22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਸਲ੍ਹਾ ਬਰਾਮਦਗੀ ਮੌਕੇ ਭੱਜਣ ਦੀ ਕੋਸ਼ਿਸ਼ ’ਚ ਪੁਲਿਸ ਦੀ ਗੋਲੀ ਨਾਲ ਮੁੱਖ ਸ਼ੂਟਰ ‘ਬਿੱਲਾ’ ਜ਼ਖ਼ਮੀ

ਅਜੀਤ ਡੈਸਕ 24-06-2026

-ਮਾਮਲਾ ਕਿਸ਼ਨਪੁਰਾ ਚੌਕ ਸਥਿਤ ਬੀ.ਐੱਮ.ਐੱਸ. ਸ਼ੋਅਰੂਮ ’ਤੇ ਗੋਲੀਆਂ ਚਲਾਉਣ ਦਾ

ਜਲੰਧਰ/ਜਮਸ਼ੇਰ ਖਾਸ, 23 ਜੂਨ (ਜਤਿੰਦਰ ਪੰਮੀ/ਹਰਵਿੰਦਰ ਕੁਮਾਰ)-ਬੀ.ਐੱਮ.ਐੱਸ. ਸ਼ੋਅਰੂਮ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਨੇ ਮੰਗਲਵਾਰ ਨੂੰ ਜਮਸ਼ੇਰ ਨੇੜੇ ਅਸਲਾ ਬਰਾਮਦਗੀ ਲਈ ਲਿਆਂਦੇ ਜਾਣ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਥੇ ਲੁਕਾਏ ਕੇ ਰੱਖੇ ਅਸਲੇ ਨਾਲ ਪੁਲਿਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਨਵਲ ਭਾਰਦਵਾਜ ਉਰਫ ਬਿੱਲਾ ਲੱਤ ਦੇ ਹੇਠਲੇ ਹਿੱਸੇ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਪਛਾਣ ਨਿਤਿਸ਼ ਛਾਬੜਾ ਉਰਫ ਲਵ, ਨਵਲ ਭਾਰਦਵਾਜ ਉਰਫ਼ ਬਿੱਲਾ, ਮੁਕੁਲ ਗੋਰੀ ਤੇ ਪ੍ਰਿੰਸ ਵਜੋਂ ਹੋਈ ਸੀ। ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਸੀ ਕਿ ਨਵਲ ਭਾਰਦਵਾਜ ਉਰਫ ਬਿੱਲਾ ਬੀਤੀ 12 ਜੂਨ ਨੂੰ ਸ਼ਹਿਰ ਦੇ ਕਿਸ਼ਨਪੁਰਾ ਚੌਕ ਸਥਿਤ ਬੀ. ਐੱਮ. ਐੱਸ. ਸ਼ੋਅਰੂਮ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਮੁੱਖ ਸ਼ੂਟਰ ਸੀ। ਇਸ ਤੋਂ ਪਹਿਲਾਂ ਉਹ ਪਿੰਡ ਹਿਓਂ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਵੀ ਮੁੱਖ ਸ਼ੂਟਰ ਸੀ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਨਵਲ ਭਾਰਦਵਾਜ ਉਰਫ ਬਿੱਲਾ ਨੇ ਖੁਲਾਸਾ ਕੀਤਾ ਸੀ ਕਿ ਕਿਸ਼ਨਪੁਰਾ ਚੌਕ ਵਿਖੇ ਹੋਈ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਉਸ ਵਲੋਂ ਜਮਸ਼ੇਰ ਇਲਾਕੇ ’ਚ ਲੁਕਾਇਆ ਗਿਆ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਸੀ. ਆਈ. ਏ. ਸਟਾਫ ਦੀ ਪੁਲਿਸ ਪਾਰਟੀ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਮੁਲਜ਼ਮ ਨੂੰ ਨਾਲ ਕੇ ਉਕਤ ਮੋਟਰਸਾਈਕਲ ਦੀ ਬਰਾਮਦਗੀ ਲਈ ਜਮਸ਼ੇਰ ਇਲਾਕੇ ਵਿੱਚ ਗਈ। ਮੁਲਜ਼ਮ ਵਲੋਂ ਪੁਲਿਸ ਪਾਰਟੀ ਨੂੰ ਮੋਟਰਸਾਈਕਲ ਦੀ ਬਰਾਮਦਗੀ ਕਰਵਾਈ ਗਈ। ਡੀ. ਸੀ. ਪੀ. ਢਿੱਲੋਂ ਨੇ ਦੱਸਿਆ ਕਿ ਇਸ ਦੌਰਾਨ ਅਚਾਨਕ ਹੀ ਮੁਲਜ਼ਮ ਨੇ ਪੁਲਿਸ ਮੁਲਾਜ਼ਮ, ਜਿਸ ਨੇ ਉਸ ਦਾ ਹੱਥ ਫੜਿਆ ਹੋਇਆ ਸੀ, ਧੱਕਾ ਦਿੱਤਾ ਅਤੇ ਉਥੇ ਹੀ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਗਿਆ ਪਿਸਤੌਲ ਚੁੱਕ ਕੇ ਲੋਡ ਕਰਦਿਆਂ ਹੀ ਪੁਲਿਸ ਪਾਰਟੀ ’ਤੇ ਫਾਇਰ ਕਰ ਦਿੱਤਾ। ਪੁਲਿਸ ਪਾਰਟੀ ਨੇ ਤੁਰੰਤ ਆਪਣੀ ਸੁਰੱਖਿਆ ਲਈ ਪੁਜ਼ੀਸ਼ਨ ਲੈ ਕੇ ਮੁਲਜ਼ਮ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਦੁਬਾਰਾ ਪੁਲਿਸ ਪਾਰਟੀ ਉਪਰ ਫਾਇਰ ਕਰ ਦਿੱਤਾ ਅਤੇ ਉਹ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਡੀ. ਸੀ. ਪੀ. ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਤੇ ਆਤਮ-ਰੱਖਿਆ ਲਈ ਪੁਲਿਸ ਪਾਰਟੀ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਮੁਲਜ਼ਮ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਸੀ. ਆਈ. ਏ. ਸਟਾਫ ਦੀ ਪੁਲਿਸ ਪਾਰਟੀ ਨੇ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਅਤੇ ਇਸ ਸੰਬੰਧੀ ਤੁਰੰਤ ਕੰਟਰੋਲ ਰੂਮ ’ਤੇ ਸੂਚਿਤ ਕੀਤਾ। ਇਸ ਉਪਰੰਤ ਫੋਰੈਂਸਿੰਕ ਟੀਮ, ਕਰਾਈਮ ਸੀਨ ਟੀਮ ਤੇ ਐਂਬੂਲੈਂਸ ਨੂੰ ਮੌਕੇ ’ਤੇ ਭੇਜਿਆ ਗਿਆ। ਸੂਚਨਾ ਮਿਲਦਿਆਂ ਹੀ ਉਨ੍ਹਾਂ ਸਮੇਤ ਏ. ਡੀ.ਸੀ.ਪੀ. (ਤਫਤੀਸ਼) ਜੈਅੰਤ ਪੁਰੀ, ਏ. ਡੀ. ਸੀ. ਪੀ.-2 ਰਾਕੇਸ਼ ਯਾਦਵ, ਏ. ਸੀ. ਪੀ. (ਤਫਤੀਸ਼) ਅਮਰਬੀਰ ਸਿੰਘ, ਏ. ਸੀ. ਪੀ. ਕੈਂਟ ਕੁਲਵਿੰਦਰ ਸਿੰਘ ਵਿਰਕ, ਥਾਣਾ ਸਦਰ ਦੇ ਮੁਖੀ ਸੰਜੀਵ ਕੁਮਾਰ ਮੌਕੇ ’ਤੇ ਪੁੱਜੇ। ਡੀ. ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਖ਼ਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸੰਬੰਧੀ ਥਾਣਾ ਸਦਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸਬੂਤ ਇਕੱਤਰ ਕਰਕੇ ਫੋਰੈਂਸਿਕ ਟੀਮ ਵਲੋਂ ਵਿਗਿਆਨਕ ਜਾਂਚ ਕੀਤੀ ਗਈ ਹੈ। ਮਾਮਲੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਤੇ ਵਿਦੇਸ਼ੀ ਹੈਂਡਲਰਾਂ ਸੰਬੰਧੀ ਵੀ ਜਾਂਚ ਜਾਰੀ ਹੈ। ਕਮਿਸ਼ਨਰੇਟ ਪੁਲਿਸ ਦੀ ਇਸ ਸਫਲ ਕਾਰਵਾਈ ਲਈ ਪੁਲਿਸ ਪਾਰਟੀ ਦੀ ਸ਼ਲਾਘਾ ਕਰਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਿਹਾ ਕਿ ਗੈਂਗਸਟਰਾਂ, ਸੰਗਠਿਤ ਅਪਰਾਧਕ ਗਿਰੋਹਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰੱਖੀ

ਪਿਛਲੀ ਖ਼ਬਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਖ਼ਿਲਾਫ਼ ਪੂਰੀ ਦ੍ਰਿੜਤਾ ਨਾਲ ਲੜੀ ਜਾ ਰਹੀ ਜੰਗ-ਮਹਿੰਦਰ ਭਗਤ ਅਗਲੀ ਖ਼ਬਰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ-ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।