ਜਲੰਧਰ, 13 ਜੂਨ (ਐੱਮ. ਐੱਸ. ਲੋਹੀਆ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੀ ਮੀਟਿੰਗ 'ਚ ਅਗਲੇ ਅਰਸੇ ਦੀਆਂ ਸਰਗਰਮੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਵਲੋਂ ਜੂਨ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਸਿਜਦਾ ਕਰਨ ਨਾਲ ਹੋਇਆ | ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਮੁਹਿੰਮ ਨੂੰ ਭਰਵਾਂ ਬਣਾਉਣ ਲਈ ਜਨਤਕ ਸਮਰਥਨ ਹਾਸਲ ਕਰਨ ਉਪਰ ਜ਼ੋਰ ਦਿੱਤਾ | ਮੀਟਿੰਗ 'ਚ 27 ਜੂਨ ਦਿਨ ਸਨਿਚਰਵਾਰ ਸਵੇਰੇ 11 ਵਜੇ ਬੱਬਰ ਅਕਾਲੀ ਲਹਿਰ ਨਾਲ ਸੰਬੰਧਿਤ ਆਜ਼ਾਦੀ ਸੰਗਰਾਮੀਆਂ ਦੀ ਵਿਸ਼ੇਸ਼ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਬੁਲਾਉੁਣ ਦਾ ਫ਼ੈਸਲਾ ਕੀਤਾ ਗਿਆ | ਸਿਖਿਆਰਥੀ ਚੇਤਨਾ ਕੈਂਪ 28, 29, 30 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਵੇਗਾ | ਸਤੰਬਰ ਮਹੀਨੇ 'ਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਵਿਚਾਰ-ਚਰਚਾ ਹੋਵੇਗੀ | ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਨਿਰੰਤਰ ਵਿਚਾਰ-ਚਰਚਾ, ਪੁਸਤਕ ਜਾਣ-ਪਛਾਣ ਅਤੇ ਮੰਥਨ, ਗੀਤ-ਸੰਗੀਤ, ਰੰਗ ਮੰਚ, ਚਿੱਤਰ ਅਤੇ ਫੋਟੋ ਕਲਾ, ਬਾਲ ਮਿਲਣੀਆਂ, ਵਿਦਿਅਕ ਅਦਾਰਿਆਂ 'ਚ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਬੁਲਾਵਾ ਦੇਣ, ਫ਼ਿਲਮ ਸ਼ੋਅ ਅਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਅਤੇ ਹਾਲ ਅੰਦਰ ਬਣੇ ਥੀਏਟਰ 'ਚ ਸਰਗਰਮੀਆਂ ਉਪਰ ਧਿਆਨ ਦਿੱਤਾ ਜਾਵੇਗਾ | ਇਸ ਮੌਕੇ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਪ੍ਰੋ. ਤੇਜਿੰਦਰ ਵਿਰਲੀ, ਹਰਮੇਸ਼ ਮਾਲੜੀ, ਸੁਵਰਨ ਸਿੰਘ ਵਿਰਕ, ਅਮਰੀਕ ਸਿੰਘ, ਆਰਟਿਸਟ ਇੰਦਰਜੀਤ ਸਿੰਘ ਜਲੰਧਰ, ਮਾਸਟਰ ਮੁਨੀ ਲਾਲ, ਕਿਸ਼ੋਰ ਕੁਮਾਰ, ਬੂਟਾ ਸਿੰਘ ਮਹਿਮੂਦਪੁਰ, ਦੀਪ ਦਿਲਬਰ ਨੇ ਆਪਣੇ ਅਮੁੱਲੇ ਵਿਚਾਰ ਅਤੇ ਸੁਝਾਅ ਰੱਖੇ | ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਭਿਆਚਾਰਕ ਵਿੰਗ ਦੀ ਮੀਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਕੀਮਤੀ ਸੁਝਾਅ ਸਾਹਮਣੇ ਆਏ ਹਨ |