21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਲੰਧਰ ਛਾਉਣੀ ਹਲਕੇ ਦੇ ਲੋਕਾਂ ਲਈ ਸਿਰਦਰਦੀ ਬਣਿਆ ਪੰਜਾਬ ਸਰਕਾਰ ਦਾ ਵਿਕਾਸ ਸਾਲ ਭਰ ਤੋਂ ਸੜਕਾਂ 'ਤੇ ਪਾਏ ਪੱਥਰਾਂ ਕਾਰਨ ਲੰਘਣਾ ਹੋਇਆ ਔਖਾ, ਇਲਾਕੇ ਦੇ ਲੋਕਾਂ ਵਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ

ਅਜੀਤ ਡੈਸਕ 11-05-2026
ਜਲੰਧਰ, 10 ਮਈ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਸੰਬੰਧੀ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿਛਲੇ ਕਰੀਬ ਇਕ ਸਾਲ ਤੋਂ ਪੰਜਾਬ ਸਰਕਾਰ ਦਾ ਵਿਕਾਸ ਜਲੰਧਰ ਛਾਉਣੀ ਹਲਕੇ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਵੈਸੇ ਤਾਂ ਛਾਉਣੀ ਹਲਕੇ ਦੀਆਂ ਸੜਕਾਂ ਕਰੀਬ ਇਕ ਦਹਾਕੇ ਤੋਂ ਬਹੁਤ ਹੀ ਤਰਸਯੋਗ ਹਾਲਤ ਵਿਚ ਸਨ ਪਰ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਇਨ੍ਹਾਂ ਨੂੰ ਪੁੱਟ ਕੇ ਇੱਥੇ ਪੱਥਰ ਤਾਂ ਪਾ ਦਿੱਤੇ ਗਏ ਪਰ ਲੁੱਕ ਅਜੇ ਤੱਕ ਨਹੀਂ ਪਾਈ ਗਈ, ਜਿਸ ਕਾਰਨ ਸੜਕਾਂ 'ਤੇ ਪਾਏ ਗਏ ਇਹ ਪੱਥਰ ਲੋਕਾਂ ਲਈ ਲਗਾਤਾਰ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ | ਇਨ੍ਹਾਂ ਪੱਥਰਾਂ ਉੱਪਰੋਂ ਦੀ ਗੱਡੀਆਂ-ਮੋਟਰਾਂ ਦਾ ਤਾਂ ਕੀ ਪੈਦਲ ਲੰਘਣਾ ਵੀ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ | ਆਏ ਦਿਨ ਇਨ੍ਹਾਂ ਪੱਥਰਾਂ ਉੱਪਰੋਂ ਦੀ ਲੰਘਣ ਵਾਲੇ ਵਾਹਨਾਂ ਦੇ ਟਾਇਰ ਫੱਟ ਰਹੇ ਹਨ ਤੇ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਖਾਸ ਕਰਕੇ ਜਲੰਧਰ ਛਾਉਣੀ ਹਲਕੇ ਦੇ ਪਿੰਡਾਂ ਬੰਬੀਆਂਵਾਲ, ਅਲੀਪੁਰ, ਕੁੱਕੜ ਪਿੰਡ, ਕੋਟ ਕਲਾਂ, ਕੋਟ ਖੁਰਦ, ਚਿੱਤੇਵਾਣੀ, ਖੇੜਾ, ਜਮਸ਼ੇਰ ਤੇ ਹੋਰਨਾਂ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਏਨਾ ਬੁਰਾ ਹਾਲ ਹੈ ਇਨ੍ਹਾਂ ਉੱਪਰੋਂ ਦੀ ਲੰਘਣਾ ਕਿਸੇ ਵੀ ਤਰ੍ਹਾਂ ਖਤਰੇ ਤੋਂ ਖਾਲੀ ਨਹੀਂ ਹੈ | ਇਨ੍ਹਾਂ ਸੜਕਾਂ 'ਤੇ ਪਾਏ ਗਏ ਪੱਥਰ ਗੱਡੀਆਂ ਕਾਰਨ ਏਨੇ ਤਿੱਖੇ ਤੇ ਖਤਰਨਾਕ ਹੋ ਚੁੱਕੇ ਹਨ ਕਿ ਰਾਹਗੀਰਾਂ ਦੇ ਇਹ ਗੋਲੀ ਤੋਂ ਵੀ ਜ਼ਿਆਦਾ ਜ਼ੋਰ ਦੀ ਵੱਜਦੇ ਹਨ, ਜਿਸ ਕਾਰਨ ਹੁਣ ਤੱਕ ਅਨੇਕਾਂ ਲੋਕਾਂ ਜ਼ਖਮੀ ਹੋ ਚੁੱਕੇ ਹਨ | ਹਾਲਾਂਕਿ ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਸਰਕਾਰੇ-ਦਰਬਾਰੇ ਆਵਾਜ਼ ਉਠਾਈ ਜਾਂਦੀ ਰਹੀ ਹੈ ਪਰ ਤਕਰੀਬਨ ਇਕ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੱਥਰਾਂ ਨੂੰ ਲੁੱਕ ਨਸੀਬ ਨਹੀਂ ਹੋਈ, ਜਿਸ ਕਾਰਨ ਹੁਣ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਗੁੱਸਾ ਉਬਾਲੇ ਖਾਣ ਲੱਗਾ ਹੈ | ਪਿਛਲੇ ਦਿਨੀਂ ਉੱਘੇ ਸਮਾਜ ਸੇਵਕ ਰਾਹੁਲ ਕੁਮਾਰ ਸਨਾਤਨੀ ਨੇ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉੱਥੋਂ ਦੀਆਂ ਸੜਕਾਂ ਦਾ ਮੁੱਦਾ ਸ਼ੋਸ਼ਲ ਮੀਡੀਆ 'ਤੇ ਉਠਾਇਆ ਤੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕਰਨ ਦਾ ਯਤਨ ਕੀਤਾ | ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਵਲੋਂ ਵੱਖ-ਵੱਖ ਪਿੰਡਾਂ 'ਚ ਸੜਕਾਂ ਬਣਾਉਣ ਸੰਬੰਧੀ ਪਿਛਲੇ ਸਾਲ ਅਗਸਤ-ਸਤੰਬਰ ਮਹੀਨੇ 'ਚ ਰੱਖੇ ਗਏ ਨੀਂਹ ਪੱਥਰ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਨੀਂਹ ਪੱਥਰ ਤਾਂ ਰੱਖ ਦਿੱਤੇ ਗਏ ਪਰ ਅੱਜ ਪੌਣਾ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵਲੋਂ ਇਕ ਇੰਚ ਸੜਕ 'ਤੇ ਵੀ ਲੁੱਕ ਤੱਕ ਨਹੀਂ ਪਵਾਈ ਗਈ, ਜਿਸ ਕਾਰਨ ਲੋਕ ਪੱਥਰਾਂ ਉੱਪਰੋਂ ਦੀ ਲੰਘਣ ਲਈ ਮਜ਼ਬੂਰ ਹੋ ਰਹੇ ਹਨ | ਇਸੇ ਤਰ੍ਹਾਂ ਕੁੱਕੜ ਪਿੰਡ 'ਚ ਵੀ ਕਿਸਾਨ ਆਗੂ ਸੁਖਵੀਰ ਸਿੰਘ ਬੀਰ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਪਿੰਡਾਂ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦੀਆਂ ਸੜਕਾਂ ਤੁੰਰਤ ਨਾ ਬਣਾਈਆਂ ਤਾਂ ਜਲਦ ਹੀ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਿਆ ਜਾਵੇਗਾ | ਇਸ ਸੰਬੰਧੀ ਗੱਲ ਕਰਦੇ ਹੋਏ ਕਿਸਾਨ ਆਗੂ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਨੇ ਦੱਸਿਆ ਕਿ ਕੁੱਕੜ ਪਿੰਡ ਤੋਂ ਕੋਟ ਖੁਰਦ, ਕੋਟ ਕਲਾਂ ਤੇ ਬੰਬੀਆਂਵਾਲ ਆਦਿ ਪਿੰਡਾਂ ਨੂੰ ਜਾਂਦੀਆਂ ਸੜਕਾਂ ਪਿਛਲੇ ਕਰੀਬ ਇਕ ਦਹਾਕੇ ਤੋਂ ਬੁਰੀ ਤਰ੍ਹਾਂ ਨਾਲ ਟੁੱਟੀਆਂ ਪਈਆਂ ਹਨ, ਜਿਨ੍ਹਾਂ ਵੱਲ ਸਰਕਾਰਾਂ ਨੇ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ | ਪਰ ਸਿੱਤਮਜ਼ਰੀਫੀ ਇਹ ਹੈ ਕਿ ਨਾਲ ਲੱਗਦੇ ਦਰਜਨਾਂ ਪਿੰਡਾਂ 'ਚ ਸਰਕਾਰ ਵਲੋਂ ਸੜਕਾਂ ਦੀ ਮੁਰੰਮਤ ਲਈ ਸੜਕਾਂ ਉੱਪਰ ਪੱਥਰ ਤਾਂ ਪਾ ਦਿੱਤੇ ਗਏ ਪਰ ਲੁੱਕ ਅਜੇ ਤੱਕ ਨਹੀਂ ਪਾਈ ਗਈ, ਜਿਸ ਕਾਰਨ ਸੜਕਾਂ ਉੱਪਰੋਂ ਦੀ ਲੋਕਾਂ ਦਾ ਲੰਘਣਾ ਬਹੁਤ ਹੀ ਮੁਸ਼ਕਿਲ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਜਸਕਰਨ ਸਿੰਘ ਬਾਹੀਆ, ਪਿ੍ੰਸ ਬਾਹੀਆ, ਕੁਲਦੀਪ ਸਿੰਘ ਕਾਕਾ, ਬਲਵਿੰਦਰ ਸਿੰਘ ਬਿੰਦਾ, ਗੁਰਿੰਦਰ ਸਿੰਘ ਗਿੰਦਾ ਤੇ ਕੁਲਵਿੰਦਰ ਸਿੰਘ ਕਿੰਦਰ ਵੀ ਮੌਜੂਦ ਸਨ | ਇਨ੍ਹਾਂ ਸਾਰੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਬਣਾਉਣ ਵੱਲ ਤੁਰੰਤ ਕੋਈ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ |
ਪਿਛਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ਵਿੱਚ 'ਮਦਰ ਡੇ' ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਚੁਨਮੁਨ ਚੌਕ ਵਿਖੇ ਆਪਸ ਵਿਚ ਟਕਰਾਈਆਂ ਦੋ ਕਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।