15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਰਸਾਤੀ ਮੌਸਮ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸੁਚੇਤ ਰਹਿਣਾ ਜ਼ਰੂਰੀ - ਸਿਵਲ ਸਰਜਨ

ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਜਤਿੰਦਰ ਪੰਮੀ)–ਬਰਸਾਤੀ ਮੌਸਮ ਕਾਰਨ ਜਿੱਥੇ ਆਮ ਤੌਰ ‘ਤੇ ਡੇਂਗੂ ਅਤੇ ਮਲੇਰੀਆ ਵਰਗੀਆਂ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦੀ ਲੋੜ ਹੈ, ਉੱਥੇ ਹੀ ਇਸ ਮੌਸਮ ਵਿੱਚ ਦੂਸ਼ਿਤ ਪਾਣੀ ਤੇ ਭੋਜਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵੀ ਸੁਚੇਤ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਬਰਸਾਤ ਕਾਰਨ ਜਗ੍ਹਾ-ਜਗ੍ਹਾ ਗੰਦਾ ਪਾਣੀ ਜਮ੍ਹਾਂ ਹੋਣ ਅਤੇ ਸੀਵਰੇਜ ਦੇ ਓਵਰਫਲੋਅ ਹੋਣ ਨਾਲ ਪੀਣ ਵਾਲੇ ਪਾਣੀ ਦੇ ਸਰੋਤ ਦੂਸ਼ਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਹਵਾ ਵਿੱਚ ਵੱਧ ਰਹੀ ਨਮੀ ਤੇ ਗਰਮੀ ਕਾਰਨ ਬੈਕਟੀਰੀਆ ਅਤੇ ਹੋਰ ਸੂਖਮ ਜੀਵ ਬਹੁਤ ਤੇਜ਼ੀ ਨਾਲ ਪਨਪਦੇ ਹਨ, ਜਿਸ ਨਾਲ ਖੁੱਲ੍ਹੇ ਵਿੱਚ ਪਿਆ ਖਾਣਾ ਬਹੁਤ ਜਲਦੀ ਖ਼ਰਾਬ ਹੋ ਜਾਂਦਾ ਹੈ। ਜੇਕਰ ਇਸ ਮੌਸਮ ਵਿੱਚ ਖਾਣ-ਪੀਣ ਦੇ ਮਾਮਲੇ ਵਿੱਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਵਰਤੀ ਜਾਵੇ ਤਾਂ ਫੂਡ ਪੋਇਜ਼ਨਿੰਗ, ਉਲਟੀਆਂ-ਦਸਤ (ਗੈਸਟ੍ਰੋਐਂਟਰਾਈਟਿਸ), ਟਾਈਫਾਈਡ, ਹੈਜ਼ਾ ਅਤੇ ਹੈਪੇਟਾਈਟਸ-ਏ (ਪੀਲੀਆ) ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਾ. ਗਰਗ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਤੋਂ ਬੱਚਣ ਲਈ ਹਮੇਸ਼ਾ ਉਬਾਲ ਕੇ ਤੇ ਠੰਢਾ ਕੀਤਾ ਪਾਣੀ ਜਾਂ ਚੰਗੀ ਤਰ੍ਹਾਂ ਫਿਲਟਰ ਕੀਤਾ ਪਾਣੀ ਹੀ ਪੀਣ ਲਈ ਵਰਤਿਆ ਜਾਵੇ। ਖਾਣੇ ਦੇ ਮਾਮਲੇ ਵਿੱਚ ਹਮੇਸ਼ਾ ਤਾਜ਼ਾ ਤੇ ਗਰਮ ਬਣਿਆ ਹੋਇਆ ਭੋਜਨ ਹੀ ਖਾਓ। ਇਸ ਦੇ ਨਾਲ ਹੀ, ਬਾਹਰ ਰੇਹੜੀਆਂ-ਫੜ੍ਹਿਆਂ ‘ਤੇ ਵਿਕਣ ਵਾਲੇ ਖੁੱਲ੍ਹੇ ਸਟ੍ਰੀਟ ਫੂਡ, ਪਹਿਲਾਂ ਤੋਂ ਕੱਟ ਕੇ ਰੱਖੇ ਹੋਏ ਫਲ ਅਤੇ ਬਾਹਰਲੇ ਕੱਚੇ ਸਲਾਦ ਖਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ, ਘਰ ਵਿੱਚ ਬਣੇ ਭੋਜਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਫ਼ਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਝ ਵੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਦੀ ਆਦਤ ਪਾਓ ਅਤੇ ਘਰ ਵਿੱਚ ਵਰਤੇ ਜਾਣ ਵਾਲੇ ਫਲਾਂ ਤੇ ਸਬਜ਼ੀਆਂ ਨੂੰ ਵੀ ਬਣਾਉਣ ਜਾਂ ਖਾਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਉਨ੍ਹਾਂ ਇਹ ਵੀ ਕਿਹਾ ਕਿ ਬਿਮਾਰ ਹੋਣ ਦੀ ਸਥਿਤੀ ਵਿੱਚ ਕਦੇ ਵੀ ਖੁਦ ਇਲਾਜ (ਸੈਲਫ-ਮੈਡੀਕੇਸ਼ਨ) ਨਾ ਕੀਤਾ ਜਾਵੇ ਅਤੇ ਕੇਵਲ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਈ ਜਾਵੇ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਫੋਲੜੀਵਾਲ ਵਿਚ ਅੱਖਾਂ ਦਾ ਚੈਕਕੈਂਪ ਅਗਲੀ ਖ਼ਬਰ ਅੱਜ ਤੋਂ ਤਿੰਨ ਦਿਨ ਤੱਕ ਫਿਰ ‘ਨੋ ਵਰਕ ਡੇਅ’ ’ਤੇ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।