ਨਵੀਂ ਦਿੱਲੀ,14 ਜੂਨ (ਜਗਤਾਰ ਸਿੰਘ)- 'ਸੱਚਖੰਡ ਸੇਵਾ ਸੁਸਾਇਟੀ' ਵੱਲੋਂ ਸਿੱਖ ਡਰਾਈਵਰ ਭਾਈ ਰਵਿੰਦਰ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ ¢ ਸੁਸਾਇਟੀ ਦੇ ਮੁਖੀ ਹਰਮੀਤ ਸਿੰਘ ਪਿੰਕਾ ਨੇ ਭਾਈ ਰਵਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਦੇ ਫ਼ਾਰੂਕ ਨਗਰ ਵਿਚ ਸਿੱਖ ਡਰਾਈਵਰ ਭਾਈ ਰਵਿੰਦਰ ਸਿੰਘ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ¢ ਇਸ ਦੌਰਾਨ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਬਹੁਤ ਹੀ ਸੂਝ-ਬੂਝ, ਹਿੰਮਤ ਅਤੇ ਸੰਜਮ ਦਾ ਪ੍ਰਦਰਸ਼ਨ ਕਰਦਿਆਂ ਸਥਿਤੀ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ¢ ਸ. ਪਿੰਕਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿਚ ਸਾਫ਼ ਨਜ਼ਰ ਆਉਂਦਾ ਹੈ ਕਿ ਕੁਝ ਲੋਕਾਂ ਨੇ ਭਾਈ ਰਵਿੰਦਰ ਸਿੰਘ ਦੀ ਗੱਡੀ ਨੂੰ ਘੇਰ ਲਿਆ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ¢ ਇਸ ਮੌਕੇ ਉਤੇ ਭਾਈ ਰਵਿੰਦਰ ਸਿੰਘ ਨੇ ਆਪਣਾ ਸ਼ਸਤਰ ਸੰਭਾਲਿਆ ਅਤੇ ਪੂਰੇ ਸੰਜਮ ਨਾਲ ਭੀੜ ਨੂੰ ਆਪਣੇ ਤੋਂ ਦੂਰ ਰੱਖਿਆ ¢ ਉਨ੍ਹਾਂ ਨੇ ਕਿਸੇ ਉੱਤੇ ਹਮਲਾ ਨਹੀਂ ਕੀਤਾ, ਸਗੋਂ ਸਿਰਫ਼ ਆਪਣੀ ਸੁਰੱਖਿਆ ਲਈ ਸੂਝ-ਬੂਝ ਨਾਲ ਕੰਮ ਲੈਂਦਿਆਂ ਸਥਿਤੀ ਨੂੰ ਕਾਬੂ ਵਿਚ ਰੱਖਿਆ ¢ ਬਾਅਦ ਵਿਚ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲੋੜੀਂਦੀ ਕਾਰਵਾਈ ਕੀਤੀ ¢ ਹਰਮੀਤ ਸਿੰਘ ਪਿੰਕਾ ਨੇ ਕਿਹਾ ਕਿ ਭਾਈ ਰਵਿੰਦਰ ਸਿੰਘ ਵੱਲੋਂ ਦਿਖਾਈ ਗਈ ਸੂਝ-ਬੂਝ ਅਤੇ ਬਹਾਦਰੀ ਲਈ ਉਨ੍ਹਾਂ ਦਾ ਸਨਮਾਨ ਕਰਨਾ ਸਿਰਫ਼ ਇੱਕ ਸੰਸਥਾ ਦੀ ਨਹੀਂ, ਸਗੋਂ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ¢