ਸਿਰਸਾ, 5 ਜੂਨ (ਭੁਪਿੰਦਰ ਪੰਨੀਵਾਲੀਆ)- ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਨਾਬਾਲਗ ਪੀੜਤ ਲੜਕੀ ਲਈ ਇਨਸਾਫ ਦੀ ਮੰਗ ਕਰਦਿਆਂ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਜਥੇਬੰਦੀਆਂ 'ਚ ਟਰੇਡ ਯੂਨੀਅਨ ਤੋਂ ਇਲਾਵਾ ਜਨਵਾਦੀ ਮਹਿਲਾ ਸਮਿਤੀ, ਸਰਵਕਰਮਚਾਰੀ ਸੰਘ ਅਤੇ ਕਿਸਾਨ ਸਭਾ ਸਮੇਤ ਕਈ ਜਥੇਬੰਦੀਆਂ ਦੇ ਆਗੂ ਮੌਜੂਦ ਸਨ | ਮਿੰਨੀ ਸਕੱਤਰੇਤ ਦੇ ਬਾਹਰ ਗੱਲਬਾਤ ਕਰਦਿਆਂ ਜਨਵਾਦੀ ਮਹਿਲਾ ਸਮਿਤੀ ਦੀ ਆਗੂ ਬਲਬੀਰ ਕੌਰ ਗਾਂਧੀ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਸਿਵਲ ਹਸਪਤਾਲ ਵਿੱਚ ਇੱਕ ਡਾਕਟਰ ਵੱਲੋਂ ਨਾਬਾਲਗ ਲੜਕੀ ਨਾਲ ਕੀਤੀ ਗਈ ਛੇੜਛਾੜ 'ਤੇ ਪੀੜਤਾ ਲਈ ਸਖ਼ਤ ਕਾਨੂੰਨੀ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਲੋਕ ਨਾਇਕ ਜੈਪ੍ਰਕਾਸ਼ ਸਿਵਲ ਹਸਪਤਾਲ ਵਿੱਚ ਵਾਪਰੀ ਇਹ ਘਟਨਾ ਬਹੁਤ ਦੁਖਦਾਈ ਹੈ | ਸਮਾਜ ਦੇ ਰੱਖਿਅਕ ਵਜੋਂ ਭਰੋਸੇਮੰਦ ਇੱਕ ਡਾਕਟਰ ਨੇ ਇੱਕ ਨਾਬਾਲਗ ਮਰੀਜ਼ ਵਿਰੁੱਧ ਘਿਨਾਉਣਾ ਕੰਮ ਕੀਤਾ ਹੈ | ਇਸ ਘਟਨਾ ਕਾਰਨ ਪੂਰੇ ਸਮਾਜ ਵਿੱਚ ਗੁੱਸਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਫਾਸਟ-ਟਰੈਕ ਅਦਾਲਤ ਰਾਹੀਂ ਕੀਤੀ ਜਾਵੇ ਤਾਂ ਜੋ ਪੀੜਤ ਨੂੰ ਜਲਦੀ ਨਿਆਂ ਮਿਲ ਸਕੇ | ਦੋਸ਼ੀ ਵਿਰੁੱਧ ਪੋਕਸੋ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਬਿਨਾਂ ਕਿਸੇ ਨਰਮੀ ਦੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ | ਹਰਿਆਣਾ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਅÏਰਤਾਂ ਅਤੇ ਬੱਚਿਆਂ ਦੇ ਵਾਰਡਾਂ ਦਾ ਤੁਰੰਤ ਸੁਰੱਖਿਆ ਆਡਿਟ ਕਰਵਾਇਆ ਜਾਵੇ | ਮਹਿਲਾ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੀਸੀਟੀਵੀ ਕੈਮਰੇ ਅਤੇ ਮਹਿਲਾ ਡਾਕਟਰ ਅਤੇ ਸਟਾਫ ਤੁਰੰਤ ਲਗਾਏ ਜਾਣ | ਪੀੜਤ ਅਤੇ ਉਸਦੇ ਪਰਿਵਾਰ ਦੇ ਪੁਨਰਵਾਸ ਲਈ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਇਸ ਮੌਕੇ ਕਿ੍ਪਾਸ਼ੰਕਰ ਤਿ੍ਪਾਠੀ, ਐਡਵੋਕੇਟ ਬਲਬੀਰ ਕੌਰ ਗਾਂਧੀ, ਪ੍ਰੋਮਿਲਾ, ਹਮਜਿੰਦਰ ਸਿੰਘ, ਰੇਖਾ, ਨੀਲਮ, ਐਡਵੋਕੇਟ ਸੁਰੇਂਦਰ ਕੌਰ, ਮਦਨਲਾਲ ਖੋਥ, ਵੀਰੋ ਰਾਣੀ ਅਤੇ ਹਰਿਆਣਾ ਗਿਆਨ-ਵਿਗਿਆਨ ਸਮਿਤੀ ਦੇ ਜ਼ਿਲ੍ਹਾ ਸਕੱਤਰ ਲਲਿਤ ਸੋਲੰਕੀ ਆਦਿ ਸਮੇਤ ਕਈ ਲੋਕ ਮੌਜੂਦ ਸਨ |