ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂਕਵੀ ਦਾ ਜਨਮ ਦਿਨ ਸਮਾਗਮ ਸਥਾਨਕ ਪ੍ਰੈੱਸ ਕਲੱਬ ’ਚ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਕਮੇਟੀ ਦੇ ਜਨਰਲ ਸਕੱਤਰ ਜੁਗਿੰਦਰ ਸਿੰਘ ਸੰਧੂ ਨੇ ਕੀਤੀ ਅਤੇ ਉਨ੍ਹਾਂ ਪ੍ਰਧਾਨਗੀ ਮੰਡਲ ’ ਚ ਸ਼ਾਮਿਲ ਹੋਣ ਲਈ ‘ਪੰਜਾਬ ਆਰਟ ਕੌਂਸਲ’ ਦੇ ਚੇਅਰਮੈਨ ਤੇ ਪ੍ਰਸਿੱਧ ਕਵੀ ਸਵਰਨਜੀਤ ‘ਸਵੀ’, ਮੁੱਖ ਮਹਿਮਾਨ ਪਰਮਜੀਤ ਸਿੰਘ ਚਾਵਲਾ, ਪ੍ਰਸਿੱਧ ਵਿਦਵਾਨ ਡਾ. ਹਰਪਾਲ ਸਿੰਘ ਪੰਨੂ, ਡਾ. ਭੁਪਿੰਦਰ ਪਾਲ ਸਿੰਘ, ਡਾ. ਲਖਵਿੰਦਰ ਜੌਹਲ ਅਤੇ ਕਵੀ ਸਵਾਮੀ ਅੰਤਰ ਨੀਰਵ ਨੂੰ ਸੱਦਾ ਦਿੱਤਾ। ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਬੇਦੀ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕਮੇਟੀ ਵਲੋਂ 1995 ਤੋਂ ਮਹਾਂਕਵੀ ਦੇ ਜਨਮ ਦਿਨ ਸੰਬੰਧੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਪਿੱਛਲੇ ਸਾਲਾਂ ਤੋਂ ਮਹਾਂਕਵੀ ਜੀ ਦੇ ਨਾਂਅ ’ਤੇ ਉਨ੍ਹਾਂ ਕਵੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਲੋਂ ਆਪਣੀਆਂ ਰਚਨਾਵਾਂ ਦੁਆਰਾ ਸਮਾਜ ਨੂੰ ਸੇਧ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਹਾਂਕਵੀ ਦੀ ਯਾਦ ’ਚ ਸ਼ੁਰੂ ਕੀਤਾ ਗਿਆ ਸਨਮਾਨ, ਇਸ ਵਾਰ ਹੋਣਹਾਰ ਕਵੀ ‘ਸਵਾਮੀ ਅੰਤਰ ਨੀਰਵ’ ਨੂੰ ਦਿੱਤਾ ਜਾ ਰਿਹਾ ਹੈ । ਆਪਣੇ ਸੰਬੋਧਨ ਦੌਰਾਨ ਡਾ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ‘ਮਹਾਂਕਵੀ ਦੀ ਰਚਨਾ ਨੂੰ ਇਤਿਹਾਸ ਮੰਨਣ ਨਾਲੋਂ ਇਕ ਅਜਿਹੀ ਧਾਰਮਿਕ ਰਚਨਾ ਮੰਨੀ ਜਾਣੀ ਚਾਹੀਦੀ ਹੈ, ਜੋ ਧਰਮ ਨੂੰ ਆਪਣੇ ਵੱਡੇ ਕਲਾਵੇ ’ਚ ਲੈਂਦੀ ਹੈ। ਇਸ ਨੂੰ ਕਿਸੇ ਵੀ ਧਾਰਮਿਕ ਵੱਖਰੇਵੇਂ ਤੋਂ ਉੱਠ ਕੇ ਇਸ ਦੀ ਮਹੱਤਤਾ ਨੂੰ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਕਵੀ ਭਾਈ ਸੰਤੋਖ ਸਿੰਘ ਦੀ ਰਚਨਾ ਨੂੰ ਬਗ਼ੈਰ ਕਿਸੇ ਭਿੰਨ ਭੇਦ ਦੇ ਪੜ੍ਹਨ ਦੀ ਲੋੜ ਹੈ। ਡਾ. ਭੁਪਿੰਦਰ ਪਾਲ ਸਿੰਘ ਨੇ ਮਹਾਂਕਵੀ ਜੀ ਦੀਆਂ ਰਚਨਾਵਾਂ ਤੋਂ ਜਾਣੂੰ ਕਰਵਾਉਂਦਿਆਂ ਉਨ੍ਹਾਂ ਦੀ ਕਾਵਿਕਤਾ ਦਾ ਵਰਨਣ ਕੀਤਾ। ਡਾ. ਲਖਵਿੰਦਰ ਸਿੰਘ ਜੌਹਲ ਨੇ ‘ਸਵਾਮੀ ਅੰਤਰ ਨੀਰਵ’ ਦੇ ਜੀਵਨ ਤੇ ਕਵਿਤਾ ਬਾਰੇ ਲਿਖੇ ਸ਼ਬਦ ਪੜ੍ਹੇ। ਇਸ ਮਗਰੋਂ ਸਵਾਮੀ ਅੰਤਰ ਨੀਰਵ ਨੂੰ ਮੋਮੈਂਟੋ, ਸ਼ਾਲ, ਪੁਸਤਕਾਂ ਤੇ ਕੁਝ ਭੇਟਾ ਦੇ ਕੇ ਪ੍ਰਧਾਨਗੀ ਮੰਡਲ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਵਾਮੀ ਅੰਤਰ ਨੀਰਵ, ਰਮਨ ਸੰਧੂ ਅਤੇ ਬਲਦੇਵ ਸਿੰਘ ਬਦਨ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਡਾ. ਮੇਹਰਬਾਨ ਸਿੰਘ ਨੇ ਵੀ ਮਹਾਂਕਵੀ ਤੇ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਡਾ. ਰਾਮ ਮੂਰਤੀ ਨੇ ਬਾਖ਼ੂਬੀ ਨਿਭਾਈ । ਇਸ ਸਮਾਗਮ ’ਚ ਕਰਮਜੀਤ ਸਿੰਘ, ਮਨੋਹਰ ਲਾਲ, ਹਰੀਸ਼ ਚਿੱਤਰਾ, ਤੇਜਿੰਦਰ ਸਿੰਘ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।