ਕਿਸ਼ਨਗੜ੍ਹ 23 ਜੂਨ (ਹੁਸਨ ਲਾਲ)-ਭਾਰਤ ਸਰਕਾਰ ਵੱਲੋਂ ਸਾਲ 2026 ਦੇ ਪਦਮ ਸ਼੍ਰੀ ਪੁਰਸਕਾਰਾਂ ਦੀ ਵੰਡ ਕੀਤੀ ਜਾ ਰਹੀ ਹੈ। ਇਸ ਦੌਰਾਨ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸੰਤ ਨਿਰੰਜਨ ਦਾਸ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਨਸੀ ਯੂਪੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਪੰਜ ਪ੍ਰਮੁੱਖ ਹਸਤੀਆਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਜਿਸ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਦਾ ਨਾਮ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸੀ। ਇਹ ਪੁਰਸਕਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਚਾਰ ਪ੍ਰਸਾਰ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਅਤੇ ਸਮਾਜ ਸੇਵਾ ਤੇ ਮਨੁੱਖਤਾ ਦੇ ਭਲੇ ਲਈ ਯੋਗਦਾਨ ਪਾਉਣ ਹਿੱਤ ਸੰਤ ਨਿਰੰਜਨ ਦਾਸ ਜੀ ਨੂੰ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਨਾਲ ਡੇਰਾ ਸੱਚਖੰਡ ਬੱਲਾਂ ਦੇ ਲੱਖਾਂ ਸ਼ਰਧਾਲੂਆਂ ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।