30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਜਲੰਧਰ ਤੋਂ ਲੰਘਦੇ ਹਾਈਵੇ ਦੀ ਸਰਵਿਸ ਰੋਡ ’ਤੇ ਪਾਈਪਾਂ ਜੋੜਨ ਦਾ ਕੰਮ ਰੋਕਿਆ ਬਰਸਾਤਾਂ ਤੋਂ ਬਾਅਦ ਸੜਕ ਪੁੱਟਣ ਦਾ ਕੰਮ ਹੋਵੇਗਾ ਸ਼ੁਰੂ, ਸਰਵਿਸ ਰੋਡ ’ਤੇ ਲੱਗ ਰਹੀਆਂ ਟਾਈਲਾਂ

ਅਜੀਤ ਡੈਸਕ 07-07-2026
ਜਲੰਧਰ, 6 ਜੁਲਾਈ (ਸ਼ਿਵ)- ਜਲੰਧਰ ਤੋਂ ਲੰਘਦੇ ਹਾਈਵੇ ਤੇ ਸਰਵਿਸ ਰੋਡ ਦੀ ਹਾਲਤ ਵਿਚ ਸੁਧਾਰਨ ਲਈ ਮੇਅਰ ਵਨੀਤ ਧੀਰ ਇਕ ਸਾਲ ਤੋਂ ਹਾਈਵੇ ਦੇ ਅਧਿਕਾਰੀਆਂ ਕੋਲ ਇਹ ਮਸਲਾ ਉਠਾਉਂਦੇ ਰਹੇ ਹਨ ਜਦਕਿ ਇਸ ਬਾਰ ਵੀ ਬਰਸਾਤਾਂ ਕਰਕੇ ਸਰਵਿਸ ਰੋਡ ਦੀ ਹੋਰ ਵੀ ਮਾੜੀ ਹਾਲਤ ਹੋ ਗਈ ਹੈ ਕਿ ਖੱਡੇ ਪੈਣ ਕਰਕੇ ਲੋਕਾਂ ਦਾ ਲੰਘਣਾ ਔਖਾ ਹੋ ਰਿਹਾ ਹੈ। ਉਧਰ ਸਰਫੇਸ ਵਾਟਰ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਵਾਲੀ ਕੰਪਨੀ ਵਲੋਂ ਹੁਣ ਇਸ ਸਰਵਿਸ ਰੋਡ ਦੇ ਆਹਮੋ ਸਾਹਮਣੇ ਪਾਈਪਾਂ ਨੂੰ ਜੋੜਨ ਦਾ ਕੰਮ ਬਰਸਾਤਾਂ ਕਰਕੇ ਰੋਕ ਦਿੱਤਾ ਹੈ ਕਿਉਂਕਿ ਹੁਣ ਸਰਵਿਸ ਰੋਡ ਦੇ ਦੋਵੇਂ ਪਾਸੇ ਪਾਈਪਾਂ ਪੈ ਗਈਆਂ ਹਨ ਪਰ ਹੁਣ ਉਨਾਂ ਨੂੰ ਆਹਮੋ-ਸਾਹਮਣੇ ਜੋੜਨ ਦਾ ਕੰਮ ਕੀਤਾ ਜਾਣਾ ਹੈ। ਇਨ੍ਹਾਂ ਨੂੰ ਜੋੜਨ ਲਈ ਸੜਕਾਂ ਨੂੰ ਖੋਦਿਆ ਜਾਣਾ ਹੈ ਜਦਕਿ ਸਰਵਿਸ ਰੋਡ ਦੀ ਪਹਿਲਾਂ ਹੀ ਹਾਲਤ ਖ਼ਰਾਬ ਹੈ। ਪਠਾਨਕੋਟ ਚੌਕ ਤੋਂ ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਤੋਂ ਲੰਬਾ ਪਿੰਡ ਚੌਕ ਅਤੇ ਪਠਾਨਕੋਟ ਚੌਕ ਤੋਂ ਇੰਡਸਟਰੀਅਲ ਏਰੀਆ ਤੱਕ ਸੜਕ ਪੁੱਟ ਕੇ ਪਾਈਪ ਪਾਈ ਗਈ ਹੈ ਜਿਸ ਕਾਰਨ ਇਸ ਦੀ ਹਾਲਤ ਖ਼ਰਾਬ ਹੋ ਗਈ ਹੈ। ਸੀਵਰੇਜ ਬੋਰਡ ਦੇ ਐੱਸ. ਡੀ. ਓ. ਪਦਮਜੀਤ ਸਿੰਘ ਦਾ ਕਹਿਣਾ ਸੀ ਕਿ ਮੌਜੂਦਾ ਸੜਕ ਦੀ ਹਾਲਤ ਦੇਖ ਕੇ ਹੁਣ ਪਾਈਪਾਂ ਜੋੜਨ ਦਾ ਕੰਮ ਬਰਸਾਤਾਂ ਖ਼ਤਮ ਹੋਣ ਤੱਕ ਮੁਲਤਵੀ ਕੀਤਾ ਗਿਆ ਹੈ। ਹੁਣ ਸੂਰਿਆ ਇਨਕਲੇਵ, ਪਠਾਨਕੋਟ ਚੌਕ, ਦਕੋਹਾ, ਡੀ. ਏ. ਵੀ. ਕਾਲਜ ਸਮੇਤ 7 ਥਾਵਾਂ ’ਤੇ ਪਾਈਪ ਲਾਈਨਾਂ ਨੂੰ ਕਰਾਸ ਕਰਨ ਦਾ ਕੰਮ ਕੀਤਾ ਜਾਣਾ ਹੈ। ਉਧਰ ਸੜਕਾਂ ’ਤੇ ਜ਼ਿਆਦਾ ਖੱਡੇ ਹੋਣ ਕਰਕੇ ਲਗਾਤਾਰ ਹਾਦਸੇ ਹੋ ਰਹੇ ਹਨ ਤੇ ਹਾਈਵੇ ਵਲੋਂ ਇਸ ਸਰਵਿਸ ਰੋਡ ਦਾ ਬੇਸ ਕੰਮ ਕੀਤਾ ਜਾਣਾ ਹੈ। ਉਧਰ ਚਾਹੇ ਐਨ. ਐੱਚ. ਏ. ਆਈ. ਦੇ ਅਧਿਕਾਰੀਆਂ ਵਲੋਂ ਜ਼ਿਆਦਾ ਖ਼ਰਾਬ ਹੋਈ ਸਰਵਿਸ ਰੋਡ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਅਜੇ ਵੀ ਪਾਣੀ ਭਰਨ ਨਾਲ ਕੰਮ ਕਰਨ ਵਿਚ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤਾਂ ਤੱਕ ਇਨ੍ਹਾਂ ਟਾਈਲਾਂ ਦੇ ਪੂਰੀ ਤਰਾਂ ਨਾਲ ਟਿਕਣ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਸੀਵਰੇਜ ਬੋਰਡ ਨੇ ਤਾਂ ਪਠਾਨਕੋਟ ਚੌਕ ਤੋਂ ਲੈ ਕੇ ਫੋਕਲ ਪੁਆਇੰਟ ਤੱਕ ਦੀ ਸਰਵਿਸ ਰੋਡ, ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਤੱਕ ਪਾਈਪ ਪਾਉਣ ਤੋਂ ਬਾਅਦ ਸੜਕ ਦਾ ਕੰਮ ਕਰਨ ਲਈ ਐਨ. ਐੱਚ. ਏ. ਆਈ. ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਵੀ ਹੁਣ ਬਰਸਾਤਾਂ ਤੋਂ ਬਾਅਦ ਹੀ ਬਣਨ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ। ਉਂਜ ਹਾਈਵੇ ਤੇ ਸਰਵਿਸ ਰੋਡ ਦੀ ਹਾਲਤ ਦੀ ਠੀਕ ਕਰਨ ਲਈ ਮੇਅਰ ਵਨੀਤ ਧੀਰ ਵਲੋਂ ਕੇਂਦਰੀ ਮੰਤਰੀ ਸ੍ਰੀ ਨਿਤਿਨ ਗ਼ਡਕਰੀ ਨੂੰ ਵੀ ਸ਼ਿਕਾਇਤ ਕੀਤੀ ਸੀ ਤੇ ਉਨਾਂ ਨੂੰ ਸ਼ਿਕਾਇਤ ਵਿਚ ਕਿਹਾ ਸੀ ਕਿ ਅਧਿਕਾਰੀਆਂ ਕੋਲ ਇਹ ਮਸਲਾ ਬਾਰ-ਬਾਰ ਉਠਾਉਣ ’ਤੇ ਵੀ ਇਸ ਨੂੰ ਹੱਲ ਨਹੀਂ ਕਰਵਾਇਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਮੇਅਰ ਵਨੀਤ ਧੀਰ ਨੇ ਅਧਿਕਾਰੀਆਂ ਨਾਲ ਹਾਈਵੇ ਤੇ ਸਰਵਿਸ ਰੋਡ ਦਾ ਮੌਕਾ ਦੇਖਿਆ ਸੀ ਤਾਂ ਉਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਸਰਫੇਸ ਵਾਟਰ ਪ੍ਰਾਜੈਕਟ ਤੇ ਗੈਸ ਪਾਈਪਾਂ ਪਾਉਣ ਵੇਲੇ ਕਈ ਥਾਵਾਂ ਤੋਂ ਸੀਵਰੇਜ ਦੀਆਂ ਪਾਈਪਾਂ ਤੋੜੀਆਂ ਗਈਆਂ ਹਨ।
ਪਿਛਲੀ ਖ਼ਬਰ ਸੈਲੂਨ ’ਤੇ ਆਏ ਨੌਜਵਾਨ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਬਾਈਕ ਤੇ ਦਾਤਰ ਛੱਡ ਕੇ ਭੱਜੇ ਹਮਲਾਵਰ ਅਗਲੀ ਖ਼ਬਰ ਟੀ.ਐਮ.ਸੀ. ਨੇ ਚੋਣ ਕਮਿਸ਼ਨ ਨੂੰ ਜਵਾਬ ਸੌਂਪਿਆ ਬਾਗ਼ੀ ਧੜੇ ਦੇ ਦਾਅਵੇ ਨੂੰ ‘ਧੋਖਾਧੜੀ’ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।