ਜਲੰਧਰ, 29 ਜੁਲਾਈ (ਸ਼ਿਵ)- ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਤੇ ਨਗਰ ਨਿਗਮ ਯੂਨੀਅਨਾਂ ਦੇ ਪ੍ਰਧਾਨ ਸ੍ਰੀ ਬੰਟੂ ਸਭਰਵਾਲ ਨੇ ਕਿਹਾ ਹੈ ਕਿ ਉਨਾਂ ਦਾ ਸਮਾਜ ਅਤੇ ਜਥੇਬੰਦੀਆਂ ਵਲੋਂ ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ਦੇ ਉੱਪਰ ਹੋਏ ਲਾਠੀਚਾਰਜ ਦੇ ਖ਼ਿਲਾਫ਼ ਰੋਸ ਜਾਹਿਰ ਕਰਨ ਲਈ 27 ਜੁਲਾਈ ਨੂੰ ਸਾਰੇ ਸ਼ਹਿਰੀਆਂ ਦੇ ਸਹਿਯੋਗ ਨਾਲ ਜਲੰਧਰ ਬੰਦ ਕੀਤਾ ਗਿਆ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਤੇ ਇਸ ਕਰਕੇ 30 ਦੇ ਬੰਦ ਦੇ ਸੱਦੇ ਦੀ ਚੱਲ ਰਹੀ ਚਰਚਾ ਬਾਰੇ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ 30 ਜੁਲਾਈ ਨੂੰ ਉਨਾਂ ਵਲੋਂ ਕਿਸੇ ਤਰਾਂ ਦਾ ਕੋਈ ਜਲੰਧਰ ਬੰਦ ਦਾ ਸੱਦਾ ਨਹੀਂ ਦਿੱਤਾ ਗਿਆ ਹੈ ਸਗੋਂ 30 ਜੁਲਾਈ ਨੂੰ ਨਗਰ ਨਿਗਮ ਦਫਤਰ ਬਾਹਰ ਸ੍ਰੀ ਰਾਮ ਚੌਕ ਵਿਚ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਤੇ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਤੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ੍ਰੀ ਬੰਟੂ ਸਭਰਵਾਲ ਅੱਜ ਇਕ ਵਾਲਮੀਕਿ ਸਮਾਜ ਦੇ ਆਗੂਆਂ ਨਾਲ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨਾਂ ਨਾਲ ਵਿਪਨ ਸਭਰਵਾਲ, ਪ੍ਰਸ਼ੋਤਮ ਸੋਂਧੀ ਹੈਪੀ, ਸ਼ੰਮੀ ਲੂਥਰ, ਗੋਰਾ ਗਿੱਲ, ਵਿਨੋਦ ਗਿੱਲ, ਰਾਜਨ ਕਲਿਆਣ, ਸਿਕੰਦਰ ਖੋਸਲਾ, ਜਤਿੰਦਰ ਨਿੱਕਾ, ਹੈਪੀ ਥਾਪਰ ਤੇ ਹੋਰ ਵੀ ਆਗੂ ਮੌਜੂਦ ਸਨ। ਸ੍ਰੀ ਬੰਟੂ ਸਭਰਵਾਲ ਨੇ ਕਿਹਾ ਕਿ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਤੋਂ ਇਲਾਵਾ ਬਰਨਾਲਾ ਲਾਠੀਚਾਰਜ ਵਿਚ ਸ਼ਾਮਿਲ ਡੀ. ਐੱਸ. ਪੀ., ਐੱਸ. ਐੱਚ. ਓ. ਤੇ ਹੋਰਾਂ ਨੂੰ ਬਰਖ਼ਾਸਤ ਕਰਕੇ ਕੇਸ ਦਰਜ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਹਿਲਾਂ ਹੀ ਨਿਗਮ ਵਿਚ ਕਈ ਦਿਨਾਂ ਤੋਂ ਉਨਾਂ ਦੀਆਂ ਯੂਨੀਅਨਾਂ ਵਲੋਂ ਸਫ਼ਾਈ ਤੇ ਸੀਵਰੇਜ ਦੇ ਕੰਮ ਦੀ ਹੜਤਾਲ ਕੀਤੀ ਗਈ ਹੈ ਤੇ ਜਿੰਨੀ ਦੇਰ ਤੱਕ ਉਨਾਂ ਦੀਆਂ ਮੰਗਾਂ ਨੂੰ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਜੇਕਰ 30 ਦੇ ਰੋਸ ਪ੍ਰਦਰਸ਼ਨ ਦੇ ਬਾਵਜੂਦ ਸਰਕਾਰ ਨੇ ਮੰਗਾਂ ਨਹੀਂ ਮੰਨੀਏ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨਾਂ ਨੇ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨਾਲ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਸਮਾਜ ਦੇ ਆਗੂ ਹੋਣ ਕਰਕੇ ਉਨਾਂ ਨੂੰ ਬਰਨਾਲਾ ਵਿਚ ਹੜਤਾਲ ’ਤੇ ਬੈਠੇ ਕਰਮਚਾਰੀਆਂ ਨਾਲ ਸਰਕਾਰ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣਾ ਚਾਹੀਦਾ ਸੀ ਤੇ ਜੇਕਰ ਇਹ ਮਸਲਾ ਪਹਿਲਾਂ ਸੁਲਝਾ ਲਿਆ ਜਾਂਦਾ ਤਾਂ ਬਰਨਾਲਾ ਮਾਮਲੇ ਦੀ ਨੌਬਤ ਨਹੀਂ ਆਉਣੀ ਸੀ। ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਕਿ ਸਰਕਾਰ ਬਣਨ ਤੋਂ ਪਹਿਲਾਂ ਸਿਹਤ, ਸਿੱਖਿਆ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਜਿਹੜੇ ਵਾਅਦੇ ਕੀਤੇ ਗਏ ਸੀ, ਉਹ ਪੂਰੇ ਨਹੀਂ ਕੀਤੇ ਗਏ ਹਨ।