04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਅੱਜ ਹੋਵੇਗਾ ਕੂੜਾ ਪ੍ਰਬੰਧਨ ਦੇ 600 ਕਰੋੜ ਦੇ ਪ੍ਰਾਜੈਕਟ ਦਾ ਫ਼ੈਸਲਾ ਮੇਅਰ ਦੀ ਪ੍ਰਧਾਨਗੀ ਵਿਚ ਹੋਵੇਗੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ

ਅਜੀਤ ਡੈਸਕ 27-07-2026
ਜਲੰਧਰ, 26 ਜੁਲਾਈ (ਸ਼ਿਵ)- ਅਗਲੇ ਸਾਲ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਨਗਰ ਨਿਗਮ ’ਤੇ ਇਸ ਵੇਲੇ ਕਾਫ਼ੀ ਦਬਾਅ ਹੈ ਕਿ ਸ਼ਹਿਰ ਵਿਚ ਰਹਿੰਦੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਜਾਵੇ, ਸਗੋਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨੂੰ ਖ਼ਤਮ ਕਰਨ ਅਤੇ ਉਸ ਦੀ ਖਾਦ ਬਣਾਉਣ ਲਈ ਹੁਣ ਤੱਕ ਦਾ ਸਭ ਤੋਂ ਵੱਡੇ 600 ਕਰੋੜ ਦੇ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਨੂੰ ਵੀ ਸਿਰੇ ਚੜ੍ਹਾਇਆ ਜਾਵੇ ਕਿਉਂਕਿ ਇਹ ਇੱਕੋ ਇਕ ਇਸ ਤਰ੍ਹਾਂ ਦਾ ਪ੍ਰਾਜੈਕਟ ਹੈ ਜਿਸ ਵਿਚ ਕੰਪਨੀ ਵਲੋਂ ਨਾ ਸਿਰਫ਼ ਘਰੋਂ-ਘਰੀਂ ਲੋਕਾਂ ਤੋਂ ਕੂੜਾ ਇਕੱਠਾ ਕੀਤਾ ਜਾਵੇਗਾ ਸਗੋਂ ਉਕਤ ਕੂੜੇ ਨੂੰ ਵਰਿਆਣਾ ਲੈ ਜਾ ਕੇ ਉੱਥੇ ਬਣਾਏ ਜਾਣ ਵਾਲੇ ਪਲਾਂਟ ਵਿਚ ਖਾਦ ਤਿਆਰ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਲਈ ਨਿਗਮ ਵਲੋਂ 600 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਹੈ। ਜਿੱਥੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਇਸ ਦੀ ਟੈਂਡਰ ਪ੍ਰਕਿਰਿਆ ਕਾਫ਼ੀ ਹੱਦ ਤੱਕ ਪੂਰੀ ਕਰ ਲਈ ਹੈ ਤੇ ਜੇਕਰ 27 ਜੁਲਾਈ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਨਗਰ ਨਿਗਮ ਦੀ ਵੱਡੀ ਜਿੱਤ ਹੋਵੇਗੀ ਕਿਉਂਕਿ ਇਸ ਪ੍ਰਾਜੈਕਟ ਦਾ ਨਿਗਮ ਯੂਨੀਅਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਯੂਨੀਅਨਾਂ ਦੇ ਵਿਰੋਧ ਕਰਕੇ ਇਸ ਪ੍ਰਾਜੈਕਟ ਨੂੰ ਲਾਗੂ ਕਰਨਾ ਆਸਾਨ ਨਹੀਂ ਹੈ। ਵਿੱਤ ਤੇ ਠੇਕਾ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਜੇਕਰ 690 ਕਰੋੜ ਦੇ ਕੰਮ ਪਾਏ ਗਏ ਹਨ ਤਾਂ ਇਨ੍ਹਾਂ ਵਿਚੋਂ 600 ਕਰੋੜ ਦਾ ਇਕੱਲਾ ਪ੍ਰਾਜੈਕਟ ਕੂੜਾ ਪ੍ਰਬੰਧਨ ਦਾ ਸ਼ਾਮਿਲ ਹੈ, ਜਦਕਿ ਬਾਕੀ 90 ਕਰੋੜ ਦੇ ਹੋਰ ਵਿਕਾਸ ਦੇ ਕੰਮ ਸ਼ਾਮਿਲ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਨਿਗਮ ਯੂਨੀਅਨਾਂ ਵਲੋਂ ਕੁੱਝ ਦਿਨ ਪਹਿਲਾਂ ਮੇਅਰ ਵਨੀਤ ਧੀਰ ਨੂੰ ਇਸ ਪ੍ਰਾਜੈਕਟ ਬਾਰੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਜੇਕਰ ਇਸ ਨੂੰ ਲਾਗੂ ਕੀਤਾ ਗਿਆ ਤਾਂ ਉਹ ਹੜਤਾਲ ’ਤੇ ਚਲੇ ਜਾਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਕਮੇਟੀ ਦੀ ਮੀਟਿੰਗ ’ਤੇ ਲੱਗੀਆਂ ਹੋਈਆਂ ਹਨ । ਅੱਜ ਹੋਣ ਵਾਲੀ ਮੀਟਿੰਗ ਵਿਚ ਕੁੱਝ ਮੈਂਬਰ ਇਸ ਪ੍ਰਾਜੈਕਟ ਦੇ ਮਤੇ ਦਾ ਵਿਰੋਧ ਕਰ ਸਕਦੇ ਹਨ।

ਪਲਾਸਟਿਕ ਦੀ ਜ਼ਿਆਦਾ ਵਰਤੋਂ ਸਭ ਤੋਂ ਵੱਡੀ ਸਮੱਸਿਆ
ਹੈਲਥ ਸ਼ਾਖਾ ਨੇ ਚਲਾਨ ਕਰਨੇ ਕੀਤੇ ਬੰਦ


ਐਨ. ਜੀ. ਟੀ. ਨੇ ਸ਼ਹਿਰ ਦੀ ਕੂੜਾ ਸਮੱਸਿਆ ਨੂੰ ਖ਼ਤਮ ਕਰਨ ਲਈ ਕਈ ਬਾਰ ਹਦਾਇਤਾਂ ਦਿੱਤਿਆਂ ਹਨ। ਇਸ ਵੇਲੇ ਪਲਾਸਟਿਕ ਦੀ ਸ਼ਹਿਰ ਵਿਚ ਵਰਤੋਂ ਦੁੱਗਣੀ ਹੋ ਗਈ ਹੈ ਜਿਸ ਨਾਲ ਕੂੜੇ ਦੀ ਸਮੱਸਿਆ ਵਧ ਗਈ ਹੈ। ਐਨ. ਜੀ. ਟੀ. ਮੁਤਾਬਿਕ ਜੇਕਰ ਲੋਕਾਂ ਦੇ ਘਰਾਂ ਤੋਂ ਹੀ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਲਿਆ ਜਾਵੇ ਤਾਂ ਗਿੱਲੇ ਕੂੜੇ ਨੂੰ ਪਿੱਟਾਂ ਵਿਚ ਖਾਦ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਜਦਕਿ ਸੁੱਕੇ ਕੂੜੇ ਨੂੰ ਵੇਚਿਆ ਜਾ ਸਕਦਾ ਹੈ ਪਰ ਇਹ ਸਕੀਮ ਲਾਗੂ ਨਹੀਂ ਹੋਈ ਹੈ। ਕੁੱਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਸੁੱਕਾ ਗਿੱਲਾ ਕੂੜਾ ਇਕੱਠਾ ਹੀ ਕਰਮਚਾਰੀਆਂ ਨੂੰ ਦੇ ਰਹੇ ਹਨ ਜਾਂ ਡੰਪਾਂ ’ਤੇ ਸੁੱਟ ਰਹੇ ਹਨ। 100 ਕਿੱਲੋ ਤੋਂ ਜ਼ਿਆਦਾ ਕੂੜਾ ਪੈਦਾ ਕਰਨ ਵਾਲਿਆਂ ਨੇ ਵੀ ਆਪ ਕੂੜੇ ਨੂੰ ਖਾਦ ਵਿਚ ਬਦਲਣ ਲਈ ਮਸ਼ੀਨਰੀ ਨਹੀਂ ਲਗਾਈ ਹੈ ਜਿਸ ਕਰਕੇ ਡੰਪਾਂ ’ਤੇ ਵੱਡੇ ਅਦਾਰਿਆਂ ਦਾ ਟਨਾਂ ਦੇ ਹਿਸਾਬ ਨਾਲ ਕੂੜਾ ਆ ਰਿਹਾ ਹੈ। ਸ਼ਹਿਰ ਵਿਚ ਕੂੜੇ ਦੇ ਢੇਰਾਂ ਵਿਚ ਪਲਾਸਟਿਕ ਦੀ ਨਜ਼ਰ ਆ ਰਿਹਾ ਹੈ ਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦਾ ਸੁਫ਼ਨਾ ਖ਼ਤਮ ਹੋ ਕੇ ਰਹਿ ਗਿਆ ਹੈ। ਨਗਰ ਨਿਗਮ ਦੀ ਹੈਲਥ ਬਰਾਂਚ ਵਲੋਂ ਪਲਾਸਟਿਕ ਦੀ ਵਰਤੋਂ ਰੋਕਣ ਲਈ ਜਦੋਂ ਦਾ ਚਲਾਨ ਕਰਨੇ ਬੰਦ ਕੀਤੇ ਗਏ ਹਨ ਤਾਂ ਉਸ ਤੋਂ ਬਾਅਦ ਸ਼ਹਿਰ ਵਿਚ ਪਲਾਸਟਿਕ ਦੀ ਵਿੱਕਰੀ ਅਤੇ ਕੂੜੇ ਦੀ ਰਿਕਾਰਡ ਭਰਮਾਰ ਹੋ ਗਈ ਹੈ।





ਪਿਛਲੀ ਖ਼ਬਰ ਸੁਨੀਲ ਕਟਿਆਲ ਦੁਬਾਰਾ ਪ੍ਰਧਾਨ ਬਣੇ ਨਿਗਮ ਅਫ਼ਸਰਾਂ ਨਾਲ ਮਸਲੇ ਹੱਲ ਕਰਨ ਦਾ ਵੀ ਦਿੱਤਾ ਭਰੋਸਾ ਅਗਲੀ ਖ਼ਬਰ ਗੌਰਮਿੰਟ, ਐਮ. ਸੀ. ਕਰਮਚਾਰੀ ਤੇ ਵਰਕਰ, ਯੂ. ਟੀ. ਚੰਡੀਗੜ੍ਹ ਦੀ ਤਾਲਮੇਲ ਕਮੇਟੀ ਦੇ ਪ੍ਰਤੀਨਿਧੀਆਂ ਨਾਲ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।