ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੀਆਂ ਸੜਕਾਂ ’ ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਉੱਠਿਆ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਨੂੰ ਕਬਜ਼ਾ ਹਟਵਾ ਕੇ ਆਵਾਜਾਈ ਸੁਚਾਰੂ ਬਣਾਉਣ ਦੇ ਦਿੱਤੇ ਨਿਰਦੇਸ਼
ਜਲੰਧਰ, 3 ਅਗਸਤ (ਜਤਿੰਦਰ ਪੰਮੀ)–ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਮੈਂਬਰਾਂ ਨੇ ਸਕੂਲਾਂ ਦੀਆਂ ਕੰਡਮ ਬੱਸਾਂ, ਸੜਕਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ, ਹਾਈਵੇ ਦੀਆਂ ਸਰਵਿਸ ਲੇਨਾਂ ਦੀ ਮੰਦੀ ਹਾਲਤ ਕਾਰਨ ਵਾਪਰਦੇ ਸੜਕ ਹਾਦਸਿਆਂ ਅਤੇ ਰਾਮਾ ਮੰਡੀ ਚੌਕ ’ਚ ਸੜਕਾਂ ’ਤੇ ਬੱਸਾਂ ਖੜ੍ਹੀਆਂ ਕੀਤੇ ਜਾਣ ਤੋਂ ਬੰਦ ਕਰਵਾ ਕੇ ਫੌਜੀ ਛਾਉਣੀ ਦੀ ਕੰਧ ਦੇ ਨਾਲ ਵਾਲੀ ਥਾਂ ’ਤੇ ਬੱਸ ਸਟਾਪ ਬਣਾਉਣ ਦੇ ਮੁੱਦੇ ਚੁੱਕੇ। ਇਸ ’ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੀਟਿੰਗ ’ਚ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਆਵਾਜਾਈ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ।
ਜਲੰਧਰ, 3 ਅਗਸਤ (ਜਤਿੰਦਰ ਪੰਮੀ)–ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਮੈਂਬਰਾਂ ਨੇ ਸਕੂਲਾਂ ਦੀਆਂ ਕੰਡਮ ਬੱਸਾਂ, ਸੜਕਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ, ਹਾਈਵੇ ਦੀਆਂ ਸਰਵਿਸ ਲੇਨਾਂ ਦੀ ਮੰਦੀ ਹਾਲਤ ਕਾਰਨ ਵਾਪਰਦੇ ਸੜਕ ਹਾਦਸਿਆਂ ਅਤੇ ਰਾਮਾ ਮੰਡੀ ਚੌਕ ’ਚ ਸੜਕਾਂ ’ਤੇ ਬੱਸਾਂ ਖੜ੍ਹੀਆਂ ਕੀਤੇ ਜਾਣ ਤੋਂ ਬੰਦ ਕਰਵਾ ਕੇ ਫੌਜੀ ਛਾਉਣੀ ਦੀ ਕੰਧ ਦੇ ਨਾਲ ਵਾਲੀ ਥਾਂ ’ਤੇ ਬੱਸ ਸਟਾਪ ਬਣਾਉਣ ਦੇ ਮੁੱਦੇ ਚੁੱਕੇ। ਇਸ ’ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੀਟਿੰਗ ’ਚ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਆਵਾਜਾਈ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਮਾ ਮੰਡੀ ਚੌਕ ’ਚ ਬੱਸ ਸਟਾਪ ਲਈ ਫੌਜ ਨੂੰ ਡੀ. ਓ. ਲੈਟਰ ਜਾਰੀ ਕਰਨ ਵਾਸਤੇ ਆਰ. ਟੀ. ਓ. ਦਫਤਰ ਨੂੰ ਇਸ ’ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਨੂੰ ਵੀ ਸੇਫ ਸਕੂਲ ਵਾਹਨ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼, ਟ੍ਰੈਫਿਕ ਪੁਲਿਸ, ਟਰਾਂਸਪੋਰਟ ਤੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਕੂਲਾਂ ਵਿੱਚ ਚੱਲ ਰਹੀਆਂ ਸਕੂਲੀ ਬੱਸਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ। ਡੀ. ਸੀ. ਵਾਲੀਆ ਨੇ ਸਪੱਸ਼ਟ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸੜਕ ਹਾਦਸਿਆਂ ਦੀ ਰੋਕਥਾਮ, ਟ੍ਰੈਫਿਕ ਪ੍ਰਬੰਧਨ, ਸੁਪਰੀਮ ਕੋਰਟ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਡੀ. ਸੀ. ਵਾਲੀਆ ਨੇ ਮਾਨਸੂਨ ਦੇ ਮੱਦੇਨਜ਼ਰ ਐੱਨ.ਐੱਚ.ਆਈ.ਏ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਾਈਵੇ ’ਤੇ ਕਿਤੇ ਵੀ ਬਾਰਿਸ਼ ਦਾ ਪਾਣੀ ਜਮ੍ਹਾਂ ਨਾ ਹੋਵੇ। ਉਨ੍ਹਾਂ ਹਾਈਵੇ ’ਤੇ ਮੀਂਹ ਦੇ ਪਾਣੀ ਦੀ ਢੁੱਕਵੀਂ ਨਿਕਾਸੀ ਲਈ ਲੋੜੀਂਦੇ ਪ੍ਰਬੰਧਾਂ ’ਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਹਿੱਟ ਐਂਡ ਰਨ ਦੇ ਮਾਮਲਿਆਂ ਦੀ ਸਮੀਖਿਆ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ, ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ, ਬੇਸਹਾਰਾ ਪਸ਼ੂਆਂ ਨੂੰ ਗਊਸ਼ਲਾਵਾਂ ਵਿੱਚ ਪਹੁੰਚਾਉਣ ਅਤੇ ਬਲੈਕ ਸਪਾਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ। ਮੀਟਿੰਗ ਵਿੱਚ ਜ਼ਿਲ੍ਹੇ ਵਿੱਚ ਰਾਹ-ਵੀਰ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਡੀ. ਸੀ. ਵਾਲੀਆ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਕੀਮ ਸਬੰਧੀ ਆਪਣੇ ਵਿਭਾਗ ਦਾ ਨੋਡਲ ਅਫ਼ਸਰ ਤਾਇਨਾਤ ਕਰਨ ਲਈ ਕਿਹਾ ਤਾਂ ਜੋ ਇਸ ਸਕੀਮ ਨੂੰ ਜ਼ਮੀਨੀ ਪੱਧਰ ’ਤੇ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ, ਸਕੱਤਰ ਆਰ.ਟੀ.ਏ. ਬਲਜਿੰਦਰ ਸਿੰਘ ਢਿੱਲੋਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਅਤੇ ਹੋਰ ਵੀ ਮੌਜੂਦ ਸਨ।