05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਲੱਖਾਂ ਦਾ ਖ਼ਰਚਾ ਕਰਨ ਦੇ ਬਾਵਜੂਦ ਬੰਦ ਰਹਿੰਦੀਆਂ ਹਜ਼ਾਰਾਂ ਸਟਰੀਟ ਲਾਈਟਾਂ

ਅਜੀਤ ਡੈਸਕ 05-06-2026
ਜਲੰਧਰ, 4 ਜੂਨ (ਸ਼ਿਵ)-ਨਗਰ ਨਿਗਮ ਵਲੋਂ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਵਾਲੀ ਕੰਪਨੀ ਨੂੰ ਹਰ ਮਹੀਨੇ ਚਾਹੇ ਇਸ ਦੀ ਲੱਖਾਂ ਰੁਪਏ ਦੇ ਕਰੀਬ ਫ਼ੀਸ ਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਥਾਵਾਂ 'ਤੇ ਲਾਈਟਾਂ ਬੰਦ ਹੋਣ ਨਾਲ ਲੋਕਾਂ ਦਾ ਲੰਘਣਾ ਔਖਾ ਹੋ ਰਿਹਾ ਹੈ ਕਿਉਂਕਿ ਉਨਾਂ ਇਲਾਕਿਆਂ ਵਿਚ ਲੁੱਟ ਖੋਹਾਂ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਸ਼ਹਿਰ ਵਿਚ ਲਾਈਟਾਂ ਬੰਦ ਹੋਣ ਵਾਲੇ ਕਈ ਇਲਾਕੇ ਹਨ ਜਦਕਿ ਇਨ੍ਹਾਂ ਵਿਚ ਮੁੱਖ ਤੌਰ 'ਤੇ ਗਾਖਲਾਂ ਰੋਡ ਤੇ ਮਾਸਟਰ ਗੁਰਬੰਤਾ ਸਿੰਘ ਮਾਰਗ (ਨਹਿਰ ਦੇ ਨਾਲ ਵਾਲੀ ਸੜਕ) ਵੀ ਸ਼ਾਮਿਲ ਹਨ, ਜਿਸ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਰਾਤ ਨੂੰ ਇਸ ਰਸਤੇ 'ਤੇ ਹਨੇਰਾ ਪਸਰ ਜਾਂਦਾ ਹੈ ਤਾਂ ਕਈ ਲੋਕ ਤਾਂ ਡਰਦਿਆਂ ਇਨ੍ਹਾਂ ਰਸਤਿਆਂ ਤੋਂ ਨਹੀਂ ਲੰਘਦੇ ਹਨ | ਇਸ ਤਰਾਂ ਨਾਲ ਰਸਤਿਆਂ 'ਤੇ ਲਾਈਟਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ | ਸ਼ਹਿਰ ਵਿਚ ਹੋਰ ਵੀ ਕਈ ਥਾਵਾਂ 'ਤੇ ਲਾਈਟਾਂ ਬੰਦ ਰਹਿੰਦੀਆਂ ਹਨ | ਐੱਚ.ਪੀ.ਐੱਲ. ਕੰਪਨੀ ਕੋਲ ਲਾਈਟਾਂ ਦੀ ਸੰਭਾਲ ਦੀ ਗਿਣਤੀ ਵੀ 1 ਲੱਖ ਤੋਂ ਜ਼ਿਆਦਾ ਟੱਪ ਗਈ ਹੈ ਪਰ ਕੰਪਨੀ ਲਈ ਕਈ ਇਲਾਕਿਆਂ ਵਿਚ ਲਾਈਟਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਾ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ | ਲੋਕਾਂ ਦਾ ਕਹਿਣਾ ਸੀ ਕਿ ਉਹ ਬੰਦ ਲਾਈਟਾਂ ਨੂੰ ਠੀਕ ਕਰਵਾਉਣ ਲਈ ਸ਼ਿਕਾਇਤਾਂ ਕਰਕੇ ਥੱਕ ਜਾਂਦੇ ਹਨ ਪਰ ਇਨ੍ਹਾਂ ਸ਼ਿਕਾਇਤਾਂ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ | ਕੰਪਨੀ ਕੋਲ ਪਹਿਲਾਂ 77000 ਦੇ ਕਰੀਬ ਲਾਈਟਾਂ ਦੀ ਸੰਭਾਲ ਦਾ ਕੰਮ ਦਿੱਤਾ ਗਿਆ ਸੀ ਪਰ ਨਿਗਮ ਨੇ ਹੁਣ ਕੰਪਨੀ ਨੂੰ 30500 ਲਾਈਟਾਂ ਦੀ ਸੰਭਾਲ ਦਾ ਕੰਮ ਸੌਂਪ ਦਿੱਤਾ ਹੈ | ਕੰਪਨੀ ਵਲੋਂ ਵਾਧੂ ਲਾਈਟਾਂ ਦਾ ਸਰਵੇਖਣ ਕਰਵਾਇਆ ਗਿਆ ਸੀ ਤੇ ਇਨ੍ਹਾਂ ਦੀ ਗਿਣਤੀ 30500 ਦੇ ਕਰੀਬ ਪੁੱਜ ਗਈਆਂ ਹਨ | ਜਿੱਥੇ ਕਈ ਇਲਾਕਿਆਂ ਵਿਚ ਹਜ਼ਾਰਾਂ ਲਾਈਟਾਂ ਬੰਦ ਹਨ ਜਦਕਿ ਦੂਜੇ ਪਾਸੇ ਤਾਂ ਕਈ ਇਲਾਕਿਆਂ ਵਿਚ ਦਿਨ ਰਾਤ ਐਲ.ਈ.ਡੀ. ਲਾਈਟਾਂ ਜਗ ਰਹੀਆਂ ਹਨ | ਇਸ ਨਾਲ ਉਲਟਾ ਨਿਗਮ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਬਿੱਲਾਂ ਦੀ ਅਦਾਇਗੀ ਨਿਗਮ ਵਲੋਂ ਕੀਤੀ ਜਾਂਦੀ ਹੈ | ਨਗਰ ਨਿਗਮ ਨੂੰ ਨਾ ਸਿਰਫ਼ ਦਿਨ ਵੇਲੇ ਲਾਈਟਾਂ ਜਗਣ ਨਾਲ ਉਸ ਦਾ ਵਿੱਤੀ ਨੁਕਸਾਨ ਹੁੰਦਾ ਹੈ ਸਗੋਂ ਕਈ ਇਲਾਕਿਆਂ ਵਿਚ ਰਾਤ ਨੂੰ ਕੁੰਡੀਆਂ ਲਗਾ ਕੇ ਵੀ ਨਿਗਮ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਲਕਸ਼ਮੀਪੁਰਾ ਵਿਚ ਸਟਰੀਟ ਲਾਈਟਾਂ ਨੂੰ ਰਾਤ ਨੂੰ ਕੁੰਡੀਆਂ ਲਗਾਉਣ ਦੇ ਮਾਮਲੇ ਵੀ ਸਾਹਮਣੇ ਆਏ ਸੀ ਪਰ ਇਸ ਬਾਰੇ ਪੁਲਿਸ ਨੂੰ ਕੋਈ ਸ਼ਿਕਾਇਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ | ਉਧਰ ਐਲ.ਈ.ਡੀ. ਲਾਈਟਾਂ ਦੀ ਸੰਭਾਲ ਕਰਨ ਦਾ ਕੰਮ ਕਰਦੀ ਐੱਚ. ਪੀ. ਐਲ. ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸ੍ਰੀ ਰਾਮ ਦਾਹਿਆ ਦਾ ਕਹਿਣਾ ਸੀ ਕਿ ਸ਼ਹਿਰ ਵਿਚ 5500 ਦੇ ਕਰੀਬ ਲਾਈਟਾਂ ਹੀ ਬੰਦ ਹਨ | ਉਨਾਂ ਕਿਹਾ ਕਿ ਹਾਈਮਾਸਕ ਲਾਈਟਾਂ ਦੀ ਗਿਣਤੀ ਹੀ 150 ਦੇ ਕਰੀਬ ਪੁੱਜ ਗਈ ਹੈ ਪਰ ਉਨਾਂ ਦੀ ਸੰਭਾਲ ਦਾ ਫ਼ੈਸਲਾ ਨਹੀਂ ਹੋਇਆ ਹੈ | ਉਨਾਂ ਕਿਹਾ ਕਿ ਕੰਪਨੀ ਵਲੋਂ ਲਾਈਟਾਂ ਨੂੰ ਠੀਕ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਕਈ ਮੁੱਖ ਮਾਰਗਾਂ 'ਤੇ ਐਲ. ਈ.ਡੀ. ਲਾਈਟਾਂ ਜਗਾਈਆਂ ਗਈਆਂ ਹਨ | ਇਨ੍ਹਾਂ ਵਿਚ ਕਪੂਰਥਲਾ ਚੌਕ ਤੋਂ ਮੇਅਰ ਨਿਵਾਸ ਤੱਕ, ਨਕੋਦਰ ਰੋਡ, ਡੀ. ਏ. ਵੀ. ਕਾਲਜ ਫਲਾਈਓਵਰ, ਮਕਸੂਦਾਂ ਫਲਾਈ ਓਵਰ, ਦੋਆਬਾ ਚੌਕ ਵਾਲੀ ਲਾਈਨ ਸ਼ਾਮਿਲ ਹੈ | ਇਸ ਤੋਂ ਇਲਾਵਾ ਕੰਮ ਕਰਨ ਵਾਲੀਆਂ ਟੀਮਾਂ ਦੀ ਗਿਣਤੀ 25 ਤੋਂ 36 ਕੀਤੀ ਗਈ ਹੈ |
ਪਿਛਲੀ ਖ਼ਬਰ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ <br/> ਅਗਲੀ ਖ਼ਬਰ ਘਰ 'ਚੋਂ ਮਿਲੀ ਆਣਪਛਾਤੇ ਵਿਅਕਤੀ ਦੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।