03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਸ਼ਿਵ)-ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਦੀ ਮੀਟਿੰਗ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨ੍ਹੀ ਸਹੋਤਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਵਿਚ ਹੋਈ। ਮੀਟਿੰਗ ਦੌਰਾਨ ਧੂਰੀ ਅਤੇ ਸੰਗਰੂਰ ਵਿਚ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਆਗੂਆਂ ਨੇ ਦੋਸ਼ ਲਗਾਇਆ ਕਿ ਜਲੰਧਰ ਵਿਚ ਡੋਰ-ਟੂ-ਡੋਰ ਕਲੈਕਸ਼ਨ ਦਾ ਲਗਪਗ 607 ਕਰੋੜ ਰੁਪਏ ਦਾ ਠੇਕਾ ਕੂੜਾ ਪ੍ਰਬੰਧਨ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2016 ਵਿਚ ਵੀ ਇਸ ਪ੍ਰਣਾਲੀ ਦੇ ਵਿਰੋਧ ਵਿਚ ਪੰਜਾਬ ਭਰ ਵਿਚ ਲਗਾਤਾਰ ਹੜਤਾਲਾਂ ਕੀਤੀਆਂ ਗਈਆਂ ਸਨ ਅਤੇ ਇਸ ਮੁਲਾਜ਼ਮ ਵਿਰੋਧੀ ਸਿਸਟਮ ਨੂੰ ਰੋਕਿਆ ਗਿਆ ਸੀ। ਹੁਣ ਵੀ ਸਾਂਝੀਆਂ ਯੂਨੀਅਨਾਂ ਇਸ ਪ੍ਰਣਾਲੀ ਦਾ ਡਟ ਕੇ ਵਿਰੋਧ ਕਰਨਗੀਆਂ। ਯੂਨੀਅਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਜਲੰਧਰ ਵਿਚ ਕੂੜਾ ਪ੍ਰਬੰਧਨ ਸਿਸਟਮ ਲਾਗੂ ਕੀਤਾ ਗਿਆ ਤਾਂ 2016 ਦੀ ਤਰ੍ਹਾਂ ਸਾਰੀਆਂ ਯੂਨੀਅਨਾਂ ਇੱਕਜੁੱਟ ਹੋ ਕੇ ਹੜਤਾਲ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਜਲੰਧਰ ਦੇ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿਚ ਇਹ ਵੀ ਐਲਾਨ ਕੀਤਾ ਗਿਆ ਕਿ ਧੂਰੀ ਅਤੇ ਸੰਗਰੂਰ ਦੀ ਘਟਨਾ ਅਤੇ ਮੁਲਾਜ਼ਮ ਵਿਰੋਧੀ ਕੂੜਾ ਪ੍ਰਬੰਧਨ ਸਿਸਟਮ ਦੇ ਵਿਰੋਧ ਵਿਚ ਅਗਲੇ ਹਫ਼ਤੇ ਜਲੰਧਰ ਨਗਰ ਨਿਗਮ ਵਿਚ ਪੰਜਾਬ ਭਰ ਦੀਆਂ ਸਾਰੀਆਂ ਯੂਨੀਅਨਾਂ ਦੀ ਇੱਕ ਵਿਸ਼ਾਲ ਮੀਟਿੰਗ ਬੁਲਾਈ ਜਾਵੇਗੀ। ਇਸ ਵਿਚ ਪੰਜਾਬ ਸਰਕਾਰ ਖ਼ਿਲਾਫ਼ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਸੂਬਾ ਪੱਧਰੀ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸੈਨੇਟਰੀ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸੰਨ੍ਹੀ ਸੇਠੀ, ਹੀਰੋ ਸਭਰਵਾਲ, ਕਰਨ ਥਾਪਰ, ਨਿਗਮ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੌਰਵ ਗਿੱਲ, ਬੰਟੀ ਥਾਪਰ, ਰਾਹੁਲ ਲੁਥਾਰ, ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ, ਅਨੂਪ ਗਿੱਲ, ਜੁਗਲ ਕਿਸ਼ੋਰ, ਪ੍ਰਦੀਪ, ਸੰਜੀਵ, ਸੀਵਰਮੈਨ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ, ਰਾਜੂ ਛੋਟਾ, ਜੋਂਟੀ ਸਰਵਟੇ, ਕਾਕਾ ਸਹੋਤਾ, ਵਾਟਰ ਸਪਲਾਈ ਰਿਕਵਰੀ ਸਟਾਫ਼ ਦੇ ਪ੍ਰਧਾਨ ਹਰਜੀਤ ਬੌਬੀ, ਰਾਜਿੰਦਰ ਸਭਰਵਾਲ, ਮਿਉਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਨੋਦ ਸਹੋਤਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਨਵ-ਨਿਯੁਕਤ ਚੇਅਰਮੈਨ ਸਮਾਜ ਦੀ ਭਲਾਈ ਲਈ ਅਹਿਮ ਭੂਮਿਕਾ ਨਿਭਾਉਣਗੇ-ਕੋਹਲੀ ਅਗਲੀ ਖ਼ਬਰ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।