ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਹਿਰੂ ਕਾਲੋਨੀ ਵਿਚ ਨਗਰ ਨਿਗਮ ਦਾ ਤੋੜਫੋੜ ਦਸਤਾ ਆਪਣੀ ਕਾਰਵਾਈ ਕਰਨ ਲਈ ਜਿਵੇਂ ਹੀ ਪੱੁਜਿਆ ਤਾਂ ਉਸ ਦਾ ਇਥੋਂ ਦੇ ਲੋਕਾਂ ਨੇ ਭਾਰੀ ਵਿਰੋਧ ਕੀਤਾ | ਕਿਉਂਕਿ ਇਥੇ ਲੋਕਾਂ ਨੇ ਨਾਜਾਇਜ਼ ਨਿਰਮਾਣ ਕੀਤਾ ਹੋਇਆ ਸੀ | ਹਾਲਾਂਕਿ ਇਸ ਮੌਕੇ 'ਤੇ ਪੁਲਿਸ ਬਲ ਵੀ ਮੌਜੂਦ ਸੀ | ਇਥੋਂ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਘਰਾਂ ਵਿਚੋਂ ਸਾਮਾਨ ਕੱਢਣ ਦਾ ਮੌਕਾ ਦਿੱਤਾ ਜਾਵੇ | ਨਗਰ ਨਿਗਮ ਪ੍ਰਸ਼ਾਸਨ ਅਤੇ ਪੁਲਿਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਪਹਿਲਾਂ ਇਸ ਮਾਮਲੇ ਪ੍ਰਤੀ ਗੱਲਬਾਤ ਕੀਤੀ ਅਤੇ ਇਥੋਂ ਦੇ ਲੋਕਾਂ ਨੂੰ ਘਰਾਂ ਵਿਚੋਂ ਸਾਮਾਨ ਕੱਢਣ ਦਾ ਹੋਰ ਸਮਾਂ ਦੇ ਦਿੱਤਾ ਅਤੇ ਨਾਲ ਹੀ ਤੋੜਫੋੜ ਦੀ ਕਾਰਵਾਈ ਨੂੰ ਰੋਕ ਦਿੱਤਾ | ਇਸ ਕਾਰਵਾਈ ਵਿਚ ਕੁਝ ਲੋਕਾਂ ਦੇ ਘਰ ਤੋੜੇ ਵੀ ਗਏ | ਉਨ੍ਹਾਂ ਨੇ ਕਾਰਵਾਈ ਦੇ ਰੁੱਕ ਜਾਣ 'ਤੇ ਟੁੱਟੇ ਘਰਾਂ 'ਚੋਂ ਲੋਹੇ ਦਾ ਸਾਮਾਨ ਕੱਢ ਕੇ ਵੇਚਣ ਲਈ ਵੱਖਰਾ ਰੱਖ ਲਿਆ | ਇਨ੍ਹਾਂ ਲੋਕਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਕੋਲੋਂ ਪੁਨਰਵਾਸ ਦੀ ਮੰਗ ਕੀਤੀ | ਪੁਲਿਸ ਨੇ ਇਸ ਕਾਰਵਾਈ ਵਿਚ ਰੁਕਾਵਟ ਪਾਉਣ ਵਾਲੇ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ, ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ | ਵਰਨਣਯੋਗ ਹੈ ਕਿ ਨਹਿਰੂ ਕਾਲੋਨੀ ਵਿਚ ਕਾਫ਼ੀ ਨਾਜਾਇਜ਼ ਨਿਰਮਾਣ ਕੀਤਾ ਗਿਆ ਸੀ ਅਤੇ ਇਹ ਨਾਜਾਇਜ਼ ਨਿਰਮਾਣ ਅੱਗੇ ਤੋਂ ਅੱਗੇ ਵੱਧ ਰਿਹਾ ਸੀ ਅਤੇ ਇਥੋਂ ਦੇ ਲੋਕਾਂ ਨੇ ਕੁਝ ਕਮਰੇ ਕਿਰਾਏ 'ਤੇ ਵੀ ਦਿੱਤੇ ਹੋਏ ਸਨ | ਲੋਕ ਆਪਣੇ ਘਰਾਂ ਵਿਚੋਂ ਸਾਮਾਨ ਕੱਢ ਕੇ ਹੋਰਨਾਂ ਥਾਵਾਂ 'ਤੇ ਰੱਖ ਰਹੇ ਹਨ |