14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਡਿਪਟੀ ਕਮਿਸ਼ਨਰ ਵਲੋਂ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸੰਬੰਧੀ ਪੜਤਾਲ ਲਈ ਕਮੇਟੀ ਦਾ ਗਠਨ

ਅਜੀਤ ਡੈਸਕ 19-02-2026
ਜਲੰਧਰ, 18 ਫਰਵਰੀ (ਚੰਦੀਪ ਭੱਲਾ)- ਜਨਹਿਤ ਤੇ ਲੋਕ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸ਼ਹਿਰ ਵਿਚ ਬਣੇ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸੰਬੰਧੀ ਤੱਥਾਂ ਦੀ ਵਿਸਥਾਰਪੂਰਵਕ ਪੜਤਾਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ | ਫਲਾਈਓਵਰ ਦੀ ਬਣਤਰ ਅਤੇ ਡਿਜ਼ਾਈਨ ਵਿਚ ਕੁੱਝ ਊਣਤਾਈਆਂ ਕਰ ਕੇ ਆਵਾਜਾਈ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀ ਅਸੁਵਿਧਾ ਅਤੇ ਪ੍ਰੇਸ਼ਾਨੀ ਦਾ ਮਾਮਲਾ ਧਿਆਨ ਵਿਚ ਆਉਣ ਉਪਰੰਤ ਇਹ ਕਾਰਵਾਈ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਤੇ ਤਕਨੀਕੀ ਜਾਂਚ ਲਈ ਮੁੱਖ ਮੰਤਰੀ ਖੇਤਰੀ ਅਫ਼ਸਰ, ਜਲੰਧਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ | ਕਮੇਟੀ ਵਿਚ ਐੱਸ.ਈ. ਨਗਰ ਨਿਗਮ, ਜਲੰਧਰ ਤੇ ਵਧੀਕ ਐੱਸ.ਈ. ਪੀ.ਐੱਸ.ਪੀ.ਸੀ.ਐਲ., ਜਲੰਧਰ ਕੈਂਟ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਉਸਾਰੀ ਤੇ ਡਿਜ਼ਾਈਨ ਸਬੰਧੀ ਸਾਰੇ ਤਕਨੀਕੀ ਪੱਖਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ | ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੌਕੇ ਦੀ ਵਿਸਥਾਰਪੂਰਵਕ ਜਾਂਚ ਕਰਕੇ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸੰਬੰਧੀ ਸਾਰੇ ਤਕਨੀਕੀ ਤੇ ਪ੍ਰਸ਼ਾਸਕੀ ਪੱਖਾਂ ਦੀ ਤਸਦੀਕ ਕੀਤੀ ਜਾਵੇ ਤੇ ਜੇਕਰ ਕੋਈ ਲਾਪਰਵਾਹੀ ਜਾਂ ਮਾਪਦੰਡਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਬਾਰੇ ਸਪਸ਼ਟ ਸਿਫ਼ਾਰਸ਼ਾਂ ਸਮੇਤ ਰਿਪੋਰਟ 15 ਦਿਨਾਂ ਦੇ ਅੰਦਰ ਪੇਸ਼ ਕਰਨੀ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਪਿਛਲੀ ਖ਼ਬਰ 31 ਮਾਰਚ ਤੱਕ ਵਸੂਲੀ ਟੀਚੇ ਪੂਰੇ ਕਰਨ ਲਈ ਨਗਰ ਨਿਗਮ ਕਰੇਗਾ ਹੋਰ ਸਖ਼ਤੀ ਅਗਲੀ ਖ਼ਬਰ ਜ਼ਮੀਨਾਂ 'ਤੇ ਰਹਿੰਦੇ ਨਾਜਾਇਜ਼ ਕਬਜ਼ੇ ਵੀ ਹਟਾਏਗਾ ਇੰਪਰੂਵਮੈਂਟ ਟਰੱਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।