10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਕਈ ਪਿੰਡਾਂ ਦੇ ਕਿਸਾਨਾਂ ਨੇ ਬਿਜਲੀਘਰ ਅੱਗੇ ਦਿੱਤਾ ਧਰਨਾ

ਅਜੀਤ ਡੈਸਕ 16-07-2026
ਕਾਲਾਂਵਾਲੀ/ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਿੰਘਪੁਰਾ, ਧਰਮਪੁਰਾ, ਦਾਦੂ, ਕੇਵਲ, ਰਾਮਪੁਰਾ ਢਾਣੀ ਆਦਿ ਪਿੰਡਾਂ ਦੇ ਕਿਸਾਨਾਂ ਨੇ ਕਾਲਾਂਵਾਲੀ ਬਿਜਲੀਘਰ ਅੱਗੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ। ਕਿਸਾਨਾਂ ਨੇ ਬਿਜਲੀ ਸੰਕਟ ਨੂੰ ਲੈ ਕੇ ਵਿਭਾਗ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸਕੱਤਰ ਰਮਨਦੀਪ ਸਿੰਘ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਖੇਤਰ ਦੇ ਪਿੰਡਾਂ ਵਿੱਚ ਝੋਨੇ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਝੋਨੇ ਦੀ ਬਿਜਾਈ ਲਈ ਪਿੰਡ ਵਿੱਚ ਪਹੁੰਚੇ ਹੋਏ ਹਨ, ਪਰ ਬਿਜਲੀ ਬੰਦ ਹੋਣ ਕਾਰਨ ਵਿਹਲੇ ਬੈਠੇ ਹਨ। ਜੇਕਰ ਬਿਜਲੀ ਸਪਲਾਈ ਜਲਦੀ ਬਹਾਲ ਨਾ ਕੀਤੀ ਗਈ ਤਾਂ ਬਿਜਾਈ ਦੇ ਕੰਮ ਹੋਰ ਪ੍ਰਭਾਵਿਤ ਹੋ ਸਕਦੇ ਹਨ। ਸਿੰਘਪੁਰਾ ਦੇ ਸਾਬਕਾ ਸਰਪੰਚ ਪ੍ਰਤੀਨਿਧੀ ਨਿਸ਼ਾਨ ਸਿੰਘ ਨੇ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਖੇਤਾਂ ਨੂੰ ਪਾਣੀ ਸਪਲਾਈ ਕਰਨ ਲਈ ਕਾਲਾਂਵਾਲੀ ਮੰਡੀ ਤੋਂ ਜਨਰੇਟਰ ਕਿਰਾਏ ‘ਤੇ ਲੈਣੇ ਪੈ ਰਹੇ ਹਨ। ਇਸ ਨਾਲ ਖੇਤੀ ਦੀ ਲਾਗਤ ਲਗਾਤਾਰ ਵੱਧ ਰਹੀ ਹੈ ਅਤੇ ਕਿਸਾਨਾਂ ‘ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਵਿੱਚ ਵਿਘਨ ਦਾ ਪਾਣੀ ਦੀ ਸਪਲਾਈ ‘ਤੇ ਵੀ ਅਸਰ ਪੈ ਰਿਹਾ ਹੈ। ਕਿਸਾਨ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਕੁਰੰਗਾਂਵਾਲੀ ਬਿਜਲੀਘਰ ਨੂੰ ਦਾਦੂ ਬਿਜਲੀਘਰ ਨਾਲ ਜੋੜਨ ਵਾਲੇ ਕਈ ਬਿਜਲੀ ਦੇ ਖੰਭੇ ਟੁੱਟ ਗਏ ਸਨ। ਇਸ ਨਾਲ ਬਿਜਲੀ ਸਪਲਾਈ ਵਿੱਚ ਵਿਘਨ ਪਿਆ, ਜਿਸ ਤੋਂ ਬਾਅਦ ਅੱਜ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋਈ ਹੈ। ਸੰਪਰਕ ਕਰਨ ‘ਤੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਟਾਫ਼ ਦੀ ਘਾਟ ਹੈ, ਜਿਸ ਕਾਰਨ ਸਮੱਸਿਆ ਆ ਰਹੀ ਹੈ। ਇਸ ਧਰਨੇ ਦੀ ਸੂਚਨਾ ਮਿਲਣ ‘ਤੇ ਕਾਲਾਂਵਾਲੀ ਦੇ ਥਾਣਾ ਇੰਚਾਰਜ ਦੇਵੀ ਲਾਲ ਆਪਣੀ ਟੀਮ ਨਾਲ ਪਹੁੰਚੇ ਅਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਪਣੀ ਮੰਗ ‘ਤੇ ਅੜੇ ਰਹੇ ਕਿ ਉਨ੍ਹਾਂ ਦੀ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾਵੇ। ਬਿਜਲੀ ਨਿਗਮ ਦੇ ਐਸਡੀਓ ਵਿਕਰਮਜੀਤ ਨੇ ਦੱਸਿਆ ਕਿ ਨਿਗਮ ਦੇ ਕਰਮਚਾਰੀ ਕੁਰੰਗਾਂਵਾਲੀ ਬਿਜਲੀਘਰ ਤੋਂ ਦਾਦੂ ਬਿਜਲੀਘਰ ਨੂੰ ਜਾਣ ਵਾਲੀ ਬਿਜਲੀ ਸਪਲਾਈ ਲਾਈਨ ਦੀ ਮੁਰੰਮਤ ਦਾ ਕੰਮ ਕਰ ਰਹੇ ਹਨ, ਜਲਦੀ ਹੀ ਲਾਈਨ ਦੀ ਮੁਰੰਮਤ ਕਰਕੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਜੱਗਾ ਸਿੰਘ, ਰਮਨਦੀਪ ਸਿੰਘ, ਮੇਜਰ ਸਿੰਘ, ਜਗਜੀਤ ਸਿੰਘ, ਲਛਮਣ ਸਿੰਘ, ਅਜਮੇਰ ਸਿੰਘ, ਜਗਤਾਰ ਸਿੰਘ, ਮਿੰਟੂ ਸਿੰਘ ਜੋਗੇਵਾਲਾ, ਜਗਦੇਵ ਸਿੰਘ ਰਾਮਪੁਰਾ ਢਾਣੀ, ਨਿੱਕਾ ਸਿੰਘ, ਨੱਥੂ ਸਿੰਘ, ਬਿੰਦਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਰੇਲਵੇ ਓਵਰਬ੍ਰਿਜ ਨਿਰਮਾਣ ਕਾਰਨ ਜਾਖਲ ਮੰਡੀ ਦਾ ਸੰਪਰਕ ਟੁੱਟਿਆ, ਰੋਸ ਵਜੋਂ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ‘ਲ਼ਹੂ ਭਿੱਜੇ’ ਇਤਿਹਾਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ - ਜੱਸੀ ਮੰਨਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।