03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਤਹਿਸੀਲ ਕੰਪਲੈਕਸ ਦੇ ਰਿਕਾਰਡਰੂਮ ’ਚ ਜ਼ਮੀਨ ’ਤੇ ਰੁਲ ਰਹੇ ਨੇ ਮਾਲ ਵਿਭਾਗ ਨਾਲ ਸੰਬੰਧਿਤ ਦਸਤਾਵੇਜ਼ ਦੂਜੇ ਪਾਸੇ ਪ੍ਰਸ਼ਾਸਕੀ ਕੰਪਲੈਕਸ ’ਚ ਰਿਕਾਰਡ ਸੰਭਾਲਣ ਲਈ ਬਣਨ ਵਾਲੇ ਆਧੁਨਿਕ ਰੈਕਾਂ ਦਾ ਸਾਮਾਨ ਵੀ ਰੁ਼ਲ ਰਿਹੈ

ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਜਤਿੰਦਰ ਪੰਮੀ)–ਤਹਿਸੀਲ ਕੰਪਲੈਕਸ ਦੇ ਰਿਕਾਰਡ ਰੂਮ ਦੇ ਅੰਦਰ ਵੜ੍ਹਦਿਆਂ ਹੀ ਕਾਗਜ਼ਾਂ ਦਾ ਪਿਆ ਖਿਲਾਰਾ, ਇਸ ਦੇ ਰਿਕਾਰਡ ਸੰਭਾਲਣ ਵਾਲੀ ਥਾਂ ਘੱਟ ਤੇ ਕਬਾੜ ਦੀ ਦੁਕਾਨ ਦਾ ਵਧੇਰੇ ਝਲਕਾਰਾ ਪੇਸ਼ ਕਰਦਾ ਹੈ। ਇੱਥੇ ਜ਼ਿਲ੍ਹੇ ਭਰ ਦਾ ਮਾਲ ਵਿਭਾਗ ਦਾ ਪਿਆ ਸਾਮਾਨ ਜ਼ਮੀਨ ’ਤੇ ਰੁਲ਼ ਰਿਹਾ ਹੈ ਜੋ ਕਿ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਨਾਲ ਸੰਬੰਧਤ ਹੈ। ਰਿਕਾਰਡ ਰੂਮ ’ਚ ਆਉਣ ਵਾਲੇ ਲੋਕ ਜ਼ਮੀਨ ’ਤੇ ਪਏ ਅਹਿਮ ਦਸਤਾਵੇਜ਼ਾਂ ’ਤੇ ਪੈਰ ਧਰ ਕੇ ਏਧਰ-ਓਧਰ ਲੰਘਦੇ ਰਹਿੰਦੇ ਹਨ ਪਰ ਇੱਥੇ ਤਾਇਨਾਤ ਅਮਲਾ-ਫੈਲਾ ਤੇ ਸੰਬੰਧਤ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਜ਼ਿਲ੍ਹੇ ’ਚ ਰੋਜ਼ਾਨਾ ਹੋਣ ਵਾਲੀਆਂ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਦੇ ਸਾਰੇ ਦਸਤਾਵੇਜ਼ ਇੱਥੇ ਸੰਭਾਲ ਕੇ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਮਾੜੇ ਪ੍ਰਬੰਧਾਂ ਤੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਇਹ ਰੱਦੀ ਦਾ ਰੂਪ ਧਾਰ ਚੁੱਕਾ ਹੈ। ਦੱਸਣਯੋਗ ਹੈ ਕਿ ਇੱਥੇ ਰੱਖੇ ਗਏ ਰਜਿਸਟਰੀਆਂ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਅਕਸਰ ਹੀ ਲੋਕਾਂ ਨੂੰ ਨਕਲਾਂ ਲੈਣ ਆਉਣਾ ਪੈਂਦਾ ਹੈ ਪਰ ਰਿਕਾਰਡ ਲੱਭਣ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਨਕਲ ਲੈਣ ਵਾਲਿਆਂ ਨੂੰ ਕਈ-ਕਈ ਵਾਰ ਚੱਕਰ ਕੱਢਣੇ ਪੈਂਦੇ ਹਨ। ਵਿਭਾਗੀ ਸੂਤਰਾਂ ਮੁਤਾਬਕ ਰਿਕਾਰਡ ਰੂਮ ਵਿੱਚ ਰੱਖੇ ਗਏ ਰੈਕ ਪਹਿਲਾਂ ਹੀ ਭਰੇ ਹੋਣ ਕਰਕੇ ਰੋਜ਼ਾਨਾ ਆਉਣ ਵਾਲੇ ਦਸਤਾਵੇਜ਼ ਜ਼ਮੀਨ ’ਤੇ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਓਧਰ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਵੱਖ-ਵੱਖ ਬ੍ਰਾਂਚਾਂ ਦਾ ਰਿਕਾਰਡ ਸੰਭਾਲਣ ਲਈ ਪਿਛਲੇ ਕਈ ਮਹੀਨਿਆਂ ਤੋਂ ਆਧੁਨਿਕ ਰੈਕ ਬਣਾਉਣ ਲਈ ਕਰੀਬ 6 ਮਹੀਨਿਆਂ ਤੋਂ ਸਾਮਾਨ ਰੱਖਿਆ ਹੋਇਆ ਹੈ ਪਰ ਸੰਬੰਧਤ ਅਧਿਕਾਰੀਆਂ ਤੇ ਪੀ.ਡਬਲਿਊ. ਡੀ. ਵਿਭਾਗ ਵਲੋਂ ਕੀਤੀ ਜਾ ਰਹੀ ਦੇਰੀ ਕਾਰਨ ਇਹ ਸਾਮਾਨ ਬਾਹਰ ਪਿਆ ਹੀ ਖਰਾਬ ਹੋ ਰਿਹਾ ਹੈ। ਇਸ ਸੰਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਨਾਜਰ ਬ੍ਰਾਂਚ ਦੇ ਇੰਚਾਰਜ ਮਨਦੀਪ ਸਿੰਘ ਨੇ ਕਿਹਾ ਕਿ ਸਰਕਾਰੀ ਰਿਕਾਰਡ ਦੀ ਸੰਭਾਲ ਲਈ ਬਣਨ ਵਾਲੇ ਨਵੇਂ ਰੈਕ ਬਣਾਉਣ ਦਾ ਕੰਮ ਪੀ. ਡਬਲਿਊ. ਡੀ. ਅਧੀਨ ਹੈ, ਜਿਸ ਬਾਰੇ ਵਧੇਰੇ ਜਾਣਕਾਰੀ ਉਹੀ ਦੇ ਸਕਦੇ ਹਨ। ਓਧਰ ਪੀ. ਡਬਲਿਊ.ਡੀ. ਦੇ ਜੇ. ਈ. ਜਗਤਵੀਰ ਸਿੰਘ ਨੇ ਦੱਸਿਆ ਕਿ ਰੈਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਐੱਚ. ਆਰ. ਸੀ. ਬ੍ਰਾਂਚ ਵਿੱਚ ਟਾਈਲਾਂ ਲਾਉਣ ਦਾ ਕੰਮ ਹੋ ਚੁੱਕਾ ਹੈ, ਹੁਣ ਰੈਕ ਫਿਟ ਕੀਤੇ ਜਾਣਗੇ। ਇਸ ਤੋਂ ਬਾਅਦ ਬਾਕੀ ਬ੍ਰਾਂਚਾਂ ਵਿੱਚ ਰੈਕ ਲਾਉਣ ਦਾ ਕੰਮ ਕੀਤਾ ਜਾਵੇਗਾ। ਕੰਮ ’ਚ ਦੇਰੀ ਹੋਣ ਬਾਰੇ ਪੁੱਛੇ ਜਾਣ ’ਤੇ ਜੇ. ਈ. ਨੇ ਕਿਹਾ ਕਿ ਸੰਬੰਧਤ ਬ੍ਰਾਂਚ ਵਲੋਂ ਰਿਕਾਰਡ ਰੂਮ ਖਾਲੀ ਕਰਨ ’ਚ ਸਮਾਂ ਲਾਏ ਜਾਣ ਕਾਰਨ ਟਾਈਲਾਂ ਦਾ ਕੰਮ ਦੇਰੀ ਨਾਲ ਕੀਤਾ ਜਾ ਸਕਿਆ ਅਤੇ ਰੈਕ ਵੀ ਨਹੀਂ ਲੱਗ ਸਕੇ।
ਮਾਮਲੇ ਦਾ ਪਤਾ ਕੀਤਾ ਜਾਵੇਗਾ-ਡੀਸੀ
ਰਿਕਾਰਡ ਰੂਮ ’ਚ ਦਸਤਾਵੇਜ਼ਾਂ ਦੇ ਜ਼ਮੀਨ ’ਤੇ ਰੁਲਣ ਤੇ ਰਿਕਾਰਡ ਸੰਭਾਲਣ ਲਈ ਆਧੁਨਿਕ ਰੈਕ ਨਾ ਲੱਗਣ ਬਾਰੇ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਉਹ ਸੰਬੰਧਤ ਅਧਿਕਾਰੀਆਂ ਕੋਲੋਂ ਇਸ ਬਾਰੇ ਚੈੱਕ ਕਰਨਗੇ ਕਿ ਅਜਿਹਾ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਬੰਧਤ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਰਿਕਾਰਡ ਸੰਭਾਲ ਕੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਲੋਕਾਂ ਨਾਲ ਸੰਬੰਧਤ ਦਸਤਾਵੇਜ਼ ਖਰਾਬ ਨਾ ਹੋਣ।
ਪਿਛਲੀ ਖ਼ਬਰ ਗਰੀਨ ਮਾਡਲ ਟਾਊਨ ’ਚ ਘਰ ਦੇ ਬਾਹਰੋਂ ਐਕਟਿਵਾ ਚੋਰੀ, ਗੁਆਂਢੀਆਂ ਦੇ ਸੀ.ਸੀ.ਟੀ.ਵੀ ਵਿਚ ਕੈਦ ਹੋਈ ਵਾਰਦਾਤ ਅਗਲੀ ਖ਼ਬਰ -ਮਾਮਲਾ ਗੁਰੂ ਨਾਨਕਪੁਰਾ ਰੇਲਵੇ ਫਾਟਕ ਦਾ- ਮਿੱਟੀ ਦੀ ਜਾਂਚ ਲਈ ਵੱਖ -ਵੱਖ 5 ਥਾਵਾਂ ਤੋਂ ਭਰੇ ਨਮੂਨੇ, ਹੋਰ ਕਰਵਾਈਆਂ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।