ਨੂਰਮਹਿਲ 29 ਅਪ੍ਰੈਲ (ਤਜਿੰਦਰ ਕੁਮਾਰ)-ਨੂਰਮਹਿਲ ਸਬ ਤਹਿਸੀਲ ਵਿਚ ਅੱਜ ਉਸ ਸਮੇਂ ਹਲਚਲ ਮੱਚ ਗਈ ਜਦ ਇੱਕ ਨੌਜਵਾਨ ਨੇ ਡਿਊਟੀ 'ਤੇ ਦਫ਼ਤਰ ਵਿੱਚ ਮੌਜੂਦ ਪਟਵਾਰੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਦ ਇਸ ਸੰਬੰਧੀ ਗੁਰਦੀਪ ਲਾਲ ਸਬ ਤਹਿਸੀਲਦਾਰ ਨੂਰਮਹਿਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਟਵਾਰੀ ਗੁਰਵਿੰਦਰ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਤਲਵਣ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਜਿਸ ਕੋਲ ਫਰਵਾਲਾ ਜ਼ੋਨ ਚਾਰਜ ਹੈ | ਇੱਕ ਨੌਜਵਾਨ ਉਸ ਕੋਲ ਕੋਈ ਕੰਮ ਕਰਵਾਉਣ ਲਈ ਆਇਆ ਤਾਂ ਉਸ ਵਿਅਕਤੀ ਨੇ ਬਿਨਾਂ ਕੁਝ ਪੁੱਛੇ ਪਟਵਾਰੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉੱਥੇ ਮੌਜੂਦ ਕਾਨੂੰਗੋ ਦਵਿੰਦਰ ਮਾਨ ਨੇ ਦੱਸਿਆ ਕਿ ਕੋਈ ਵੀ ਗੱਲ ਨਹੀਂ ਹੋਈ, ਸਾਨੂੰ ਤਾਂ ਪਤਾ ਨਹੀਂ ਕਿ ਇਸ ਨੌਜਵਾਨ ਵਲੋਂ ਕਿਉਂ ਕੁੱਟਮਾਰ ਕੀਤੀ ਗਈ | ਉੱਥੇ ਮੌਜੂਦ ਲੋਕਾਂ ਵਲੋਂ ਉਸ ਨੌਜਵਾਨ ਕੋਲੋਂ ਪਟਵਾਰੀ ਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ ਗਿਆ ਅਤੇ ਤੁਰੰਤ ਨੂਰਮਹਿਲ ਪੁਲਿਸ ਨੂੰ ਸੂਚਨਾ ਦਿੱਤੀ ਗਈ | ਪੁਲਿਸ ਨੇ ਤੁਰੰਤ ਤਹਿਸੀਲ 'ਚ ਪਹੁੰਚ ਕੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ | ਜਦ ਇਸ ਸੰਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਟਵਾਰੀ ਗੁਰਵਿੰਦਰ ਸਿੰਘ ਜੋ ਆਪਣੇ ਬਿਆਨ ਲਿਖਵਾਉਂਦੇ ਹਨ ਉਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਕੁੱਟਮਾਰ ਕਰਨ ਵਾਲੇ ਨੌਜਵਾਨ ਦੀ ਪਹਿਚਾਨ ਅੰਮਿ੍ਤ ਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਫਰਵਾਲਾ ਥਾਣਾ ਬਿਲਗਾ ਜਿਲਾ ਜਲੰਧਰ ਵਜੋਂ ਹੋਈ ਹੈ |