ਨਵੀਂ ਦਿੱਲੀ, 9 ਜੂਨ (ਜਗਤਾਰ ਸਿੰਘ)-ਸਿੱਖ ਕੌਮ ਦੇ ਨਾਂਅ 'ਤੇ ਹਿੰਸਾ, ਵੱਖਵਾਦ ਅਤੇ ਨੌਜਵਾਨਾਂ ਨੂੰ ਭੜਕਾਉਣ ਦੀ ਰਾਜਨੀਤੀ ਕਰਨ ਵਾਲੀਆਂ ਜਥੇਬੰਦੀਆਂ ਦਾ ਅਸਲ ਮਕਸਦ ਪੰਥ ਦੀ ਸੇਵਾ ਨਹੀਂ ਸਗੋਂ ਆਪਣੇ ਨਿੱਜੀ ਅਤੇ ਰਾਜਨੀਤਿਕ ਹਿੱਤਾਂ ਨੂੰ ਅੱਗੇ ਵਧਾਉਣਾ ਹੈ ¢ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਗੁਣਜੀਤ ਸਿੰਘ ਬਖ਼ਸ਼ੀ ਨੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੱਬਰ ਖ਼ਾਲਸਾ ਇੰਟਰਨੈਸ਼ਨਲ ਵੱਲੋਂ ਜਾਰੀ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਅਤੇ ਨਾਲ ਹੀ ਸਿੱਖ ਭਾਈਚਾਰੇ ਨੂੰ ਅਜਿਹੀਆਂ ਜਥੇਬੰਦੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ¢ ਬਖ਼ਸ਼ੀ ਨੇ ਕਿਹਾ ਕਿ ਜੂਨ 1984 ਦੀਆਂ ਦੁਖਦਾਈ ਘਟਨਾਵਾਂ ਨੂੰ ਲੈ ਕੇ ਹਰ ਸਿੱਖ ਦੇ ਮਨ ਵਿਚ ਦਰਦ ਹੈ ਪਰ ਇਸ ਦਰਦ ਨੂੰ ਨਫ਼ਰਤ ਅਤੇ ਹਥਿਆਰਬੰਦ ਸੰਘਰਸ਼ ਦੇ ਪ੍ਰਚਾਰ ਲਈ ਵਰਤਣਾ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਉਲਟ ਹੈ ¢ ਉਨ੍ਹਾਂ ਕਿਹਾ ਕਿ ਕੁਝ ਵੱਖਵਾਦੀ ਜਥੇਬੰਦੀਆਂ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਭਾਵਨਾਤਮਕ ਨਾਰਿਆਂ ਅਤੇ ਭੜਕਾਊ ਬਿਆਨਾਂ ਰਾਹੀਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ¢ ਬਖ਼ਸ਼ੀ ਨੇ ਕਿਹਾ ਕਿ ਸਿੱਖ ਧਰਮ ਮਨੁੱਖਤਾ, ਸੇਵਾ, ਭਾਈਚਾਰੇ ਅਤੇ 'ਸਰਬੱਤ ਦਾ ਭਲਾ' ਦਾ ਸੁਨੇਹਾ ਦਿੰਦਾ ਹੈ ਅਤੇ ਗੁਰੂ ਸਾਹਿਬ ਨੇ ਵੀ ਇਨਸਾਫ਼, ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ¢ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਅਤੇ ਵਿਦੇਸ਼ਾਂ ਵਿਚ ਬੈਠੇ ਕੱਟੜਪੰਥੀ ਤੱਤਾਂ ਦੇ ਭੜਕਾਊ ਪ੍ਰਚਾਰ ਤੋਂ ਸਾਵਧਾਨ ਰਹਿਣ ¢