24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸੁਵਿਧਾ ਕੇਂਦਰ ਦੇ ਬਾਹਰੋਂ ਨਹੀਂ ਮੁਕ ਰਹੀਆਂ ਲੰਮੀਆਂ ਕਤਾਰਾਂ, ਲੋਕ ਅੱਤ ਦੀ ਗਰਮੀ ’ਚ ਖੜ੍ਹੇ ਹੋਣ ਲਈ ਮਜਬੂਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਕਿਸ਼ਤ ਆਉਣ ਤੋਂ ਬਾਅਦ ਔਰਤਾਂ ਦੀ ਵਧੀ ਭੀੜ

ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਤਿੰਨ ਮਹੀਨਿਆਂ ਦੀ ਰਾਸ਼ੀ ਦੀ ਪਹਿਲੀ ਕਿਸ਼ਤ ਔਰਤਾਂ ਦੇ ਖਾਤਿਆਂ ’ਚ ਪਾਉਣ ਤੋਂ ਬਾਅਦ ਇਸ ਯੋਜਨਾ ਦਾ ਲਾਭ ਲੈਣ ਲਈ ਔਰਤਾਂ ’ਚ ਹੋਰ ਉਤਸ਼ਾਹ ਵਧ ਗਿਆ ਹੈ। ਇਸ ਉਤਸ਼ਾਹ ਕਾਰਨ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਸੁਵਿਧਾ ਕੇਂਦਰ ਦੇ ਅੰਦਰ ਤੇ ਬਾਹਰ ਯੋਜਨਾ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕਰਵਾਉਣ ਲਈ ਲੋਕਾਂ, ਵਿਸ਼ੇਸ਼ ਕਰਕੇ ਔਰਤਾਂ ਦੀ ਭੀੜ ਵਧ ਗਈ ਹੈ। ਇਸ ਕਾਰਨ ਪਿਛਲੇ ਕਈ ਦਿਨਾਂ ਤੋਂ ਸੁਵਿਧਾ ਕੇਂਦਰ ’ਚ ਲੋਕਾਂ ਦੀ ਭੀੜ ਏਨੀ ਵਧੀ ਹੋਈ ਹੈ ਕਿ ਉਥੇ ਬੈਠਣ ਲਈ ਥਾਂ ਨਹੀਂ ਮਿਲ ਰਹੀ। ਬੁੱਧਵਾਰ ਨੂੰ ਵੀ ਦਸਤਾਵੇਜ਼ ਬਣਵਾਉਣ ਵਾਲਿਆਂ ਦੀ ਸਵੇਰ ਤੋਂ ਹੀ ਲੰਮੀ ਲਾਈਨ ਲੱਗ ਗਈ ਅਤੇ ਲੋਕ ਟੋਕਨ ਲੈਣ ਵਾਸਤੇ ਆਪਣੀ ਵਾਰੀ ਦੀ ਉਡੀਕ ’ਚ ਘੰਟਿਆਂਬੱਧੀ ਅੱਤ ਦੀ ਗਰਮੀ ਦੌਰਾਨ ਖੜ੍ਹੇ ਰਹਿਣ ਲਈ ਮਜਬੂਰ ਹੋਏ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਲੋਕ ਦਸਤਾਵੇਜ਼ ਤਿਆਰ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਆ ਰਹੇ ਹਨ ਪਰ ਫਿਰ ਵੀ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਲਾਈਨਾਂ ਵਿਚ ਖੜ੍ਹੇ ਹੋਣਾ ਪੈ ਰਿਹਾ ਹੈ।
ਅਰਜ਼ੀਆਂ ਦੇ ਮੁਕਾਬਲੇ 50 ਫੀਸਦੀ ਤੋਂ ਘੱਟ ਬਣ ਰਹੇ ਦਸਤਾਵੇਜ਼
ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਕਰੀਬ 175 ਕਾਊਂਟਰ ਹਨ, ਜਿਨ੍ਹਾਂ ਵਿਚੋਂ 164 ਕਾਊਂਟਰਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਈ-ਸੇਵਾ ਪੋਰਟਲ ’ਤੇ ਬੁੱਧਵਾਰ ਨੂੰ ਕੀਤੇ ਗਏ ਕੰਮ ਬਾਰੇ ਪਾਈ ਗਈ ਰਿਪੋਰਟ ਮੁਤਾਬਕ ਜ਼ਿਲ੍ਹੇ ’ਚੋਂ ਕੁੱਲ 5041 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 2904 ਦੇ ਟੋਕਨ ਜਾਰੀ ਕੀਤੇ ਗਏ ਅਤੇ ਸਿਰਫ਼ 2083 ਦਸਤਾਵੇਜ਼ ਹੀ ਜਾਰੀ ਕੀਤੇ ਜਾ ਸਕੇ। ਜੇਕਰ ਲੋਕਾਂ ਵਲੋਂ ਦਿੱਤੀਆਂ ਅਰਜ਼ੀਆਂ ’ਤੇ ਕੰਮ ਕਰਨ ਬਾਰੇ ਦੇਖਿਆ ਜਾਵੇ ਤਾਂ 50 ਫੀਸਦੀ ਤੋਂ ਵੀ ਘੱਟ ਕੰਮ ਹੋਇਆ ਹੈ। ਇਹੀ ਕਾਰਨ ਹੈ ਸੁਵਿਧਾ ਕੇਂਦਰ ਦੇ ਬਾਹਰ ਰੋਜ਼ਾਨਾ ਲੋਕਾਂ ਦੀ ਵੱਡੀ ਭੀੜ ਲੱਗ ਰਹੀ ਹੈ ਅਤੇ ਕਈ ਲੋਕਾਂ ਨੂੰ ਵਾਰ-ਵਾਰ ਗੇੜੇ ਮਾਰਨੇ ਪੈ ਰਹੇ ਹਨ।
ਪਿਛਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ਬਾਲ ਵਾਟਿਕਾ ਦੇ ਛੋਟੇ ਬੱਚਿਆਂ ਨੇ “ਰੰਗੋਲੀ ਮੁਕਾਬਲੇ” ਵਿਚ ਆਪਣੀਆਂ ਕਲਪਨਾਵਾਂ ਨੂੰ ਰੰਗ... ਅਗਲੀ ਖ਼ਬਰ ਸਰਕਾਰ ਨੇ ਨਗਰ ਨਿਗਮ ਤੋਂ ਉਸਾਰੀਆਂ ਬਾਰੇ ਇਕ ਹਫ਼ਤੇ ਵਿਚ ਮੰਗਿਆ ਰਿਕਾਰਡ ਮੁੱਖ ਚੌਕਸੀ ਅਫ਼ਸਰ ਦੀ ਹਦਾਇਤ ’ਤੇ ਵੀ ਨਿਗਮ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।