15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਵਿਨਾਸ਼ ਰਾਏ ਖੰਨਾ, ਕ੍ਰਿਸ਼ਨ ਦੇਵ ਭੰਡਾਰੀ ਵਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ ਫੋਕਲ ਪੁਆਇੰਟ ਅੰਡਰ ਪਾਸ, ਮਿਲਕ ਪਲਾਂਟ ਬਾਕਸ ਕਲਵਰਟ ਨੂੰ ਚੌੜਾ ਕਰਵਾਉਣ ਦੀ ਮੰਗ

ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਸ਼ਿਵ)- ਸਾਬਕਾ ਰਾਜ-ਸਭਾ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਵਿਨਾਸ਼ ਰਾਏ ਖੰਨਾ ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ, ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਉਨਾਂ ਦੇ ਦਿੱਲੀ ਸਥਿਤ ਨਿਵਾਸ ’ਤੇ ਮਿਲ ਕੇ ਜਲੰਧਰ ਲੰਘਦੇ ਨੈਸ਼ਨਲ ਹਾਈਵੇਅ ’ਤੇ ਸਥਿਤ ਦੋ ਅਹਿਮ ਟਰੈਫ਼ਿਕ ਰੁਕਾਵਟਾਂ ਨੂੰ ਜਲਦ ਦੂਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਨਾਂ ਨੇ ਕੇਂਦਰੀ ਮੰਤਰੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਦਿੱਤੇ ਗਏ ਮੰਗ ਪੱਤਰ ਵਿਚ ਉਕਤ ਆਗੂਆਂ ਦਾ ਕਹਿਣਾ ਸੀ ਕਿ ਫੋਕਲ ਪੁਆਇੰਟ ਚੌਂਕ ਨੇੜੇ ਐਨ.ਐੱਚ.-1 ’ਤੇ ਬਣਿਆ ਅੰਡਰ ਪਾਸ ਮੌਜੂਦਾ ਟਰੈਫ਼ਿਕ ਦੇ ਮੁਕਾਬਲੇ ਬਹੁਤ ਤੰਗ ਹੈ। ਇਸ ਰਸਤੇ ਰਾਹੀਂ 20 ਤੋਂ ਵੱਧ ਪਿੰਡਾਂ ਦੇ ਲੋਕਾਂ, ਹਜ਼ਾਰਾਂ ਉਦਯੋਗਿਕ ਇਕਾਈਆਂ ਦੇ ਕਰਮਚਾਰੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਲੰਘਣਾ ਪੈਂਦਾ ਹੈ। ਇਸ ਕਾਰਨ ਹਰ ਰੋਜ਼ ਲੰਬੇ ਟਰੈਫ਼ਿਕ ਜਾਮ ਲੱਗਦੇ ਹਨ, ਜਿਸ ਨਾਲ ਸਮੇਂ ਅਤੇ ਇੰਧਨ ਦੀ ਬਰਬਾਦੀ, ਪ੍ਰਦੂਸ਼ਣ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾਂ ਨੇ ਸ੍ਰੀ ਨਿਤਿਨ ਗਡਕਰੀ ਨੂੰ ਇਹ ਵੀ ਦੱਸਿਆ ਕਿ ਐਨ.ਐੱਚ.-3 ’ਤੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਸਥਿਤ ਬਾਕਸ ਕਲਵਰਟ ਵੀ ਦਹਾਕਿਆਂ ਪਹਿਲਾਂ ਬਣਾਇਆ ਗਿਆ ਸੀ ਅਤੇ ਮੌਜੂਦਾ ਟਰੈਫ਼ਿਕ ਦੇ ਅਨੁਸਾਰ ਕਾਫ਼ੀ ਤੰਗ ਹੈ। ਜਲੰਧਰ ਦੇ ਵੱਡੇ ਹਿੱਸੇ ਦੀ ਆਵਾਜਾਈ, ਅਨਾਜ ਮੰਡੀ, ਸਬਜ਼ੀ ਮੰਡੀ, ਮੁੱਖ ਬਾਜ਼ਾਰਾਂ ਅਤੇ ਉਦਯੋਗਿਕ ਖੇਤਰਾਂ ਤੱਕ ਪਹੁੰਚ ਲਈ ਇਹ ਇਕ ਮਹੱਤਵਪੂਰਨ ਰਸਤਾ ਹੈ, ਜਿਸ ਕਾਰਨ ਇੱਥੇ ਵੀ ਹਰ ਸਮੇਂ ਟਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸ੍ਰੀ ਕੇ. ਡੀ. ਭੰਡਾਰੀ ਨੇ ਕਿਹਾ ਕਿ ਇਹ ਦੋਵੇਂ ਢਾਂਚੇ ਉਸ ਸਮੇਂ ਬਣੇ ਸਨ ਜਦੋਂ ਟਰੈਫ਼ਿਕ ਦਾ ਦਬਾਅ ਕਾਫ਼ੀ ਘੱਟ ਸੀ, ਪਰ ਹੁਣ ਵਾਹਨਾਂ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋ ਚੁੱਕਾ ਹੈ। ਇਸ ਲਈ ਇਨ੍ਹਾਂ ਦਾ ਵਿਸਥਾਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਮੰਗ ਕੀਤੀ ਕਿ ਫੋਕਲ ਪੁਆਇੰਟ ਅੰਡਰ ਪਾਸ ਅਤੇ ਵੇਰਕਾ ਮਿਲਕ ਪਲਾਂਟ ਸਾਹਮਣੇ ਬਾਕਸ ਕਲਵਰਟ ਨੂੰ ਜਲਦ ਤੋਂ ਜਲਦ ਚੌੜਾ ਕੀਤਾ ਜਾਵੇ। ਨਾਲ ਹੀ ਨੈਸ਼ਨਲ ਹਾਈਵੇਅ ਅਥਾਰਿਟੀ ਜਾਂ ਸਬੰਧਿਤ ਮੰਤਰਾਲੇ ਦੀ ਤਕਨੀਕੀ ਟੀਮ ਨੂੰ ਮੌਕੇ ਦਾ ਦੌਰਾ ਕਰਵਾ ਕੇ ਵਿਸਥਾਰ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਜਲੰਧਰ ਵਾਸੀਆਂ ਨੂੰ ਟਰੈਫ਼ਿਕ ਜਾਮ ਤੋਂ ਰਾਹਤ ਮਿਲ ਸਕੇ ਅਤੇ ਸ਼ਹਿਰ ਦੇ ਉਦਯੋਗਿਕ ਤੇ ਆਰਥਿਕ ਵਿਕਾਸ ਨੂੰ ਹੋਰ ਗਤੀ ਮਿਲੇ। ਸ੍ਰੀ ਨਿਤਿਨ ਗਡਕਰੀ ਨੇ ਭਾਜਪਾ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਜਲਦੀ ਹੀ ਤਕਨੀਕੀ ਟੀਮ ਭੇਜੀ ਜਾਵੇਗੀ।­
ਪਿਛਲੀ ਖ਼ਬਰ ‘ਆਪ’ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੋਂ ਗੁਰੇਜ਼ ਕਰੇ-ਇਕਬਾਲ ਸਿੰਘ ਭੱਟੀ ਅਗਲੀ ਖ਼ਬਰ ਜਲੰਧਰ ਹਾਈਟਸ ਕ੍ਰਿਕਟ ਐਕਸੀਲੈਂਸ ਸੈਂਟਰ ਵਿਚ ਆਧੁਨਿਕ ਟ੍ਰੇਨਿੰਗ ਸਹੂਲਤਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।