ਟੋਹਾਣਾ, 4 ਜੂਨ (ਮਨਜੀਤ ਸਿੰਘ)- ਜਾਖ਼ਲ ਬਲਾਕ ਦੇ ਪਿੰਡ ਮਿਓਾਦ ਖ਼ੁਰਦ, ਮਿਓਾਦ ਕਲਾਂ ਅਤੇ ਚਾਂਦਪੁਰਾ ਵਿਚਾਲੇ ਬਿਜਲੀ ਸਪਲਾਈ ਨੂੰ ਲੈ ਕੇ ਵਿਵਾਦ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ | ਬਿਜਲੀ ਸਮੱਸਿਆ ਦੇ ਹੱਲ ਲਈ ਮਿਓਾਦ ਖ਼ੁਰਦ ਅਤੇ ਮਿਓਾਦ ਕਲਾਂ ਦੇ ਵਾਸੀਆਂ ਨੇ 33 ਕੇ.ਵੀ. ਬਿਜਲੀ ਘਰ ਦੇ ਨੇੜੇ ਖੇਤਾਂ ਵਿੱਚ ਟੈਂਟ ਲਗਾ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ | ਧਰਨਾਕਾਰੀਆਂ ਦਾ ਕਹਿਣਾ ਹੈ ਕਿ ਚਾਂਦਪੁਰਾ ਫੀਡਰ ਨੂੰ ਬਿਜਲੀ ਸਪਲਾਈ ਦੇਣ ਤੋਂ ਪਹਿਲਾਂ ਬਿਜਲੀ ਵਿਭਾਗ ਵਲੋਂ ਲੋੜੀਂਦਾ ਟਰਾਂਸਫ਼ਾਰਮਰ ਲਗਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਬਿਨਾਂ ਢੁਕਵੇਂ ਬਿਜਲੀ ਢਾਂਚੇ ਦੇ ਚਾਂਦਪੁਰਾ ਨੂੰ ਸਪਲਾਈ ਦੇਣ ਨਾਲ ਮਿਓਾਦ ਖ਼ੁਰਦ ਅਤੇ ਮਿਓਾਦ ਕਲਾਂ ਦੇ ਖਪਤਕਾਰਾਂ ਨੂੰ ਵੋਲਟੇਜ ਘਾਟ ਅਤੇ ਬਿਜਲੀ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਕਤ ਪਿੰਡਾਂ ਦੇ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਵਿਭਾਗ ਨੇ ਜਲਦ ਕੋਈ ਪੱਕਾ ਹੱਲ ਨਾ ਕੱਢਿਆ ਤਾਂ ਤਿੰਨਾਂ ਪਿੰਡਾਂ ਵਿੱਚ ਤਣਾਅ ਵਾਲਾ ਮਾਹੌਲ ਬਣ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੀ ਹੋਵੇਗੀ | ਧਰਨੇ 'ਤੇ ਬੈਠੇ ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ | ਉੱਧਰ ਇਸ ਮਾਮਲੇ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਦਿਆਂ ਰਾਜਨੀਤਿਕ ਅਤੇ ਸਮਾਜਿਕ ਵਰਗਾਂ ਦਾ ਵੀ ਧਿਆਨ ਆਪਣੇ ਵੱਲ ਖਿੱਚ ਲਿਆ ਹੈ | ਲੋਕਾਂ ਦੀ ਮੰਗ ਹੈ ਕਿ ਬਿਜਲੀ ਵਿਭਾਗ ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਟਰਾਂਸਫ਼ਾਰਮਰ ਲਗਾ ਕੇ ਵਿਵਾਦ ਦਾ ਸਥਾਈ ਹੱਲ ਕਰੇ ਤਾਂ ਜੋ ਕਿਸੇ ਵੀ ਪਿੰਡ ਦੇ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ |
ਟਰਾਂਸਫ਼ਾਰਮਰ ਲਗਾਏ ਬਿਨਾਂ ਚਾਂਦਪੁਰਾ ਨੂੰ ਬਿਜਲੀ ਦੇਣ ਦਾ ਵਿਰੋਧ
ਅਜੀਤ ਡੈਸਕ
05-06-2026