ਮਲਸੀਆਂ, 10 ਜੂਨ (ਦਲਜੀਤ ਸਿੰਘ ਸਚਦੇਵਾ)- ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਅੱਜ ਸਿਆਸੀ ਦਬਾਅ ਹੇੇਠ ਮੁਲਤਵੀ ਕਰ ਦਿੱਤੀ ਗਈ | ਚੋਣ ਕਰਵਾਉਣ ਲਈ ਅਧਿਕਾਰੀ ਤੇ ਮੁਲਾਜ਼ਮ ਨਹੀਂ ਪੁੱਜੇ, ਜਿਸ ਕਾਰਨ ਅੱਜ ਚੋਣ ਮੁਲਤਵੀ ਕਰਨੀ ਪਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਮਲਕੀਤ ਸਿੰਘ ਬਿੱਲੀ ਬੜੈਚ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੱਲੀ ਚਾਓ ਅਤੇ ਸਮਾਜ ਸੇਵਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੀ 11 ਮੈਂਬਰੀ ਕਮੇਟੀ ਦੀ ਚੋਣ ਹੋਈ ਸੀ | ਇਸ ਤੋਂ ਬਾਅਦ ਅੱਜ ਸੁਸਾਇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਵੇਰੇ 10 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪ੍ਰਧਾਨ ਦੀ ਚੋਣ ਲਈ 11 ਮੈਂਬਰਾਂ 'ਚੋਂ 7 ਮੈਂਬਰ ਤੇ ਪਿੰਡ ਦੇ ਪਤਵੰਤੇ ਸੱਜਣ ਸਮੇਂ ਸਿਰ ਹਾਜ਼ਰ ਹੋ ਗਏ ਸਨ ਤੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ ਪਰ ਚੋਣ ਕਰਵਾਉਣ ਲਈ ਅਧਿਕਾਰੀ ਤੇ ਮੁਲਾਜ਼ਮ ਮੌਕੇ 'ਤੇ ਨਹੀਂ ਪੁੱਜੇ ਜਿਸ ਕਾਰਨ ਚੋਣ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਜਦੋਂ ਬਹੁਮਤ ਸਾਡੇ ਕੋਲ ਹੈ ਤੇ 7 ਮੈਂਬਰ ਹਾਜ਼ਰ ਹਨ ਤਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਨਾ ਆਉਣਾ ਇਹ ਸਾਬਤ ਕਰਦਾ ਹੈ ਕਿ ਪ੍ਰਸ਼ਾਸਨ ਸੱਤਾ ਧਿਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਪ੍ਰਕਿਰਿਆ ਦਾ ਘਾਣ ਹੈ ਤੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਕਾਂ 'ਤੇ ਡਾਕਾ ਹੈ | ਉਹ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਸਿਆਸੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਜਲਦ ਤੋਂ ਜਲਦ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਈ ਜਾਵੇ ਤਾਂ ਜੋ ਸੁਸਾਇਟੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਕਿਸਾਨਾਂ ਤੇ ਆਮ ਲੋਕਾਂ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਨੂੰ ਸਿਆਸੀ ਅਖਾੜਾ ਬਣਾਉਣਾ ਮੰਦਭਾਗਾ ਹੈ | ਜੇਕਰ ਆਉਣ ਵਾਲੇ ਦਿਨਾਂ ਵਿਚ ਪ੍ਰਧਾਨ ਦੀ ਚੋਣ ਨਾ ਕਰਵਾਈ ਗਈ ਤਾਂ ਸੁਸਾਇਟੀ ਦੇ ਮੈਂਬਰਾਂ ਤੇ ਪਿੰਡਾਂ ਦੇ ਲੋਕਾਂ ਵਲੋਂ ਰੋਸ ਪ੍ਰਦਰਸਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਗੁਰਜਪਾਲ ਸਿੰਘ ਢੱਡਾ, ਬਲਵੀਰ ਸਿੰਘ ਹੁੰਦਲ, ਅਵਤਾਰ ਸਿੰਘ ਬੜੈਚ, ਚਰਨਪ੍ਰੀਤ ਸਿੰਘ ਢੱਡਾ, ਪਿਆਰ ਸਿੰਘ ਢੱਡਾ, ਜਗਪ੍ਰੀਤ ਸਿੰਘ ਢੱਡਾ, ਬਲਵੀਰ ਕੌਰ ਢੱਡਾ (ਸਾਰੇ ਕਮੇਟੀ ਮੈਂਬਰ), ਲਖਵੀਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ, ਸਵਰਨ ਸਿੰਘ, ਹਰਬੰਸ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਚਰਨ ਸਿੰਘ ਬਿੱਲੀ ਚਾਓ, ਗੰਗਾ ਸਿੰਘ ਢੱਡਾ, ਜਸਵੰਤ ਸਿੰਘ ਢੱਡਾ, ਸੋਨੂੰ ਹੁੰਦਲ ਢੱਡਾ, ਜਸਵਿੰਦਰ ਸਿੰਘ ਬੜੈਚ, ਅਮਨਦੀਪ ਸਿੰਘ ਬੜੈਚ ਆਦਿ ਹਾਜ਼ਰ ਸਨ |