03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕੂੜੇ ਦਾ ਡੰਪ ਬਣਦੀਆਂ ਜਾ ਰਹੀਆਂ ਸ਼ਾਹਕੋਟ ਸ਼ਹਿਰ ਦੀਆਂ ਜਨਤਕ ਥਾਵਾਂ

ਅਜੀਤ ਡੈਸਕ 29-07-2026
ਸ਼ਾਹਕੋਟ, 28 ਜੁਲਾਈ (ਸੁਖਦੀਪ ਸਿੰਘ)- ਇਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਵੱਛ ਭਾਰਤ ਅਭਿਆਨ ਅਤੇ ਸਿਹਤ ਵਿਭਾਗ ਵੱਲੋਂ ਸਾਫ਼-ਸਫ਼ਾਈ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਸ਼ਾਹਕੋਟ ਸ਼ਹਿਰ ਦੀਆਂ ਕਈ ਜਨਤਕ ਥਾਵਾਂ ਕੂੜੇ ਦੇ ਡੰਪਾਂ ਵਿੱਚ ਤਬਦੀਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਹਾਲਾਤ ਇੰਨੇ ਚਿੰਤਾਜਨਕ ਬਣ ਚੁੱਕੇ ਹਨ ਕਿ ਬਰਸਾਤੀ ਮੌਸਮ ਵਿਚ ਗੰਦਗੀ ਅਤੇ ਬਦਬੂ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਲਗਾਤਾਰ ਵੱਧ ਰਿਹਾ ਹੈ। ਭਾਵੇਂ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਖਾਲੀ ਪਲਾਟਾਂ ਵਿਚ ਕੂੜਾ ਨਾ ਸੁੱਟਣ ਅਤੇ ਉਨ੍ਹਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਸ਼ਹਿਰ ਦੇ ਕਈ ਜਨਤਕ ਸਥਾਨਾਂ ਅਤੇ ਖਾਲੀ ਪਲਾਟਾਂ ਵਿੱਚ ਹਰ ਰੋਜ਼ ਕੂੜੇ ਦੇ ਢੇਰ ਲੱਗ ਰਹੇ ਹਨ, ਜਿਸ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਆਮ ਲੋਕਾਂ ਦੀ ਸਿਹਤ ਵੀ ਖ਼ਤਰੇ ਵਿੱਚ ਪੈ ਰਹੀ ਹੈ। ਸ਼ਾਹਕੋਟ ਦਾ ਨਵਾਂ ਬੱਸ ਅੱਡਾ, ਜੋ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ, ਅੱਜ ਆਪਣੀ ਬਦਹਾਲੀ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੱਸਾਂ ਅੱਡੇ ਦੇ ਅੰਦਰ ਜਾਣ ਦੀ ਬਜਾਏ ਬਾਹਰੋਂ ਹੀ ਲੰਘ ਰਹੀਆਂ ਹਨ ਅਤੇ ਅੱਡੇ ਦਾ ਇੱਕ ਹਿੱਸਾ ਕੂੜਾ ਸੁੱਟਣ ਵਾਲੀ ਥਾਂ ਬਣ ਗਿਆ ਹੈ। ਜਨਤਕ ਪਖਾਨਿਆਂ ਦੇ ਬਾਹਰ ਕੂੜੇ ਦੇ ਢੇਰ ਅਤੇ ਫੈਲੀ ਬਦਬੂ ਕਾਰਨ ਲੋਕ ਉੱਥੇ ਜਾਣ ਤੋਂ ਵੀ ਕਤਰਾਉਂਦੇ ਹਨ। ਹਰ ਸਮੇਂ ਮੱਛਰ ਅਤੇ ਮੱਖੀਆਂ ਭਿੰਨਭਿਣਾਉਂਦੀਆਂ ਰਹਿੰਦੀਆਂ ਹਨ, ਜਿਸ ਨਾਲ ਇਲਾਕੇ ਦਾ ਮਾਹੌਲ ਅਸਹਿਣਯੋਗ ਬਣ ਚੁੱਕਾ ਹੈ। ਇਸੇ ਤਰ੍ਹਾਂ ਮੇਨ ਰੋਡ ਤੋਂ ਸਰਕਾਰੀ ਹਸਪਤਾਲ ਵੱਲ ਜਾਂਦੀ ਸੜਕ ਦੇ ਕਿਨਾਰੇ ਵੀ ਕੂੜੇ ਦੇ ਢੇਰ ਲਗਾਤਾਰ ਵੱਧ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਹਸਪਤਾਲ ਵਿੱਚ ਲੋਕਾਂ ਨੂੰ ਸਿਹਤ ਅਤੇ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ, ਉਸਦੇ ਨੇੜੇ ਹੀ ਗੰਦਗੀ ਦੇ ਢੇਰ ਸਿਹਤ ਵਿਭਾਗ ਦੀਆਂ ਮੁਹਿੰਮਾਂ ਦਾ ਮਖੌਲ ਉਡਾ ਰਹੇ ਹਨ। ਕੂੜਾ ਨਾਲੀਆਂ ਵਿੱਚ ਜਾਣ ਕਾਰਨ ਨਾਲੀਆਂ ਜਾਮ ਹੋ ਜਾਂਦੀਆਂ ਹਨ ਅਤੇ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਫੈਲ ਜਾਂਦਾ ਹੈ। ਸ਼ਾਹਕੋਟ ਥਾਣੇ ਦੇ ਬਾਹਰ ਵੀ ਹਾਲਾਤ ਬੇਹੱਦ ਮਾੜੇ ਹਨ। ਪੁਲਿਸ ਮੁਲਾਜ਼ਮਾਂ ਦੇ ਕੁਆਰਟਰਾਂ ਦੇ ਬਾਹਰ ਕੂੜਾ ਸੁੱਟੇ ਜਾਣ ਕਾਰਨ ਇਲਾਕੇ ਵਿੱਚ ਹਰ ਸਮੇਂ ਬਦਬੂ ਫੈਲੀ ਰਹਿੰਦੀ ਹੈ। ਨੇੜਲੇ ਦੁਕਾਨਦਾਰਾਂ ਅਤੇ ਰਿਹਾਇਸ਼ੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਇਥੇ ਹੀ ਪੁਰਾਣੇ ਬੱਸ ਅੱਡੇ ਦੇ ਜਨਤਕ ਪਖਾਨਿਆਂ ਦੇ ਬਾਹਰ ਵੀ ਕੂੜੇ ਦੇ ਢੇਰ ਆਮ ਦ੍ਰਿਸ਼ ਬਣ ਚੁੱਕੇ ਹਨ। ਤੇਜ਼ ਹਵਾ ਜਾਂ ਬਰਸਾਤ ਦੌਰਾਨ ਇਹ ਕੂੜਾ ਸੜਕਾਂ, ਦੁਕਾਨਾਂ ਅਤੇ ਘਰਾਂ ਦੇ ਸਾਹਮਣੇ ਤੱਕ ਫੈਲ ਜਾਂਦਾ ਹੈ, ਜਿਸ ਨਾਲ ਆਵਾਜਾਈ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਸਹਿਰਾ ਗਰਾਊਂਡ ਨੇੜੇ ਵੀ ਇੱਕ ਪਲਾਟ ਵਿਚ ਕੂੜਾ ਸੁੱਟਣਾ ਬੰਦ ਕਰਵਾਉਣ ਤੋਂ ਬਾਅਦ ਸਾਹਮਣੇ ਸਥਿਤ ਖਾਲੀ ਪਲਾਟ ਨੂੰ ਹੀ ਡੰਪਿੰਗ ਸਥਾਨ ਬਣਾ ਦਿੱਤਾ ਗਿਆ ਹੈ। ਇਹ ਰਿਹਾਇਸ਼ੀ ਇਲਾਕਾ ਹੋਣ ਕਾਰਨ ਇੱਥੇ ਰਹਿਣ ਵਾਲੇ ਪਰਿਵਾਰਾਂ ਨੂੰ ਹਰ ਰੋਜ਼ ਬਦਬੂ, ਮੱਛਰਾਂ ਅਤੇ ਗੰਦਗੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਅ ਰਹੇ ਹਨ, ਪਰ ਕੂੜੇ ਦੇ ਨਿਪਟਾਰੇ ਲਈ ਢੁੱਕਵੇਂ ਅਤੇ ਸਥਾਈ ਪ੍ਰਬੰਧ ਨਾ ਹੋਣ ਕਾਰਨ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਗਿਆਨਕ ਢੰਗ ਨਾਲ ਕੂੜਾ ਇਕੱਠਾ ਕਰਨ, ਛਾਂਟਣ ਅਤੇ ਨਿਪਟਾਉਣ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਸ਼ਾਹਕੋਟ ਵਿੱਚ ਕੂੜੇ ਦੇ ਨਿਪਟਾਰੇ ਲਈ ਤੁਰੰਤ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ, ਜਨਤਕ ਥਾਵਾਂ ਨੂੰ ਗੰਦਗੀ ਤੋਂ ਮੁਕਤ ਕਰਵਾਇਆ ਜਾਵੇ ਅਤੇ ਸਫ਼ਾਈ ਪ੍ਰਬੰਧ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇ। ਸ਼ਹਿਰ ਦੀ ਸਫ਼ਾਈ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ, ਸਗੋਂ ਹਰ ਨਾਗਰਿਕ ਦੇ ਸਿਹਤਮੰਦ ਭਵਿੱਖ ਨਾਲ ਜੁੜਿਆ ਬੁਨਿਆਦੀ ਮੁੱਦਾ ਹੈ।
ਪਿਛਲੀ ਖ਼ਬਰ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਵਿਖੇ ‘ਆਪ’ ਆਗੂਆਂ ਨੇ ਵਿਦਿਆਰਥਣਾਂ ਨੂੰ ਵੰਡੀਆਂ ਬੈਗ ਕਿੱਟਾਂ ਅਗਲੀ ਖ਼ਬਰ ਸਿੱਖਿਆ ਵਿਭਾਗ ਆਦਮਪੁਰ ਦਾ ਜ਼ੋਨਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।