ਧਮਕੀਆਂ ਤੇ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਸੁਭਾਨਾ ਵਾਸੀ ਵਿਅਕਤੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਤੇ ਇਲਾਕੇ ਦੇ ਕੁਝ ਵਿਅਕਤੀਆਂ ’ਤੇ ਲਾਏ ਗੰਭੀਰ ਦੋਸ਼ ਜਲੰਧਰ, 26 ਅਗਸਤ (ਜਤਿੰਦਰ ਪੰਮੀ)–ਪਿੰਡ ਸੁਭਾਨਾ ਦੇ ਇਕ ਵਿਅਕਤੀ ਨੇ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਤੇ ਗੜ੍ਹਾ ਇਲਾਕੇ ਦੇ ਕੁਝ ਵਿਅਕਤੀਆਂ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਬਲੈਕਮੇਲਿੰਗ ਦੇ ਦੋਸ਼ ਲਾਉਂਦੇ ਹੋਏ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ| ਮ੍ਰਿਤਕ ਦੀ ਪਛਾਣ ਪਿੰਡ ਸੁਭਾਨਾ ਵਾਸੀ 45 ਸਾਲਾ ਵਿਜੇ ਕੁਮਾਰ ਵਜੋਂ ਹੋਈ ਹੈ, ਜੋ ਮੰਡੀ ਵਿਚ ਖਾਣਾ ਸਪਲਾਈ ਕਰਨ ਦਾ ਕੰਮ ਕਰਦਾ ਸੀ| ਵਿਜੇ ਕੁਮਾਰ ਨੇ ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਬਲੈਕਮੇਲ ਤੇ ਧਮਕੀਆਂ ਦੇਣ ਵਾਲਿਆਂ ਦੇ ਨਾਮ ਲੈ ਕੇ ਕਿਹਾ ਕਿ ਉਸ ਦਾ ਦੋਸਤ ਬਿੰਦਰ ਇਸ ਦਾ ਗਵਾਹ ਹੈ। ਵੀਡੀਓ ’ਚ ਬੋਲਦਿਆਂ ਦੱਸਿਆ ਕਿ ਉਸ ਨੂੰ ਇਲਾਕੇ ਦੇ ਵਿਅਕਤੀ ਸੁੱਖੇ ਨੇ ਪੁੱਤਰ ਨੂੰ ਐੱਨ.
ਅਜੀਤ ਡੈਸਕ
27-08-2026
ਜਲੰਧਰ, 26 ਅਗਸਤ (ਜਤਿੰਦਰ ਪੰਮੀ)–ਪਿੰਡ ਸੁਭਾਨਾ ਦੇ ਇਕ ਵਿਅਕਤੀ ਨੇ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਤੇ ਗੜ੍ਹਾ ਇਲਾਕੇ ਦੇ ਕੁਝ ਵਿਅਕਤੀਆਂ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਬਲੈਕਮੇਲਿੰਗ ਦੇ ਦੋਸ਼ ਲਾਉਂਦੇ ਹੋਏ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ| ਮ੍ਰਿਤਕ ਦੀ ਪਛਾਣ ਪਿੰਡ ਸੁਭਾਨਾ ਵਾਸੀ 45 ਸਾਲਾ ਵਿਜੇ ਕੁਮਾਰ ਵਜੋਂ ਹੋਈ ਹੈ, ਜੋ ਮੰਡੀ ਵਿਚ ਖਾਣਾ ਸਪਲਾਈ ਕਰਨ ਦਾ ਕੰਮ ਕਰਦਾ ਸੀ| ਵਿਜੇ ਕੁਮਾਰ ਨੇ ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਬਲੈਕਮੇਲ ਤੇ ਧਮਕੀਆਂ ਦੇਣ ਵਾਲਿਆਂ ਦੇ ਨਾਮ ਲੈ ਕੇ ਕਿਹਾ ਕਿ ਉਸ ਦਾ ਦੋਸਤ ਬਿੰਦਰ ਇਸ ਦਾ ਗਵਾਹ ਹੈ। ਵੀਡੀਓ ’ਚ ਬੋਲਦਿਆਂ ਦੱਸਿਆ ਕਿ ਉਸ ਨੂੰ ਇਲਾਕੇ ਦੇ ਵਿਅਕਤੀ ਸੁੱਖੇ ਨੇ ਪੁੱਤਰ ਨੂੰ ਐੱਨ. ਡੀ. ਪੀ. ਐੱਸ. ਦੇ ਕੇਸ ਵਿਚੋਂ ਕਢਵਾਉਣ ਲਈ ਕ੍ਰਾਈਮ ਬ੍ਰਾਂਚ ਦੇ ਸੰਨੀ ਨਾਮ ਦੇ ਮੁਲਾਜ਼ਮ ਨੂੰ 50,000 ਰੁਪਏ ਦੇਣ ਲਈ ਗੱਲਬਾਤ ਕਰਵਾਈ। ਇਸ ਗੱਲਬਾਤ ਵਿੱਚ ਇਲਾਕੇ ਦਾ ਮੇਸ਼ੀ ਤੇ ਸੰਨੀ ਵੀ ਮੌਜੂਦ ਸੀ। ਵਿਜੇ ਕੁਮਾਰ ਨੇ ਕਿਹਾ ਕਿ ਪੈਸੇ ਲੈਣ ਦੇ ਬਾਵਜੂਦ ਉਸ ਦੇ ਪੁੱਤਰ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ। ਇਸ ਲਈ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਗੜ੍ਹੇ ਦੇ ਕੁਝ ਲੋਕਾਂ ਕੋਲੋਂ ਧਮਕੀਆਂ ਦਿਵਾਈਆਂ ਗਈਆਂ ਕਿ ਜੇਕਰ ਪੈਸੇ ਮੰਗੇ ਤਾਂ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਵਿਜੇ ਕੁਮਾਰ ਨੇ ਜਿਹੜੇ ਨੰਬਰ ਤੋਂ ਉਸ ਨੂੰ ਵਟਸਐਪ ਕਾਲ ਕਰਕੇ ਧਮਕੀਆਂ ਦਿੱਤੀਆਂ ਗਈਆਂ ਸਨ, ਉਹ ਵੀ ਕਾਗਜ਼ ’ਤੇ ਲਿਖ ਕੇ ਜਨਤਕ ਕੀਤਾ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਰੇ ਗੱਲਬਾਤ ਕਰਦਿਆਂ ਮ੍ਰਿਤਕ ਵਿਜੇ ਕੁਮਾਰ ਦੇ ਪੁੱਤਰ ਸੰਨੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਲਈ ਬੀੜੀ ਲੈਣ ਹੇਠਾਂ ਗਿਆ ਸੀ | ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ| ਜਾਲੀ ਤੋੜ ਕੇ ਅੰਦਰ ਦੇਖਿਆ ਤਾਂ ਉਸ ਦੇ ਪਿਤਾ ਦੀ ਲਾਸ਼ ਲਟਕ ਰਹੀ ਸੀ| ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਪਿਮਸ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ | ਮ੍ਰਿਤਕ ਦੀ ਪਤਨੀ ਰੀਤੂ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਵਿਰੁੱਧ ਦਰਜ ਐਨ.ਡੀ.ਪੀ.ਐੱਸ. ਮਾਮਲੇ ਵਿਚ ਮਦਦ ਕਰਨ ਦੇ ਨਾਂਅ ‘ਤੇ ਕ੍ਰਾਈਮ ਬ੍ਰਾਂਚ ਨਾਲ ਸਬੰਧਤ ਪੁਲਿਸ ਮੁਲਾਜ਼ਮ ਸੰਨੀ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਲਏ ਸਨ ਪਰ ਇਸ ਦੇ ਬਾਵਜੂਦ ਉਸ ਦੇ ਪੁੱਤਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਰੀਤੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਉਸ ਦੇ ਪੁੱਤਰ ਸੰਨੀ ਨੂੰ ਹਿਰਾਸਤ ਵਿਚ ਲੈ ਕੇ ਉਸ ਵਿਰੁੱਧ ਐਨ.ਡੀ.ਪੀ.ਐੱਸ. ਦਾ ਮਾਮਲਾ ਦਰਜ ਕੀਤਾ ਸੀ| ਇਸ ਤੋਂ ਬਾਅਦ ਇਲਾਕੇ ਦੇ ਸੁੱਖਾ, ਮੇਸ਼ੀ ਅਤੇ ਸੰਨੀ ਨਾਂ ਦੇ ਇਕ ਪੁਲਿਸ ਮੁਲਾਜ਼ਮ ਸਮੇਤ ਕੁਝ ਵਿਅਕਤੀਆਂ ਨੇ ਮਾਮਲੇ ਵਿਚ ਮਦਦ ਕਰਨ ਅਤੇ ਮੌਕੇ ‘ਤੇ ਹੀ ਜ਼ਮਾਨਤ ਕਰਵਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਲਏ| ਪਰਿਵਾਰ ਦਾ ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਪਹਿਲਾਂ 4 ਗ੍ਰਾਮ ਨਸ਼ੀਲਾ ਪਦਾਰਥ ਹੋਣ ਦੀ ਗੱਲ ਕਹੀ ਸੀ, ਜਦਕਿ ਅਦਾਲਤ ਵਿਚ ਪੇਸ਼ੀ ਦੌਰਾਨ 5 ਗ੍ਰਾਮ ਦਾ ਮਾਮਲਾ ਦਰਜ ਹੋਣ ਬਾਰੇ ਪਤਾ ਲੱਗਾ ਅਤੇ ਉਸ ਦੇ ਪੁੱਤਰ ਸੰਨੀ ਨੂੰ ਜੇਲ੍ਹ ਭੇਜ ਦਿੱਤਾ ਗਿਆ| ਰੀਤੂ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਦਿੱਤੀ ਰਕਮ ਵਾਪਸ ਮੰਗੀ ਤਾਂ ਉਨ੍ਹਾਂ ਦੇ ਪਤੀ ਵਿਜੈ ਕੁਮਾਰ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਜਾਣ ਲੱਗੀਆਂ | ਇਨ੍ਹਾਂ ਧਮਕੀਆਂ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤਣਾਅ ਵਿਚ ਸਨ | ਪਰਿਵਾਰ ਅਨੁਸਾਰ ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਵਿਜੈ ਕੁਮਾਰ ਨੇ ਆਪਣੇ ਮੋਬਾਈਲ ਫੋਨ ਵਿਚ ਇਕ ਵੀਡੀਓ ਰਿਕਾਰਡ ਕੀਤੀ, ਜਿਸ ਵਿਚ ਉਨ੍ਹਾਂ ਨੇ ਆਪਣੀ ਮੌਤ ਲਈ ਸੁੱਖਾ, ਮੇਸ਼ੀ, ਸੰਨੀ ਸਮੇਤ 4-5 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ| ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਵਿਜੈ ਕੁਮਾਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ| ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਓਧਰ ਏ. ਡੀ. ਸੀ. ਪੀ. ਸਿਟੀ-2 ਮਾਧਵੀ ਸ਼ਰਮਾ ਨੇ ਖੁਦਕੁਸ਼ੀ ਮਾਮਲੇ ਬਾਰੇ ਜਾਰੀ ਕੀਤੇ ਗਏ ਵੀਡੀਓ ਬਿਆਨ ’ਚ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਮਾਮਲੇ ਦੀ ਵਿਸਥਾਰ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਦੋਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕ ਵਲੋਂ ਮਰਨ ਤੋਂ ਪਹਿਲਾਂ ਜਾਰੀ ਕੀਤੀ ਵੀਡੀਓ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਲਏ ਹਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।