ਜਲੰਧਰ, 17 ਮਈ (ਜਤਿੰਦਰ ਪੰਮੀ)-ਅਵਤਾਰ ਨਗਰ ਦੀ 10 ਨੰਬਰ ਗਲੀ 'ਚ ਐਤਵਾਰ ਬਾਅਦ ਦੁਪਹਿਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ੇ ਦੀ ਹਾਲਤ 'ਚ ਕੁਝ ਨੌਜਵਾਨਾਂ ਵਿਚਾਲੇ ਲੜਾਈ ਹੋ ਗਈ ਅਤੇ ਇਸ ਦੌਰਾਨ ਇੱਕ ਨੌਜਵਾਨ ਛੋਟੀ ਬੱਚੀ ਉੱਪਰ ਜਾ ਡਿਗਿਆ | ਬੱਚੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਨਸ਼ੇੜੀ ਨੌਜਵਾਨ ਨੇ ਬੱਚੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕੀਤੀ | ਮੌਕੇ 'ਤੇ ਪੁੱਜੇ ਕੌਂਸਲਰ ਦੇ ਪਤੀ ਨੇ ਭਾਰਗੋ ਕੈਂਪ ਦੀ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਨੌਜਵਾਨ ਦੇ ਸਾਮਾਨ ਦੀ ਤਲਾਸ਼ੀ ਲੈਣ ਦੌਰਾਨ ਉਸ ਕੋਲੋਂ ਨਸ਼ਾ ਕਰਨ ਲਈ ਵਰਤਿਆ ਜਾਣ ਸਾਮਾਨ ਮਿਲਣ 'ਤੇ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ | ਮਿਲੀ ਜਾਣਕਾਰੀ ਅਨੁਸਾਰ ਐਤਵਾਰ ਕਰੀਬ 4 ਵਜੇ ਇਹ ਘਟਨਾ ਵਾਪਰੀ | ਦੋਸ਼ ਲਾਉਣ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਦੀ ਮਾਂ ਇਲਾਕੇ 'ਚ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਅਕਸਰ ਰੋਕਦੀ ਸੀ ਅਤੇ ਉਸ ਨੇ ਕੁਝ ਨੌਜਵਾਨਾਂ ਦੀ ਨਸ਼ਾ ਕਰਦਿਆਂ ਤੇ ਵੇਚਦਿਆਂ ਦੀ ਵੀਡੀਓ ਵੀ ਬਣਾਈ ਹੋਈ ਸੀ | ਪਰਿਵਾਰ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਕਾਰਨ ਅੱਜ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੱਚੀ ਉੱਪਰ ਜਾ ਡਿਗਿਆ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ | ਘਟਨਾ ਤੋਂ ਬਾਅਦ ਇਕੱਠੇ ਹੋਏ ਇਲਾਕਾ ਵਾਸੀਆਂ ਤੇ ਵਾਰਡ ਨੰਬਰ 47 ਦੀ ਕੌਂਸਲਰ ਦੇ ਪਤੀ ਅਮਨ ਨੇ ਮੌਕੇ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਬੁਲਾਇਆ | ਪੁਲਿਸ ਵੱਲੋਂ ਸੰਬੰਧਿਤ ਨੌਜਵਾਨ ਦੇ ਘਰ ਦੀ ਤਲਾਸ਼ੀ ਲਈ ਗਈ, ਜਿੱਥੋਂ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ | ਦੂਜੇ ਪਾਸੇ ਕਾਬੂ ਕੀਤੇ ਗਏ ਨੌਜਵਾਨ ਨੇ ਮੰਨਿਆ ਕਿ ਉਹ ਨਸ਼ਾ ਕਰਦਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਲਾਕੇ ਵਿੱਚ ਕਈ ਹੋਰ ਨੌਜਵਾਨ ਵੀ ਨਸ਼ਾ ਕਰਦੇ ਹਨ ਪਰ ਉਸ 'ਤੇ ਨਸ਼ਾ ਵੇਚਣ ਦੇ ਲਾਏ ਜਾ ਰਹੇ ਦੋਸ਼ ਗਲਤ ਹਨ | ਮੌਕੇ 'ਤੇ ਪੁੱਜੇ ਥਾਣਾ ਭਾਰਗੋ ਕੈਂਪ ਦੇ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਰਾਊਾਡਅੱਪ ਕੀਤਾ ਗਿਆ ਹੈ | ਉਸ ਦੀ ਤਲਾਸ਼ੀ ਦੌਰਾਨ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਕੁਝ ਸਾਮਾਨ ਬਰਾਮਦ ਹੋਇਆ ਹੈ | ਉਨ੍ਹਾਂ ਕਿਹਾ ਕਿ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਨੌਜਵਾਨ ਨਸ਼ਾ ਵੇਚਦਾ ਸੀ ਜਾਂ ਨਹੀਂ ਕਿਉਂਕਿ ਇਹ ਜਾਂਚ ਦਾ ਹਿੱਸਾ ਹੈ | ਉੱਥੇ ਹੀ ਮੁਹੱਲਾ ਵਾਸੀਆਂ ਤੇ ਕੌਂਸਲਰ ਦੇ ਪਤੀ ਅਮਨ ਵੱਲੋਂ ਥਾਣਾ ਭਾਰਗੋ ਕੈਂਪ ਦੇ ਐੱਸਐੱਚਓ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਹੈ ਕਿ ਇਲਾਕੇ 'ਚ ਟੀਕਿਆਂ ਰਾਹੀਂ ਨਸ਼ਾ ਕਰਨ ਵਾਲਿਆਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਲਾਕਾ ਵਾਸੀਆਂ ਤੇ ਕੌਂਸਲਰ ਦੇ ਪਤੀ ਵਲੋਂ ਸ਼ਿਕਾਇਤ ਮਿਲੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ |
ਨਸ਼ਾ ਕਰਨ ਵਾਲੇ ਨੌਜਵਾਨ ਨੇ ਬੱਚੀ ਨਾਲ ਕੀਤੀ ਛੇੜਛਾੜ, ਪੁਲਿਸ ਨੇ ਲਿਆ ਹਿਰਾਸਤ 'ਚ <br/>
ਅਜੀਤ ਡੈਸਕ
18-05-2026