ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਐੱਸ.ਜੀ.ਐੱਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਇਨਵੈਸਟਿਚਰ ਸਮਾਗਮ ਬੜੇ ਉਤਸ਼ਾਹ, ਗੰਭੀਰਤਾ ਅਤੇ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਇਸ ਸਮਾਗਮ ਦਾ ਮੁੱਖ ਮੰਤਵ ਵਿਦਿਆਰਥੀਆਂ 'ਚ ਲੀਡਰਸ਼ਿਪ, ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਦਾ ਵਿਕਾਸ ਕਰਨਾ ਸੀ | ਸਮਾਗਮ ਦੌਰਾਨ ਨਵੇਂ ਚੁਣੇ ਗਏ ਹੈੱਡ ਬੁਆਏ, ਡਿਪਟੀ ਹੈੱਡ ਬੁਆਏ, ਹੈੱਡ ਗਰਲ, ਡਿਪਟੀ ਹੈੱਡ ਗਰਲ, ਹਾਊਸ ਕੈਪਟਨ, ਵਾਈਸ ਕੈਪਟਨ, ਪ੍ਰੀਫੈਕਟ, ਸਪੋਰਟਸ ਕੈਪਟਨ, ਡਿਪਟੀ ਸਪੋਰਟਸ ਕੈਪਟਨ ਅਤੇ ਹੋਰ ਵਿਦਿਆਰਥੀ ਆਗੂਆਂ ਨੂੰ ਬੈਜ ਅਤੇ ਸੈਸ਼ ਪੁਆ ਕੇ ਸਨਮਾਨਿਤ ਕੀਤਾ ਗਿਆ | ਸਾਰੇ ਅਹੁਦੇਦਾਰਾਂ ਨੇ ਸਹੁੰ ਚੁੱਕੀ ਕਿ ਉਹ ਸਕੂਲ ਦੇ ਆਦਰਸ਼ਾਂ ਅਤੇ ਮਰਯਾਦਾਵਾਂ ਨੂੰ ਕਾਇਮ ਰੱਖਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣਗੇ | ਸਕੂਲ ਦੇ ਕੰਟਰੋਲਰ ਚਰਨਜੀਤ ਕੌਰ ਅਤੇ ਪਿ੍ੰਸੀਪਲ ਜਗਜੀਤ ਸਿੰਘ ਨੇ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਾਥੀ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਿਦਿਆਰਥੀ ਆਪਣੇ ਫਰਜ਼ਾਂ ਨੂੰ ਪੂਰੀ ਲਗਨ ਅਤੇ ਸਮਰਪਣ ਨਾਲ ਨਿਭਾਉਣਗੇ | ਸਮਾਗਮ ਦੌਰਾਨ ਸਕੂਲ ਦੇ ਚਾਰਾਂ ਹਾਊਸਾਂ ਦੇ ਫਲੈਗ ਬਿਅਰਰਜ਼ ਵਲੋਂ ਆਪਣੇ-ਆਪਣੇ ਹਾਊਸ ਦੇ ਝੰਡਿਆਂ ਨਾਲ ਸ਼ਾਨਦਾਰ ਫਲੈਗ ਸਲਾਮੀ ਪੇਸ਼ ਕੀਤੀ ਗਈ | ਇਸ ਮੌਕੇ ਚਾਰਾਂ ਹਾਊਸਾਂ ਦੇ ਝੰਡਿਆਂ ਨੂੰ ਕਰਾਸ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਿਸ ਨੇ ਸਮਾਗਮ ਦੀ ਸ਼ਾਨ 'ਚ ਹੋਰ ਵਾਧਾ ਕੀਤਾ | ਆਪਣੇ ਸੰਬੋਧਨ ਦੌਰਾਨ ਹੈੱਡ ਬੁਆਏ ਅਤੇ ਹੈੱਡ ਗਰਲ ਨੇ ਉਨ੍ਹਾਂ 'ਤੇ ਜਿਤਾਏ ਗਏ ਵਿਸ਼ਵਾਸ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਪੂਰੀ ਵਿਦਿਆਰਥੀ ਕੌਂਸਲ ਨਾਲ ਮਿਲਜੁਲ ਕੇ ਕੰਮ ਕਰਨ ਦਾ ਵਚਨ ਦਿੱਤਾ |