟ ਦੀ ਉਪਲਬਧਤਾ ਤੇ ਕਿਸਮ, ਗੰਦੇ ਪਾਣੀ ਦੀ ਨਿਕਾਸੀ, ਬਾਥਰੂਮ ਦੀ ਉਪਲਬਧਤਾ, ਰਸੋਈ ਅਤੇ ਐਲ. ਪੀ. ਜੀ. ਕਨੈਕਸ਼ਨ ਦੀ ਉਪਲਬਧਤਾ, ਖਾਣਾ ਪਕਾਉਣ ਲਈ ਵਰਤਿਆ ਜਾਣ ਵਾਲਾ ਮੁੱਖ ਬਾਲਣ ਵਰਗੀਆਂ ਜਾਣਕਾਰੀਆਂ ਸ਼ਾਮਿਲ ਹੋਣਗੀਆਂ | ਇਸੇ ਤਰ੍ਹਾਂ ਪਰਿਵਾਰ ਕੋਲ ਉਪਲਬਧ ਸੰਪਤੀਆਂ ਜਿਵੇਂ ਕਿ ਰੇਡੀਓ/ਟ੍ਰਾਂਜ਼ਿਸਟਰ, ਟੈਲੀਵਿਜ਼ਨ, ਇੰਟਰਨੈੱਟ ਸਹੂਲਤ, ਲੈਪਟਾਪ/ਕੰਪਿਊਟਰ, ਟੈਲੀਫ਼ੋਨ/ਮੋਬਾਈਲ/ਸਮਾਰਟਫੋਨ, ਸਾਈਕਲ, ਸਕੂਟਰ, ਮੋਟਰਸਾਈਕਲ/ਮੋਪੇਡ ਅਤੇ ਕਾਰ/ਜੀਪ/ਵੈਨ ਵਰਗੇ ਹੋਰ ਵਾਹਨਾਂ ਬਾਰੇ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ |