ਤੇਜ਼ ਮੀਂਹ ਕਾਰਨ ਮੰਡੀਆਂ ’ਚ ਝੋਨਾ ਭਿੱਜਿਆ, ਪ੍ਰਬੰਧਾਂ ਦੀ ਨਿਕਲੀ ਫੂਕ
ਜਲੰਧਰ, 28 ਸਤੰਬਰ (ਜਤਿੰਦਰ ਪੰਮੀ)-ਸੋਮਵਾਰ ਨੂੰ ਪਏ ਤੇਜ਼ ਮੀਂਹ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਿਆ ਹਜ਼ਾਰਾਂ ਕੁਇੰਟਲ ਝੋਨਾ ਭਿੱਜ ਗਿਆ। ਹਾਲਾਂਕਿ ਮੰਡੀਆਂ ’ਚ ਆੜ੍ਹਤੀਆਂ ਵਲੋਂ ਤਿਰਪਾਲਾਂ ਪਾ ਕੇ ਝੋਨੇ ਦੇ ਢੇਰ ਢੱਕੇ ਗਏ ਸਨ ਪਰ ਫੜ੍ਹਾਂ ’ਚ ਪਾਣੀ ਭਰਨ ਕਾਰਨ ਕਾਫੀ ਥਾਵਾਂ ’ਤੇ ਫਸਲ ਭਿੱਜ ਗਈ।
ਜਲੰਧਰ, 28 ਸਤੰਬਰ (ਜਤਿੰਦਰ ਪੰਮੀ)-ਸੋਮਵਾਰ ਨੂੰ ਪਏ ਤੇਜ਼ ਮੀਂਹ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਿਆ ਹਜ਼ਾਰਾਂ ਕੁਇੰਟਲ ਝੋਨਾ ਭਿੱਜ ਗਿਆ। ਹਾਲਾਂਕਿ ਮੰਡੀਆਂ ’ਚ ਆੜ੍ਹਤੀਆਂ ਵਲੋਂ ਤਿਰਪਾਲਾਂ ਪਾ ਕੇ ਝੋਨੇ ਦੇ ਢੇਰ ਢੱਕੇ ਗਏ ਸਨ ਪਰ ਫੜ੍ਹਾਂ ’ਚ ਪਾਣੀ ਭਰਨ ਕਾਰਨ ਕਾਫੀ ਥਾਵਾਂ ’ਤੇ ਫਸਲ ਭਿੱਜ ਗਈ। ਦੱਸਣਯੋਗ ਹੈ ਕਿ ਜ਼ਿਲ੍ਹੇ ’ਚ ਝੋਨੇ ਦੀ ਵਾਢੀ ਬੀਤੀ 15 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਉਦੋਂ ਤੋਂ ਹੀ ਕਿਸਾਨ ਝੋਨੇ ਦੀ ਫਸਲ ਲੈ ਕੇ ਜ਼ਿਲ੍ਹੇ ਦੀਆਂ ਕਰੀਬ ਸਾਰੀਆਂ ਹੀ ਮੰਡੀਆਂ ਵਿੱਚ ਆ ਰਹੇ ਹਨ ਪਰ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਰਕੇ ਉਨ੍ਹਾਂ ਨੂੰ ਕਈ-ਕਈ ਦਿਨ ਮੰਡੀਆਂ ਵਿੱਚ ਰਹਿਣਾ ਪੈ ਰਿਹਾ ਹੈ ਅਤੇ ਆੜ੍ਹਤੀ ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਨਮੀ ਹੋਣ ਦਾ ਕਹਿ ਕੇ ਘੱਟੋ-ਘੱਟ ਖਰੀਦ ਮੁੱਲ (ਐੱਮ. ਐੱਸ. ਪੀ.) ਤੋਂ ਘੱਟ ਭਾਅ ’ਤੇ ਖਰੀਦ ਕਰ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਵਰਕਸ਼ਾਪ ਚੌਕ ਸਥਿਤ ਨਵੀਂ ਦਾਣਾ ਮੰਡੀ ’ਚ ਫੜ੍ਹਾਂ ’ਤੇ ਲੱਗੇ ਝੋਨੇ ਦੇ ਢੇਰ ਮੀਂਹ ਦੇ ਪਾਣੀ ਕਾਰਨ ਭਿੱਜ ਗਏ, ਜਿਸ ਕਾਰਨ ਮਜ਼ਦੂਰ ਢੇਰਾਂ ਦੇ ਆਲੇ-ਦੁਆਲ਼ੇ ਖੜ੍ਹਾ ਮੀਂਹ ਦਾ ਪਾਣੀ ਪੀਪਿਆਂ, ਝਾੜੂਆਂ ਅਤੇ ਬੋਰੀਆਂ ਦੇ ਪੋਚੇ ਬਣਾ ਕੇ ਕੱਢ ਰਹੇ ਸਨ। ਮੰਡੀ ਦਾ ਫੜ੍ਹ ਉੱਚਾ ਨੀਵਾਂ ਹੋਣ ਕਰਕੇ ਥਾਂ-ਥਾਂ ਮੀਂਹ ਦਾ ਪਾਣੀ ਖੜ੍ਹਾ ਹੋਇਆ ਪਿਆ ਸੀ। ਇਸ ਦੇ ਨਾਲ ਹੀ ਫੜ੍ਹ ’ਚ ਬਣੀਆਂ ਸੀਵਰੇਜ ਦੀਆਂ ਹੌਦੀਆਂ ਵੀ ਮਿੱਟੀ ਆਦਿ ਭਰਨ ਨਾਲ ਬੰਦ ਹੋਣ ਕਰਕੇ ਵੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ, ਜਿਸ ਕਾਰਨ ਝੋਨੇ ਦੇ ਢੇਰ ਬਰਸਾਤੀ ਪਾਣੀ ਦੀ ਲਪੇਟ ’ਚ ਆ ਗਏ। ਜਾਣਕਾਰੀ ਮੁਤਾਬਕ ਨਵੀਂ ਦਾਣਾ ਮੰਡੀ ’ਚ ਹਰ ਸਾਲ ਕਰੀਬ ਪੌਣੇ ਚਾਰ ਲੱਖ ਕੁਇੰਟਲ ਝੋਨੇ ਦੀ ਆਮਦ ਹੁੰਦੀ ਹੈ, ਜਿਸ ਦੀ ਨਾਲੋਂ-ਨਾਲ ਭਰਾਈ ਕਰਕੇ ਸ਼ੈੱਡਾਂ ਹੇਠਾਂ ਲਾਇਆ ਜਾਂਦਾ ਹੈ ਅਤੇ ਖਰੀਦ ਤੋਂ ਬਾਅਦ ਨਾਲ ਹੀ ਚੁਕਾਈ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਮੌਜੂਦਾ ਸਮੇਂ ਖਰੀਦ ਸ਼ੁਰੂ ਨਾ ਹੋਣ ਕਾਰਨ ਹੀ ਇਹ ਸਮੱਸਿਆ ਪੈਦਾ ਹੋਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਉਪ ਪ੍ਰਧਾਨ ਮੁਕੇਸ਼ ਚੰਦਰ ਸ਼ਰਮਾ ਵਾਸੀ ਰਾਣੀਭੱਟੀ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਭਿੱਜਣ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਨੇ ਇਸ ਸਾਲ ਝੋਨੇ ਦੀ ਬਿਜਾਈ ਤਾਂ 10 ਦਿਨ ਪਹਿਲਾਂ ਕਰਵਾ ਦਿੱਤੀ ਸੀ ਪਰ ਝੋਨੇ ਦੀ ਖ਼ਰੀਦ 1 ਅਕਤੂਬਰ ਨੂੰ ਹੀ ਕਰਨ ’ਤੇ ਬਜਿੱਦ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨਾ ਪੱਕਣ ’ਤੇ ਕਿਸਾਨਾਂ ਨੇ ਵਾਢੀ ਕਰਕੇ ਫਸਲ ਮੰਡੀਆਂ ’ਚ ਪਹੁੰਚਾ ਦਿੱਤੀ ਹੋਈ ਹੈ ਪਰ ਖਰੀਦ ਨਾ ਹੋਣ ਕਰਕੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਆੜ੍ਹਤੀ ਕਿਸਾਨਾਂ ਦਾ ਝੋਨਾ ਘੱਟੋ-ਘੱਟ ਖਰੀਦ ਮੁੱਲ (ਐੱਮ. ਐੱਸ. ਪੀ.) ਤੋਂ 100, 200 ਤੇ 300 ਰੁਪਏ ਘੱਟ ’ਚ ਖਰੀਦਿਆ ਜਾ ਰਿਹਾ ਹੈ। ਇਸ ਦਾ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਝੋਨਾ 15 ਦਿਨਾਂ ’ਚ ਸੁੱਕਣ ਕਾਰਨ ਭਾਰ ਘੱਟ ਜਾਵੇਗਾ ਹਾਲਾਂਕਿ ਝੋਨੇ ਦੀ ਬੋਲੀ ਵੇਲੇ ਨਮੀ ਦੀ ਕਟੌਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੁਪ੍ਰਬੰਧਾਂ ਕਾਰਨ ਹਰ ਸਾਲ ਵਾਂਗ ਇਸ ਵਾਰ ਵੀ ਕਿਸਾਨਾਂ ਦੀ ਮੰਡੀਆਂ ’ਚ ਲੁੱਟ ਸ਼ੁਰੂ ਹੋ ਗਈ ਹੈ।