11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਧੂਰੀ ਪਾਕਿਸਤਾਨ ਯਾਤਰਾ: ਵੈਰੀਫਿਕੇਸ਼ਨ ਪ੍ਰਕਿਰਿਆ ਵਿਚ ਅਣਗਹਿਲੀ ਦੇ ਦੋਸ਼, ਸੰਗਤ ਨੇ ਜਤਾਇਆ ਰੋਸ

ਅਜੀਤ ਡੈਸਕ 14-06-2026
ਡੱਬਵਾਲੀ, 13 ਜੂਨ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਦੇ 37 ਸ਼ਰਧਾਲੂਆਂ ਦੀ ਪਾਕਿ ਗੁਰਧਾਮ ਯਾਤਰਾ ਦੀ ਅਸਫਲਤਾ ਦੇ ਕਾਰਨਾਂ ਵਿੱਚ ਅਧੂਰੀ ਵੈਰੀਫਿਕੇਸ਼ਨ ਪ੍ਰਕਿਰਿਆ ਅਤੇ ਹਰਿਆਣਾ ਦੇ ਸ਼ਰਧਾਲੂਆਂ ਦੀਆਂ ਲੋੜੀਂਦੀਆਂ ਰਿਪੋਰਟਾਂ ਦਾ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਸਮੇਂ ਸਿਰ ਨਾ ਪੁੱਜਣਾ ਸਾਹਮਣੇ ਆਇਆ ਹੈ | ਅੱਜ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਸੰਗਤ ਨੇ ਇਸ ਨਾਕਾਮੀ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ |
ਸ­ੰਗਤ ਨੇ ਹਰਿਆਣਾ ਕਮੇਟੀ ਦੇ ਬਾਈਕਾਟ ਦਾ ਅਲਟੀਮੇਟਮ ਦਿੰਦਿਆਂ 19 ਤੋਂ 21 ਜੂਨ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜਾਣ ਵਾਲੇ ਜਥੇ ਵਿੱਚ ਪਾਕਿ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਦੀ ਮੰਗ ਕੀਤੀ | ਮੀਟਿੰਗ ਵਿੱਚ ਐਚਐਸਜੀਪੀਸੀ ਮੈਂਬਰ ਜਗਤਾਰ ਸਿੰਘ ਮਾਨ ਨੇ ਸਿੱਖ ਸੰਗਤ ਦੀ ਭਾਵਨਾਤਮਿਕ ਖੱਜਲ-ਖੁਆਰੀ ਲਈ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ | ਮੀਟਿੰਗ ਮੌਕੇ ਅਧੂਰੀ ਯਾਤਰਾ ਲਈ ਜ਼ਿੰਮੇਵਾਰ ਕਮੇਟੀ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗੀ ਗਈ |
ਸਮੁੱਚੇ ਘਟਨਾਕ੍ਰਮ ਮੌਕੇ ਵਾਹਗਾ ਸਰਹੱਦ 'ਤੇ ਮੌਜੂਦ ਰਹੇ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ 94 ਸ਼ਰਧਾਲੂਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੈਰੀਫਿਕੇਸ਼ਨ ਰਿਪੋਰਟਾਂ ਨਾ ਪਹੁੰਚਣ ਕਾਰਨ ਲਾਈਨ ਵਿੱਚੋਂ ਬਾਹਰ ਕੀਤਾ ਗਿਆ ਸੀ | ਹੁਣ ਤੱਕ 38 ਵਾਰ ਪਾਕਿਸਤਾਨ ਜਾ ਚੁੱਕੇ ਗਿਆਨੀ ਹੁਰਾਂ ਸਪੱਸ਼ਟ ਕੀਤਾ ਕਿ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੰਡੀਗੜ੍ਹ ਤੋਂ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਹੀ ਜਥੇ ਨੂੰ ਹਰੀ ਝੰਡੀ ਨਹੀਂ ਮਿਲ ਸਕੀ | ਗੁਰਬਚਨ ਸਿੰਘ ਨੇ ਦੋਸ਼ ਲਾਇਆ ਕਿ ਦਿੱਲੀ ਦੇ ਇੱਕ ਉਘੇ ਸਿੱਖ ਆਗੂ ਦੀ ਸਿਆਸੀ ਪੈਂਤੜੇਬਾਜ਼ੀ ਕਾਰਨ ਹਰਿਆਣਾ, ਮਹਾਰਾਸ਼ਟਰ ਤੇ ਰਾਜਸਥਾਨ ਦੀਆਂ ਸੰਗਤਾਂ ਦਰਸ਼ਨਾਂ ਤੋਂ ਵਾਂਝੀਆਂ ਰਹਿ ਗਈਆਂ |
ਜਥੇ ਵਿੱਚ ਸ਼ਾਮਿਲ ਗਿਆਨੀ ਗਿਆਨ ਸਿੰਘ ਨੇ ਦੱਸਿਆ ਕਿ ਕਮੇਟੀ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਜ਼ਿੰਦਗੀ ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਖੁੰਝ ਗਿਆ | ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਮਾ ਸਮਾਂ ਧੁੱਪ ਵਿੱਚ ਖੜ੍ਹਨਾ ਪਿਆ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਬਜ਼ੁਰਗਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਵਾਪਸ ਮੁੜਦਿਆਂ ਹੰਝੂ ਵਗ ਰਹੇ ਸਨ | ਇੱਥੋਂ ਤੱਕ ਕਿ ਗਰਮੀ ਕਾਰਨ ਉਨ੍ਹਾਂ ਨੂੰ ਗੁਰੂਘਰ ਦੇ ਕਮਰਿਆਂ ਵਿੱਚ ਬਿਨਾਂ ਸਹੀ ਪੱਖਿਆਂ ਦੇ ਰਾਤ ਲੰਘਾਉਣੀ ਪਈ | ਸੰਗਤਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ 19 ਜੂਨ ਨੂੰ ਜਥੇ ਨਾਲ ਪਾਕਿਸਤਾਨ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ | ਚਿਤਾਵਨੀ ਦਿੱਤੀ ਗਈ ਕਿ ਮੰਗ ਨਾ ਮੰਨੀ ਗਈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ |
ਪਿਛਲੀ ਖ਼ਬਰ ਕਰੋੜਾਂ ਰੁਪਏ ਖਰਚ ਕਰ ਕੇ ਵੀ ਸ਼ਹਿਰ ਦੀ ਸਥਿਤੀ ਵਿਚ ਨਹੀਂ ਹੋਇਆ ਸੁਧਾਰ <br/> ਅਗਲੀ ਖ਼ਬਰ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਦਾ ਐੱਚ. ਸੀ. ਸੀ. ਆਈ. ਦਫ਼ਤਰ ਵਿਖੇ ਸ਼ਾਨਦਾਰ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।