ਜਲੰਧਰ, 9 ਅਕਤੂਬਰ (ਐੱਮ. ਐੱਸ. ਲੋਹੀਆ)-ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ’ਚ ਤਾਨਾਸ਼ਾਹੀ ਵਿਰੁੱਧ ਜਮਹੂਰੀਅਤ ਬਹਾਲੀ ਲਈ ਦੇਸ਼ ਭਰ ’ਚ ਚੱਲ ਰਹੇ ਅੰਦੋਲਨ ਦੀ ਪੁਰਜ਼ੋਰ ਹਮਾਇਤ ਕਰਦਿਆਂ ਕੇਂਦਰ ਸਰਕਾਰ ਵਲੋਂ ਪੁਰ ਅਮਨ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਜਾ ਰਹੇ ਪੁਲਿਸ ਤਸ਼ਦੱਦ ਅਤੇ 10 ਅਕਤੂਬਰ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਭਾਰੀ ਗਿਣਤੀ ’ਚ ਪੁਲਿਸ ਤੇ ਨੀਮ ਫੌਜੀ ਦਸਤੇ ਲਾ ਕੇ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ, ਜਿਸ ਨੂੰ ਦੇਸ਼ ਦੇ ਲੋਕ ਕਦੇ ਪ੍ਰਵਾਨ ਨਹੀਂ ਕਰਨਗੇ। ਇਸ ਕਰਕੇ ਅੱਜ ਕਰੋੜਾਂ ਲੋਕ ਸੜਕਾਂ ’ਤੇ ਆ ਚੁੱਕੇ ਹਨ, ਜਿਨ੍ਹਾਂ ਵਲੋਂ 10 ਅਕਤੂਬਰ ਨੂੰ ਦੇਸ਼ ਦੇ ਨੌਜਵਾਨਾਂ ਦੀ ਅਗਵਾਈ ’ਚ ਦਿੱਲੀ ਦੀਆਂ ਸੜਕਾਂ ’ਤੇ ਕ੍ਰਾਂਤੀਕਾਰੀ ਇਤਿਹਾਸ ਸਿਰਜਿਆ ਜਾਵੇਗਾ । ਕਮੇਟੀ ਨੇ ਦੇਸ਼ ਭਰ ਦੇ ਨੌਜਵਾਨਾਂ ਅਤੇ ਸਭ ਦੇਸ਼ ਹਿਤੈਸ਼ੀਆਂ ਨੂੰ ਇਸ ਪ੍ਰਦਰਸ਼ਨ ’ਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।