ਨਕੋਦਰ, 18 ਜੁਲਾਈ (ਗੁਰਵਿੰਦਰ ਸਿੰਘ)-ਨਕੋਦਰ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਮਾਲੜੀ ਵਿੱਚ ਸਥਿਤ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਬਾਬਾ ਮੱਲ ਸਾਹਿਬ, ਡੇਰਾ ਬਾਬਾ ਮੁਰਾਦ ਸ਼ਾਹ,ਡੇਰਾ ਬਾਬਾ ਲਾਲ ਬਾਦਸ਼ਾਹ ਅਤੇ ਮਕਬਰੇ ਕਾਰਨ ਇਹ ਸ਼ਹਿਰ ਆਸਥਾ ਦਾ ਕੇਂਦਰ ਬਿੰਦੂ ਹੈ। ਵੱਖ ਵੱਖ ਧਾਰਮਿਕ ਸਥਾਨਾਂ ਵਿੱਚ ਆਸਥਾ ਰੱਖਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸ਼ਹਿਰ ਪੁੱਜਦੀਆਂ ਹਨ। ਪਰੰਤੂ ਇਸ ਸਥਾਨ ਤੇ ਪੁੱਜਣ ਵਾਲੀਆਂ ਸੰਗਤਾਂ ਨੂੰ ਬਸ ਸਟੈਂਡ ਦੀਆਂ ਸਹੂਲਤਾਂ ਅਤੇ ਬਿਲਡਿੰਗ ਦੇਖ ਕੇ ਨਮੋਸ਼ ਹੋਣਾ ਪੈਂਦਾ ਹੈ। ਨਕੋਦਰ ਸ਼ਹਿਰ ਵਿੱਚ ਬਣੇ ਬੱਸ ਸਟੈਂਡ ਨੂੰ ਅੰਦਾਜ਼ਨ 60-65 ਸਾਲ ਹੋ ਚੁੱਕੇ ਹਨ। ਅੱਜ ਇਸ ਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਹੋ ਗਈ ਹੈ ਕਿ ਇਸ ਦੀ ਬਿਲਡਿੰਗ ਕਦੇ ਵੀ ਡਿੱਗ ਕੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ। ਜ਼ਿਕਰ ਯੋਗ ਹੈ ਕਿ ਬੱਸ ਸਟੈਂਡ ਦੀ ਹਾਲਤ ਅੰਦਰੋਂ ਇੰਨੀ ਖਸਤਾ ਹੋ ਚੁੱਕੀ ਹੈ ਕਿ ਬਾਹਰਲੇ ਸ਼ੈੱਡ ਦੀ ਹਾਲਤ ਦਿਨ ਪ੍ਰਤੀ ਦਿਨ ਜ਼ਰਜ਼ਰ ਹੁੰਦੀ ਜਾ ਰਹੀ ਹੈ ਅਤੇ ਸੈੱਡ ਦੇ ਕਈ ਪਿੱਲਰ ਡਿੱਗਣ ਦੀ ਸਥਿਤੀ ਵਿੱਚ ਹਨ। ਇਤਿਹਾਸਿਕ ਮਹੱਤਤਾ ਕਾਰਨ ਵੱਡੀ ਗਿਣਤੀ ਵਿੱਚ ਇਥੇ ਪੁੱਜਦੀਆਂ ਸਵਾਰੀਆਂ ਦੇ ਖੜਨ ਲਈ ਇਥੇ ਸ਼ੈਡ ਕਾਫੀ ਨਹੀਂ ਹੈ। ਬਹੁਤੀਆਂ ਸਵਾਰੀਆਂ ਨੂੰ ਮਜਬੂਰਨ ਬਾਹਰ ਧੁੱਪੇ ਹੀ ਖੜਨਾ ਪੈਂਦਾ ਹੈ । ਬਸ ਸਟੈਂਡ ਦੇ ਅੰਦਰ ਆਉਣ ਵਾਲੀ ਸੜਕ ਤੇ ਵੀ ਡੂੰਘੇ ਡੂੰਘੇ ਟੋਏ ਪਏ ਹੋਏ ਹਨ ਜੋ ਬੱਸ ਸਟੈਂਡ ਦੀ ਸਥਿਤੀ ਨੂੰ ਆਪ ਬਿਆਨ ਕਰਦੇ ਹਨ। ਬਿਨਾਂ ਟੋਇਆ ਵਿੱਚੋਂ ਬੱਸਾਂ ਦਾ ਲੰਘਣਾ ਇਹ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਨਗਰ ਨਗਰ ਕੌਂਸਲ ਦੀ ਬੇਰੁਖੀ ਹੀ ਕਹੀ ਜਾ ਸਕਦੀ ਹੈ ਕਿ ਇਹਨਾਂ ਟੋਇਆਂ ਨੂੰ ਭਰਨ ਜਾਂ ਇਸਦੇ ਪੈਚ ਵਰਕ ਲਈ ਟਾਈਮ ਨਹੀਂ ਹੈ। ਵੱਖ ਵੱਖ ਪਾਰਟੀਆਂ ਦੀਆਂ ਆਈਆਂ ਵੱਖ-ਵੱਖ ਸਰਕਾਰਾਂ ਵੱਲੋਂ ਵੀ ਇਸ ਬਸ ਸਟੈਂਡ ਦੀ ਡਿੱਗ ਰਹੀ ਬਿਲਡਿੰਗ ਵੱਲ ਧਿਆਨ ਨਹੀਂ ਦਿੱਤਾ ਗਿਆ । ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਇਸ ਬੱਸ ਸਟੈਂਡ ਦੇ ਲੈਂਟਰ ਦਾ ਸੀਮੈਂਟ ਡਿੱਗਣ ਨਾਲ ਹੇਠ ਬੈਠੇ ਇੱਕ ਵਿਅਕਤੀ ਦੀ ਜਾਨ ਵੀ ਜਾ ਚੁੱਕੀ ਹੈ । ਉਕਤ ਦੁਰਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਸਰਕਾਰ ਦੀ ਅੱਖ ਨਹੀਂ ਖੁੱਲੀ । ਨਕੋਦਰ ਸ਼ਹਿਰ ਦੀ ਇਤਿਹਾਸਿਕ ਮਹੱਤਤਾ ਅਤੇ ਇਥੇ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਵੱਖ ਵੱਖ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਸੰਗਤਾਂ ਦੀ ਵੱਡੀ ਗਿਣਤੀ ਦੇ ਬਾਵਜੂਦ ਬਸ ਸਟੈਂਡ ਦਾ ਸੁਧਾਰ ਨਾਂ ਕੀਤੇ ਜਾਣ ਕਾਰਨ ਲੋਕ ਹੈਰਾਨ ਹਨ। ਕਾਬਲੇ ਗੌਰ ਹੈ ਕਿ ਪੇਂਡੂ ਖੇਤਰ ਦੇ ਜ਼ਿਆਦਾਤਰ ਲੋਕ ਇੱਥੇ ਪੁੱਜਣ ਲਈ ਬੱਸਾਂ ਵਿੱਚ ਹੀ ਸਫਰ ਕਰਦੇ ਹਨ। ਇੱਥੇ ਪੁੱਜਦੀਆਂ ਸਵਾਰੀਆਂ ਬੱਸ ਸਟੈਂਡ ਦੇ ਅੰਦਰ ਖੜੇ ਹੋਣ ਤੋਂ ਵੀ ਡਰਦੀਆਂ ਹਨ ਕਿ ਪਤਾ ਨਹੀਂ ਕਦੋਂ ਕਿਹੜੇ ਵੇਲੇ ਕੋਈ ਹਾਦਸਾ ਵਾਪਰ ਜਾਵੇ । ਬਸ ਸਟੈਂਡ ਦੇ ਅੰਦਰ ਬਣੀ ਪਾਣੀ ਦੀ ਟੈਂਕੀ ਦੀ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਉਸ ਦੀ ਕਦੇ ਵੀ ਸਫਾਈ ਨਹੀਂ ਕੀਤੀ ਗਈ। ਉਸਦਾ ਬਾਹਰਲੇ ਖੇਤਰ ਵਿੱਚ ਪੁੱਜੇ ਯਾਤਰੂ ਵੱਲੋਂ ਅਣਜਾਣ ਪੁਣੇ ਜਾਂ ਭੁੱਲ ਭੁਲੇਖੇ ਵਿੱਚ ਪਾਣੀ ਪੀਣ ਨਾਲ ਕਦੇ ਵੀ ਬਿਮਾਰੀ ਫੈਲ ਸਕਦੀ ਹੈ । ਬਸ ਸਟੈਂਡ ਦੇ ਅੰਦਰ ਬਣੇ ਬਾਥਰੂਮਾਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ।ਸਵਾਰੀਆਂ ਇਥੇ ਸਥਿਤ ਬਾਥਰੂਮ ਵੱਲ ਬਾਥਰੂਮ ਲਿਖਿਆ ਦੇਖ ਕੇ ਇਸ ਵੱਲ ਜਾਂਦੀਆਂ ਜਰੂਰ ਹਨ, ਪਰੰਤੂ ਬਦਬੂ ਅਤੇ ਸਫਾਈ ਨਾਂ ਹੋਣ ਕਾਰਨ ਬਿਨਾਂ ਬਾਥਰੂਮ ਕੀਤੇ ਹੀ ਮੁੜ ਜਾਂਦੀਆਂ ਹਨ।ਬਸ ਸਟੈਂਡ ਦੇ ਅੰਦਰ ਵੱਖ-ਵੱਖ ਲਾਟਰੀ ਸਟਾਲਾਂ ਤੇ ਕਈ ਹੋਰ ਲੋਕਾਂ ਵੱਲੋਂ ਨਜਾਇਜ਼ ਕਬਜੇ ਕੀਤੇ ਗਏ ਹਨ। ਜਿਸ ਵੱਲ ਲੋਕਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ । ਕੋਈ ਵੀ ਨਵੀਂ ਸਰਕਾਰ ਬਣਨ ਤੇ ਇਸ ਇਲਾਕੇ ਵਿੱਚੋਂ ਬਣਦੇ ਨਵੇਂ ਵਿਧਾਇਕ ਵੱਲੋਂ ਲੋਕਾਂ ਨੂੰ ਅਕਸਰ ਲਾਰੇ ਲਗਾਏ ਜਾਂਦੇ ਹਨ ਬੱਸ ਸਟੈਂਡ ਦੇ ਸਰਕਾਰ ਵੱਲੋਂ ਪੈਸੇ ਪਾਸ ਹੋ ਚੁੱਕੇ ਹਨ ਅਤੇ ਜਲਦੀ ਹੀ ਨਵੇਂ ਬੱਸ ਸਟੈਂਡ ਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ। ਪਰੰਤੂ ਇਹ ਇਹ ਵਾਅਦਾ ਊਠ ਦੇ ਬੁੱਲ ਵਾਂਗੂ ਹੀ ਸਾਬਿਤ ਹੁੰਦਾ ਹੈ । ਬਰਸਾਤ ਦੇ ਦਿਨਾਂ ਦੌਰਾਨ ਮੀਂਹ ਦਾ ਪਾਣੀ ਪੂਰੇ ਬੱਸ ਸਟੈਂਡ ਦੇ ਅੰਦਰ ਭਰ ਜਾਂਦਾ ਹੈ ਤੇ ਸਵਾਰੀਆਂ ਦਾ ਪੈਦਲ ਲੰਘਣਾ ਵੀ ਮੁਸ਼ਕਲ ਹੁੰਦਾ ਹੈ। ਸ਼ਹਿਰ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਬੱਸ ਸਟੈਂਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਸਵਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਹੋ ਸਕੇ । ਇਸ ਸਬੰਧੀ ਜਦੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਬਣਾਉਣ ਲਈ ਪੈਸੇ ਪਾਸ ਹੋ ਚੁੱਕੇ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਕਰਕੇ ਸ਼ਹਿਰ ਵਾਸੀਆਂ ਨੂੰ ਇੱਕ ਆਲੀਸ਼ਾਨ ਬਸ ਸਟੈਂਡ ਦਿੱਤਾ ਜਾਵੇਗਾ ।