10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੂਫਾਨ ਨਾਲ ਦਰੱਖਤ, ਟੀਨ ਦੀਆਂ ਚਾਦਰਾਂ, ਸੋਲਰ ਪੈਨਲ ਅਤੇ ਬਿਜਲੀ ਦੇ ਖੰਭੇ ਡਿੱਗੇ

ਅਜੀਤ ਡੈਸਕ 14-06-2026
ਕਾਲਾਂਵਾਲੀ/ਸਿਰਸਾ, 13 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਵਿੱਚ ਅਚਾਨਕ ਆਏ ਤੂਫਾਨ ਨੇ ਟੀਨ ਦੀਆਂ ਚਾਦਰਾਂ, ਦਰੱਖਤਾਂ, ਸੋਲਰ ਪੈਨਲਾਂ, ਬਿਜਲੀ ਦੇ ਖੰਭਿਆਂ ਅਤੇ ਕਈ ਮਕਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ | ਤੇਜ਼ ਹਵਾਵਾਂ ਕਾਰਨ, ਸੜਕਾਂ, ਖੇਤਾਂ ਅਤੇ ਨਹਿਰਾਂ ਅਤੇ ਨਾਲਿਆਂ ਦੇ ਨਾਲ-ਨਾਲ ਬਹੁਤ ਸਾਰੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਕਈ ਪਿੰਡਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ | ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਖ਼ਬਰ ਲਿਖੇ ਜਾਣ ਤੱਕ ਬਹਾਲ ਨਹੀਂ ਹੋਈ ਸੀ | ਇਸ ਤਰ੍ਹਾਂ ਹੀ ਕਈ ਨਹਿਰਾਂ ਅਤੇ ਰਜਬਾਹਿਆਂ ਵਿੱਚ ਰੁੱਖ ਡਿਗਣ ਕਰਕੇ ਪਾਣੀ ਦੇ ਓਵਰਫਲੋਅ ਹੋ ਗਿਆ | ਸਿੰਚਾਈ ਵਿਭਾਗ ਦੇ ਕਰਮਚਾਰੀਆਂ ਅਤੇ ਕਿਸਾਨਾਂ ਨੇ ਨਹਿਰਾਂ ਅਤੇ ਰਜਬਾਹਿਆਂ ਵਿੱਚ ਡਿੱਗਣ ਵਾਲੇ ਰੁੱਖਾਂ ਨੂੰ ਹਟਾ ਦਿੱਤਾ ਗਿਆ | ਕੁਝ ਥਾਵਾਂ 'ਤੇ ਸੜਕਾਂ 'ਤੇ ਦਰੱਖਤ ਵੀ ਡਿੱਗ ਪਏ ਜਿਸ ਕਰਕੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ |
ਬਿਜਲੀ ਦੇ ਖੰਭੇ ਡਿਗਣ ਕਰਕੇ ਕਈ ਪਿੰਡਾਂ ਵਿੱਚ ਵਾਟਰ ਵਰਕਸ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬਿਜਲੀ ਨਿਗਮ ਦੀਆਂ ਟੀਮਾਂ ਨੇ ਤੇਜ਼ੀ ਨਾਲ ਰਾਹਤ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ | ਬੜਾਗੁੜ੍ਹਾ ਬਿਜਲੀਘਰ ਅਧੀਨ ਪੈਂਦੇ ਪਿੰਡਾਂ ਵਿੱਚ ਕਰਮਚਾਰੀਆਂ ਨੇ ਲਗਾਤਾਰ ਫੀਲਡ ਗਸ਼ਤ ਕੀਤੀ, ਨੁਕਸ ਪਛਾਣੇ ਅਤੇ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕੀਤੀ | ਇਸ ਤੋਂ ਬਾਅਦ ਦੁਪਹਿਰ ਤੱਕ ਬੜਾਗੁੜ੍ਹਾ, ਝਿੜੀ ਅਤੇ ਨਾਗੋਕੀ ਆਦਿ ਪਿੰਡਾਂ ਵਿੱਚ ਬਿਜਲੀ ਸਪਲਾਈ ਬਹਾਲ ਹੋਣ 'ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ |
ਇਸੇ ਤਰ੍ਹਾਂ ਪੰਜੂਆਣਾ ਸਬ-ਯੂਨਿਟ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਨੂਹੀਆਂਵਾਲੀ, ਘੁੱਕਿਆਂਵਾਲੀ, ਕਿਰਾੜਕੋਟ, ਸਵਾਈਪੁਰ, ਮੱਲੇਵਾਲਾ, ਬੁਢਾਭਾਣਾ, ਸੂਬਾਖੇੜਾ ਆਦਿ ਵਿੱਚ ਵੱਖ-ਵੱਖ ਥਾਵਾਂ 'ਤੇ ਲਗਭਗ 100 ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ | ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਲਈ ਲਗਾਤਾਰ ਮਿਹਨਤ ਕਰ ਰਹੇ ਹਨ | ਇਸੇ ਤਰ੍ਹਾਂ ਕੁਰੰਗਾਂਵਾਲੀ ਵਿਖੇ 132 ਕੇਵੀ ਪਾਵਰ ਸਟੇਸ਼ਨ ਤੋਂ ਪੰਜਮਾਲਾ 33 ਕੇਵੀ ਪਾਵਰ ਸਟੇਸ਼ਨ ਤੱਕ ਮੁੱਖ ਸਪਲਾਈ ਲੈ ਜਾਣ ਵਾਲੇ ਕਈ ਖੰਭਿਆਂ ਦੇ ਡਿੱਗਣ ਨਾਲ ਵੀ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਜਿਨ੍ਹਾਂ ਵਿੱਚ ਪੰਜਮਾਲਾ, ਅਲੀਕਾਂ, ਰੰਗਾ, ਲਹਿੰਗੇਵਾਲਾ, ਮੱਤੜ, ਰੰਗਾ ਆਦਿ ਸ਼ਾਮਲ ਹਨ | ਪੰਜਮਾਲਾ ਪਾਵਰ ਸਟੇਸ਼ਨ ਤੋਂ ਅਲੀਕਾਂ-ਰੰਗਾ ਰੋਡ ਰਾਹੀਂ ਪਿੰਡ ਲਹਿੰਗੇਵਾਲਾ ਵਿੱਚ 33 ਕੇਵੀ ਪਾਵਰ ਸਟੇਸ਼ਨ ਤੱਕ ਹਾਈ-ਵੋਲਟੇਜ ਪਾਵਰ ਲਾਈਨ ਦੇ ਲਗਭਗ 20 ਖੰਭੇ ਵੀ ਨੁਕਸਾਨੇ ਗਏ | ਇਸ ਕਾਰਨ ਰੰਗਾ, ਮੱਤੜ ਅਤੇ ਲਹੰਗੇਵਾਲਾ ਵਰਗੇ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਇਸ ਤੋਂ ਪਹਿਲਾਂ ਆਏ ਤੂਫਾਨ ਕਾਰਨ ਇਸੇ ਲਾਈਨ 'ਤੇ ਲਗਭਗ ਦੋ ਦਰਜਨ ਬਿਜਲੀ ਦੇ ਖੰਭੇ ਡਿੱਗ ਗਏ ਸਨ | ਇਹਨਾਂ ਡਿਗੇ ਖੰਭਿਆਂ ਦੀ ਥਾਂ ਨਵੇਂ ਖੰਭੇ ਲਗਾਉਣ ਦਾ ਕੰਮ ਅਜੇ ਵੀ ਜਾਰੀ ਹੈ | ਉਮੀਦ ਹੈ ਕਿ ਕੱਲ੍ਹ ਤੱਕ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ | ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਬਿਜਲੀ ਅਤੇ ਪਾਣੀ ਤੋਂ ਬਿਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਿਜਲੀ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਬਿਜਲੀ ਘਰਾਂ ਦੇ ਅਧੀਨ ਵੱਖ-ਵੱਖ ਪਿੰਡਾਂ ਵਿੱਚ ਕਰਮਚਾਰੀਆਂ ਦੁਆਰਾ ਹਾਈਡਰੌਲਿਕ ਮਸ਼ੀਨਾਂ ਦੀ ਮਦਦ ਨਾਲ ਨਵੇਂ ਬਿਜਲੀ ਦੇ ਖੰਭੇ ਲਗਾਉਣ ਦਾ ਕੰਮ ਜਾਰੀ ਹੈ | ਕੰਮ ਪੂਰਾ ਹੋਣ ਤੋਂ ਬਾਅਦ ਹੀ ਬਿਜਲੀ ਸਪਲਾਈ ਬਹਾਲ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ਼ਾਹਾਬਾਦ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ 16 ਤੋਂ 18 ਜੂਨ ਤੱਕ ਲੋਕ ਭਲਾਈ ਕੈਂਪ ਲਗਾਇਆ ਜਾਵੇਗਾ : ਸ਼ੰਭੂ ਰਾਠੀ ਅਗਲੀ ਖ਼ਬਰ ਐਸ.ਡੀ.ਐਮ. ਨੇ ਐਸ.ਆਈ.ਆਰ. ਮੁਹਿੰਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।