02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ: ਇੰਦਰਜੀਤ ਸਿੰਘ ਭੱਟੀ - ਕੌਮੀ ਸਵੈ-ਇੱਛਤ ਖ਼ੂਨਦਾਨ ਦਿਵਸ- 118 ਕਿਲੋ ਦਾ ‘ਮੋਟੂ’ ਬਣਿਆ 110 ਵਾਰ ਦਾ ਮਹਾਂਦਾਨੀ ਤੀਹ ਵਰ੍ਹਿਆਂ ਤੋਂ ਮਠਿਆਈ ਤੇ ਕੋਲਡ ਡਰਿੰਕ ਤੋਂ ਵੱਟਿਆ ਹੋਇਆ ਪਾਸਾ

ਡੱਬਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਨਿਆਣਪੁਣੇ ‘ਚ ਕੈਂਪਾਂ ‘ਚੋਂ ਸੇਬ-ਕੇਲੇ ਖਾਣ ਦੇ ਝੱਸ ਪਿੱਛੇ ਖ਼ੂਨਦਾਨ ਕਰਨ ਤੁਰ ਪੈਣ ਵਾਲਾ 118 ਕਿੱਲੋ ਵਜ਼ਨੀ ‘ਮੋਟੂ’, ਅੱਜ 110 ਵਾਰ ਖ਼ੂਨਦਾਨ ਕਰ ਕੇ ਜਿਊਂਦੀਆਂ ਜਾਨਾਂ ਦਾ ਰਾਖਾ ਬਣ ਚੁੱਕਾ ਹੈ। ਪੇਸ਼ੇ ਵਜੋਂ ਹਰਿਆਣਾ ਦੇ ਸਰਕਾਰੀ ਸਕੂਲ ਦਾ ਇਹ ਮਾਸਟਰ ਡਾ.

ਸ: ਇੰਦਰਜੀਤ ਸਿੰਘ ਭੱਟੀ 02-10-2026
ਡੱਬਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਨਿਆਣਪੁਣੇ ‘ਚ ਕੈਂਪਾਂ ‘ਚੋਂ ਸੇਬ-ਕੇਲੇ ਖਾਣ ਦੇ ਝੱਸ ਪਿੱਛੇ ਖ਼ੂਨਦਾਨ ਕਰਨ ਤੁਰ ਪੈਣ ਵਾਲਾ 118 ਕਿੱਲੋ ਵਜ਼ਨੀ ‘ਮੋਟੂ’, ਅੱਜ 110 ਵਾਰ ਖ਼ੂਨਦਾਨ ਕਰ ਕੇ ਜਿਊਂਦੀਆਂ ਜਾਨਾਂ ਦਾ ਰਾਖਾ ਬਣ ਚੁੱਕਾ ਹੈ। ਪੇਸ਼ੇ ਵਜੋਂ ਹਰਿਆਣਾ ਦੇ ਸਰਕਾਰੀ ਸਕੂਲ ਦਾ ਇਹ ਮਾਸਟਰ ਡਾ. ਨਵੀਨ ਨਾਗਪਾਲ ਅੱਜ ਖ਼ਿੱਤੇ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਵੱਲੋਂ ਲਾਈ ਚੇਟਕ ਨੇ ਅਜਿਹਾ ਰੰਗ ਬੰਨ੍ਹਿਆ ਕਿ ਖੇਤਰ ਦੇ 700 ਤੋਂ ਵੱਧ ਗੱਭਰੂ ਹੁਣ ਲਗਾਤਾਰ ਖ਼ੂਨਦਾਨੀ ਹਨ। ਡਾ. ਨਾਗਪਾਲ ਦਾ ਇਸ ਇਹ ਸਫ਼ਰ ਦਾ ਆਪਣਾ ਵਿਲੱਖਣ ਫਲਸਫਾ ਹੈ। ਕਦੇ ਖ਼ੂਨਦਾਨ ਕਰਨੋਂ ਰੋਕਣ ‘ਤੇ ਇਹ ਸ਼ਖ਼ਸ ਆਪਣੀ ਹੀ ਦਾਦੀ ਖਿਲਾਫ਼ ਪਰਚਾ ਦਰਜ ਕਰਵਾਉਣ ਥਾਣੇ ਜਾ ਪੁੱਜਿਆ ਸੀ। ਇਸ ਖ਼ੂਨਦਾਨੀ ਦੇ ਅਹਿਦ ਪਿੱਛੇ ਮਾਂ ਦੇ ਦਰਦ ਨਾਲ ਜੁੜੀ ਇੱਕ ਡੂੰਘੀ ਦਾਸਤਾਨ ਵੀ ਲੁਕੀ ਹੋਈ ਹੈ। ਬਚਪਨ ‘ਚ ਜਦੋਂ ਨਵੀਨ ਕੋਈ ਸ਼ਰਾਰਤ ਕਰਦਾ ਤਾਂ ਮਾਂ ਰਾਜਰਾਣੀ ਹੱਸ ਕੇ ਮਿਹਣਾ ਮਾਰਦੀ, ‘ਤੂੰ ਬਚ ਗਿਆ ਰੱਬ ਸਬੱਬੀਂ, ਤਾਹੀਓਂ ਅੱਜ ਸਾਡਾ ਮਗਜ਼ ਖਾਨੈ!’ ਵੱਡਾ ਹੋ ਕੇ ਜਦੋਂ ਉਸ ਨੇ ਮਾਂ ਤੋਂ ਇਸ ਮਿਹਣੇ ਦਾ ਰਾਜ਼ ਪੁੱਛਿਆ ਤਾਂ ਪਰਤਾਂ ਖੁੱਲ੍ਹੀਆਂ। ਮਾਂ ਨੇ ਦੱਸਿਆ ਕਿ 30 ਅਪ੍ਰੈਲ 1973 ਨੂੰ ਫ਼ਿਰੋਜ਼ਪੁਰ ਦੇ ਮਿਸ਼ਨ ਹਸਪਤਾਲ ‘ਚ ਉਸ ਦੇ ਜਨਮ ਵੱਡੇ ਆਪਰੇਸ਼ਨ ਵੇਲੇ ਮਾਂ-ਪੁੱਤ ਦੋਹਾਂ ਦੇ ਸਾਹ ਸੂਲੀ ‘ਤੇ ਟੰਗੇ ਹੋਏ ਸਨ। ਉਦੋਂ ਕਿਸੇ ਅਣਪਛਾਤੇ ਦਾਨੀ ਨੇ ਖ਼ੂਨਦਾਨ ਕਰਕੇ ਦੋਹਾਂ ਦੀਆਂ ਜਾਨਾਂ ਬਚਾਈਆਂ ਸਨ। ਮਾਂ ਨੇ ਉਸ ਤੋਂ ਬਚਨ ਲਿਆ ਕਿ ਜਦੋਂ ਵੀ ਕਿਸੇ ਲੋੜਵੰਦ ਦੀ ਜਾਨ ਮੁਸੀਬਤ ‘ਚ ਹੋਵੇ, ਖ਼ੂਨ ਦੇਣੋਂ ਪੈਰ ਪਿੱਛੇ ਨਹੀਂ ਖਿੱਚਣਾ। ਮਾਂ ਦੇ ਓਸੇ ਬੋਲ ਨੇ ਨਵੀਨ ਦੇ ਪੈਰ ਇਸ ਪਿੜ ਵੱਲ ਤੋਰ ਦਿੱਤੇ। ਅੱਜ ਉਸ ਦਾ ਨਾਂਅ ‘ਨੈਸ਼ਨਲ ਬੁੱਕ ਆਫ਼ ਰਿਕਾਰਡਜ਼’ ਵਿੱਚ ਦਰਜ ਹੈ ਤੇ ਝੋਲੀ ਵਿੱਚ ਦੋ ਆਨਰੇਰੀ ਡਾਕਟਰੇਟਾਂ ਸਮੇਤ ਅਣਗਿਣਤ ਕੌਮੀ ਤੇ ਸੂਬਾਈ ਸਨਮਾਨ ਹਨ।ਨਵੀਨ ਨਾਗਪਾਲ ਪੁਰਾਣੇ ਦਿਨ ਚੇਤੇ ਕਰਦਾ ਦੱਸਦਾ ਹੈ ਕਿ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਉਸ ਦਾ ਭਾਰ ਕੁਇੰਟਲ ਟੱਪ ਕੇ 118 ਕਿਲੋ ਹੋ ਗਿਆ ਸੀ। ਯਾਰ-ਬੇਲੀ ਉਸ ਨੂੰ ‘ਮੋਟੂ-ਮੋਟੂ’ ਕਹਿ ਕੇ ਛੇੜਦੇ ਸਨ। ਪਹਿਲੀ ਵਾਰ ਕੈਂਪ ‘ਚ ਵੀ ਤਾਂ ਗਿਆ ਸੀ ਕਿ ਯਾਰਾ-ਮਿੱਤਰਾਂ ਨੇ ਆਖਿਆ ਕਿ ਖ਼ੂਨ ਦੇਣ ਮਗਰੋਂ ਸੇਬ, ਕੇਲੇ ਤੇ ਬਰਫ਼ੀ ਰੱਜ ਕੇ ਮਿਲਦੀ ਹੈ। ਜਦੋਂ ਪਹਿਲੀ ਵਾਰ ਖ਼ੂਨਦਾਨ ਕਰਨ ਪਿੱਛੋਂ ਪਤਾ ਲੱਗਿਆ ਕਿ ਉਸ ਦੇ ਖ਼ੂਨ ਨੇ ਇੱਕ ਜਣੇਪੇ ਵਾਲੀ ਔਰਤ ਤੇ ਉਸ ਦੇ ਦੁੱਧ-ਪੀਂਦੇ ਬੱਚੇ ਦੀ ਜ਼ਿੰਦਗੀ ਬਚਾ ਦਿੱਤੀ ਹੈ ਤਾਂ ਕੇਲੇ, ਸੇਬਾਂ ਤੇ ਬਰਫ਼ੀ ਦਾ ਸਵਾਦ ਭੁੱਲ ਗਿਆ ਅਤੇ ਖ਼ੂਨਦਾਨ ਜ਼ਿੰਦਗੀ ਦਾ ਟੀਚਾ ਬਣ ਗਿਆ। ਨਾਗਪਾਲ ਦਾ ਕਹਿਣਾ ਹੈ ਕਿ ਖ਼ੂਨ ਕਿਸੇ ਕਾਰਖਾਨੇ ਜਾਂ ਮਿੱਲ ਦੀ ਮਸ਼ੀਨ ‘ਚੋਂ ਨਹੀਂ ਮਿਲਦਾ, ਇਹ ਤਾਂ ਬੰਦੇ ਦੇ ਸੀਨੇ ‘ਚੋਂ ਹੀ ਦੂਜੇ ਬੰਦੇ ਦੀ ਨਾੜ ਤੱਕ ਪਹੁੰਚ ਸਕਦਾ ਹੈ। ਖ਼ੂਨਦਾਨ ਦਾ ਸਿਲਸਿਲਾ ਜਾਰੀ ਰੱਖਣ ਲਈ ਉਸ ਨੇ ਆਪਣੀ ਰਹਿਣੀ-ਬਹਿਣੀ ਹੀ ਬਦਲ ਦਿੱਤੀ। ਪਿਛਲੇ ਤੀਹ ਵਰ੍ਹਿਆਂ ਤੋਂ ਉਸ ਨੇ ਕੋਲਡ ਡਰਿੰਕ, ਮਿਠਾਈਆਂ ਤੇ ਪਕੌੜੇ-ਸਮੋਸਿਆਂ ਵੱਲ ਤੱਕਿਆ ਤੱਕ ਨਹੀਂ। ਉਹ ਐਤਵਾਰ ਨੂੰ ਘਰ ਦੀ ਦੇਸੀ ਘਿਓ ਵਾਲੀ ਗੁੜ ਦੀ ਰਿਵਾਇਤੀ ਚੂਰੀ ਨਾਲ ਹੀ ਮੂੰਹ ਮਿੱਠਾ ਕਰਦਾ ਹੈ। ਸਵੇਰ ਦੀ ਸੈਰ, ਕਸਰਤ ਤੇ ਸਾਦੇ ਖ਼ੁਰਾਕੀ ਨੇਮਾਂ ਸਿਰ ਹੀ ਉਸ ਨੇ ਆਪਣਾ ਜੁੱਸਾ ਕਾਇਮ ਰੱਖਿਆ ਹੋਇਆ ਹੈ। ਜਵਾਨੀ ਵੇਲੇ ਫ਼ੌਜ ਵਜੋਂ ਸਰਹੱਦਾਂ ‘ਤੇ ਲੜਨ ਦੀ ਰੀਝ ਤਾਂ ਪੂਰੀ ਨਾ ਹੋ ਸਕੀ ਪਰ ਉਸ ਨੇ ਹੁਣ ‘ਆਰਗਨ ਇੰਡੀਆ’ ਕੋਲ ਮਰਨ ਉਪਰੰਤ ਪੂਰਾ ਸਰੀਰ ਦਾਨ ਕਰਨ ਦਾ ਫ਼ਾਰਮ ਭਰ ਕੇ ਇਹ ਕਸਰ ਵੀ ਕੱਢ ਦਿੱਤੀ ਹੈ। ਡਾ. ਨਵੀਨ ਨਾਗਪਾਲ ਨੇ ਹੁਣ 65 ਵਰ੍ਹਿਆਂ ਦੀ ਉਮਰ ਤੱਕ ਘੱਟੋ-ਘੱਟ 151 ਵਾਰ ਖ਼ੂਨਦਾਨ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।
ਪਿਛਲੀ ਖ਼ਬਰ ਜਦੋਂ ਦਾਦੀ ਖ਼ਿਲਾਫ਼ ਹੀ ਰਿਪੋਰਟ ਲਿਖਵਾਉਣ ਥਾਣੇ ਪੁੱਜਿਆ ਅਗਲੀ ਖ਼ਬਰ ਦਾਮਲਾ ਪੋਲੀਟੈਕਨਿਕ ਦੀ ਐਨ. ਐਸ. ਐਸ. ਯੂਨਿਟ ਨੇ ਗਊ ਸੇਵਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।