03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਵਿਰੁੱਧ ਵਿੱਢੀ ਜੰਗ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਦੀ ਕਨਵੈਨਸ਼ਨ ਤੇ ਰੋਸ ਮਾਰਚ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਐੱਮ.ਐੱਸ. ਲੋਹੀਆ)-ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੀ. ਪੀ.ਆਈ., ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.), ਸੀ. ਪੀ. ਆਈ. (ਐੱਮ.ਐੱਲ.) ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ, ਐੱਮ.ਸੀ.ਪੀ.ਆਈ. (ਯੂ) ਵਲੋਂ 'ਦੇਸ਼ ਭਗਤ ਯਾਦਗਾਰ ਹਾਲ ਜਲੰਧਰ' ਵਿਖੇ ਪ੍ਰਭਾਵਸ਼ਾਲੀ ਜੰਗ ਵਿਰੋਧੀ ਕਨਵੈਨਸ਼ਨ ਤੇ ਰੋਸ ਮਾਰਚ ਕਰਦੇ ਹੋਏ, ਸਥਾਈ ਜੰਗਬੰਦੀ ਕਰਕੇ ਸੰਸਾਰ 'ਚ ਅਮਨ ਕਾਇਮ ਕਰਨ ਦੀ ਮੰਗ ਕੀਤੀ ਹੈ | ਇਸ ਸਾਂਝੀ ਸੁਬਾਈ ਕਨਵੈਨਸ਼ਨ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪਿ੍ਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫ਼ੀਪੁਰ ਨੇ ਕੀਤੀ | ਮੰਚ ਸੰਚਾਲਕ ਦੇ ਫ਼ਰਜ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਅਦਾ ਕੀਤੇ | ਕਨਵੈਨਸ਼ਨ 'ਚ ਮੰਗਤ ਰਾਮ ਪਾਸਲਾ, ਨਿਰਮਲ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਧਾੜਵੀ ਟਰੰਪ ਤੇ ਉਸ ਦੇ ਸਾਥੀ ਨੇਤਨਯਾਹੂ ਨੇ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਦੀ ਲਾਲਸਾ ਅਧੀਨ ਤੇ ਆਪਣੇ ਪਸਾਰਵਾਦੀ ਮਨਸੂਬੇ ਪੂਰੇ ਕਰਨ ਲਈ ਛੇੜੀ ਹੈ | ਉਨ੍ਹਾਂ ਕਿਹਾ ਕਿ ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ, ਸੰਸਾਰ ਅਮਨ ਲਈ ਗੰਭੀਰ ਖ਼ਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ 'ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ | ਬੁਲਾਰਿਆਂ ਨੇ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖ਼ਾਸ ਕਰਕੇ ਕਿਰਤੀ ਵਰਗ ਨੂੰ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ ਹੈ | ਸਮਾਪਤੀ 'ਤੇ ਹੱਥਾਂ 'ਚ ਲਾਲ ਝੰਡੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਲੈ ਕੇ ਰੋਹ ਭਰਪੂਰ ਮਾਰਚ ਵੀ ਕੀਤਾ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਔਲਖ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।