05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗੇਟ ਬੰਦ ਕਰਨ ਦੀ ਚਿਤਾਵਨੀ ਤੋਂ ਬਾਅਦ ਜਾਗੇ ਅਧਿਕਾਰੀ, ਧਰਨੇ 'ਚ ਪੁੱਜੇ ਐਕਸੀਅਨ ਝੁਲਸਾਉਂਦੀ ਗਰਮੀ 'ਚ 50 ਤੋਂ 80 ਸਾਲ ਉਮਰ ਦੇ ਕਿਸਾਨ ਧਰਨੇ 'ਤੇ ਬੈਠਣ ਨੂੰ ਹੋਏ ਮਜਬੂਰ <br/>

ਅਜੀਤ ਡੈਸਕ 11-06-2026
ਡ­ੱਬਵਾਲੀ, 10 ਜੂਨ (ਸ਼ਾਂਤ)-45 ਡਿਗਰੀ ਤਾਪਮਾਨ 'ਚ ਕਰੀਬ ਚਾਰ ਘੰਟੇ ਦੇ ਧਰਨੇ ਮਗਰੋਂ ਮੁੱਖ ਗੇਟ ਬੰਦ ਕਰਨ ਦੀ ਚਿਤਾਵਨੀ ਦੇਣ 'ਤੇ ਕਿਸਾਨਾਂ ਦੀ ਆਵਾਜ਼ ਅਧਿਕਾਰੀਆਂ ਤੱਕ ਪੁੱਜੀ | ਲੰਮੀ ਉਡੀਕ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਕਾਰਜਕਾਰੀ ਇੰਜੀਨੀਅਰ ਅਨੁਜ ਕੁਮਾਰ ਧਰਨੇ 'ਚ ਪੁੱਜੇ ਅਤੇ ਦਰੀ 'ਤੇ ਬੈਠ ਕੇ ਕਿਸਾਨ ਸਮੱਸਿਆਵਾਂ ਨੂੰ ਸੁਣਿਆ | ਤਿੱਖੜ ਗਰਮੀ ਵਿੱਚ 50 ਤੋਂ 80 ਸਾਲ ਉਮਰ ਦੇ ਕਰੀਬ 35-40 ਬਜ਼ੁਰਗ ਕਿਸਾਨ ਵੀ ਬੈਠਣ ਨੂੰ ਮਜ਼ਬੂਰ ਹੋਏ | ਇਹ ਕਿਸਾਨ ਲੰਮੇ ਸਮੇਂ ਤੋਂ ਨਿਗਮ ਦਫਤਰ ਦੇ ਚੱਕਰ ਕੱਟ ਰਹੇ ਹਨ ਅਤੇ ਉਨ੍ਹਾਂ ਮੁਤਾਬਕ ਟਿਊਬਵੈੱਲ ਕੇਬਲ ਬਾਰੇ ਨਿਗਮ ਤੰਤਰ ਨੇ ਲਗਭਗ 'ਹੱਥ ਖੜੇ' ਕੀਤੇ ਹੋਏ ਹਨ | ਪਿੰਡ ਖੇਤਰ ਦੀਆਂ ਬਿਜਲੀ ਸਮੱਸਿਆਵਾਂ ਨੂੰ ਲੈ ਕੇ ਰਾਸ਼ਟਰੀ ਕਿਸਾਨ ਸੰਗਠਨ ਦੇ ਸੱਦੇ 'ਤੇ ਭਾਕਿਯੂ ਏਕਤਾ ਉਗਰਾਹਾਂ ਅਤੇ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਸਮੇਤ ਹੋਰ ਸੰਗਠਨਾਂ ਨੇ ਅੱਜ ਨਿਗਮ ਦਫਤਰ ਦਾ ਘਿਰਾਓ ਕੀਤਾ | ਜ਼ਿਕਰਯੋਗ ਹੈ ਕਿ 28 ਮਈ ਦੀ ਹਨ੍ਹੇਰੀ 'ਚ ਚੌਟਾਲਾ ਤੇ ਡੱਬਵਾਲੀ ਸਬਡਿਵੀਜਨਾਂ 'ਚ 140 ਬਿਜਲੀ ਖੰਭੇ ਡਿੱਗ ਗਏ ਸਨ ਤੇ ਕਈ ਪਿੰਡਾਂ ਦੀ ਬਿਜਲੀ ਠੱਪ ਹੋ ਗਈ ਸੀ | ਕਿਸਾਨ ਮੰਜ਼ੂਰਸ਼ੁਦਾ ਟਿਊਬਵੈੱਲ ਕਨੈਕਸ਼ਨ ਵਿੱਚ ਦੇਰੀ, ਖਰਾਬ ਕੇਬਲ, ਟਰਾਂਸਫਾਰਮਰ ਅਤੇ ਖੰਭੇ ਬਦਲਣ 'ਚ ਲਾਪਰਵਾਹੀ, ਘੱਟ ਵੋਲਟੇਜ ਅਤੇ ਵਾਰ-ਵਾਰ ਕੱਟਾਂ ਤੋਂ ਪਰੇਸ਼ਾਨ ਹਨ | ਉਨ੍ਹਾਂ ਖਰਾਬ ਖੰਭਿਆਂ ਅਤੇ ਤਾਰਾਂ ਦੀ ਤੁਰੰਤ ਮੁਰੰਮਤ ਅਤੇ ਝੋਨਾ ਬੀਜਾਂਦ ਲਈ ਪਿੰਡਾਂ ਵਿੱਚ 10 ਘੰਟੇ ਲਗਾਤਾਰ ਦਿਨ ਵਿੱਚ ਬਿਜਲੀ ਸਪਲਾਈ ਦੀ ਮੰਗ ਰੱਖੀ | ਰਾਸ਼ਟਰੀ ਕਿਸਾਨ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਭਾਟੀ ਨੇ ਕਿਹਾ ਕਿ 72 ਘੰਟਿਆਂ ਵਿੱਚ ਟਰਾਂਸਫਾਰਮਰ ਬਦਲਣ ਦਾ ਨਿਯਮ ਹੈ ਪਰ ਕਈ ਥਾਵਾਂ 'ਤੇ 6-6 ਮਹੀਨੇ ਤੋਂ ਕੰਮ ਲਟਕਿਆ ਹੋਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਕੋਲ ਲੋੜੀਂਦਾ ਵਾਹਨ ਨਾ ਹੋਣ ਕਾਰਨ ਸਟੋਰ ਵਿੱਚ ਦੋ ਕਿਲੋਮੀਟਰ ਲੰਮੀ ਟਿਊਬਵੈੱਲ ਕੇਬਲ ਕਾਗਜ਼ਾਂ ਵਿੱਚ ਪਾਸ ਹੋਣ ਦੇ ਬਾਵਜੂਦ ਡੱਬਵਾਲੀ ਨਹੀਂ ਪਹੁੰਚ ਰਹੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇੱਕ ਹਫ਼ਤੇ ਵਿੱਚ ਮੰਗਾਂ ਪੂਰੀਆਂ ਨਾ ਹੋਣ 'ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ | ਕਾਰਜਕਾਰੀ ਇੰਜੀਨੀਅਰ ਅਨੁਜ ਕੁਮਾਰ ਨੇ ਭਰੋਸਾ ਦਿੱਤਾ ਕਿ ਬਿਜਲੀ ਪੋਲ ਅਤੇ ਕੇਬਲ ਛੇਤੀ ਮੁਹੱਈਆ ਕਰਵਾਏ ਜਾਣਗੇ ਅਤੇ ਇੱਕ ਹਫ਼ਤੇ ਵਿੱਚ ਸਮੱਸਿਆਵਾਂ ਦੇ ਹੱਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਭੋਲਾ ਸਿੰਘ ਬਰਾੜ, ਖੁਸ਼ਦੀਪ ਸਿੰਘ, ਮਿੱਠੂ ਕੰਬੋਜ, ਰਣਜੀਤ ਸਿੰਘ ਫੁੱਲੋ, ਭਜਨ ਸਿੰਘ, ਸੱਤਪਾਲ ਆਸਾਖੇੜਾ, ਲਾਭ ਸਿੰਘ ਮਟਦਾਦੂ, ਜਗਦੀਪ ਸਿੰਘ, ਬਲਕਰਨ ਸਿੰਘ ਸਮੇਤ ਹੋਰ ਕਿਸਾਨ ਮੌਜੂਦ ਸਨ |

ਪਿਛਲੀ ਖ਼ਬਰ 10 ਰੋਜ਼ਾ ਗੁਰਮਤਿ ਅਤੇ ਗੁਰਮੁਖੀ ਸਿਖਲਾਈ ਸਮਰ ਕੈਂਪ ਸਮਾਪਤ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ -14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦੇ ਸਿਖਲਾਈ ਕੈਂਪ ਦਾ 9ਵਾਂ ਦਿਨ- ਵੱਖ-ਵੱਖ ਪ੍ਰੇਰਨਾਦਾਇਕ ਭਾਸ਼ਨ, ਜਾਗਰੂਕਤਾ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।