ਨਕਲੀ ਪੁਲਿਸ ਮੁਲਾਜ਼ਮ ਬਣ ਕੇ ਆਏ ਠੱਗ ਨੇ ਪ੍ਰਵਾਸੀ ਕੋਲੋਂ 3200 ਰੁਪਏ ਖੋਹੇ
ਅੱਡਾ ਨੂਰਪੁਰ ਵਿਖੇ ਦਿਨ-ਦਿਹਾੜੇ ਵਾਰਦਾਤ
ਮਕਸੂਦਾਂ, 26 ਅਕਤੂਬਰ (ਸੌਰਵ ਮਹਿਤਾ)-ਅੱਡਾ ਨੂਰਪੁਰ ਵਿਖੇ ਪੁਲਿਸ ਮੁਲਾਜ਼ਮ ਹੋਣ ਦਾ ਪ੍ਰਭਾਵ ਪਾ ਕੇ ਇਕ ਪ੍ਰਵਾਸੀ ਮਜ਼ਦੂਰ ਕੋਲੋਂ 3200 ਰੁਪਏ ਦੀ ਨਕਦੀ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਗਿਆਨ ਪੁੱਤਰ ਪਰਬੰਸ਼, ਵਾਸੀ ਮਹਾਰਾਜਗੰਜ, ਉੱਤਰ ਪ੍ਰਦੇਸ਼, ਮਹੱਲਿਆਂ ਵਿਚ ਘੁੰਮ ਕੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ।
ਮਕਸੂਦਾਂ, 26 ਅਕਤੂਬਰ (ਸੌਰਵ ਮਹਿਤਾ)-ਅੱਡਾ ਨੂਰਪੁਰ ਵਿਖੇ ਪੁਲਿਸ ਮੁਲਾਜ਼ਮ ਹੋਣ ਦਾ ਪ੍ਰਭਾਵ ਪਾ ਕੇ ਇਕ ਪ੍ਰਵਾਸੀ ਮਜ਼ਦੂਰ ਕੋਲੋਂ 3200 ਰੁਪਏ ਦੀ ਨਕਦੀ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਗਿਆਨ ਪੁੱਤਰ ਪਰਬੰਸ਼, ਵਾਸੀ ਮਹਾਰਾਜਗੰਜ, ਉੱਤਰ ਪ੍ਰਦੇਸ਼, ਮਹੱਲਿਆਂ ਵਿਚ ਘੁੰਮ ਕੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ। ਘਟਨਾ ਸਮੇਂ ਉਹ ਸਾਈਕਲ ’ਤੇ ਕਬਾੜ ਲੱਦ ਕੇ ਅੱਡਾ ਨੂਰਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਰੋਕ ਕੇ ਕਿਹਾ ਕਿ ਉਹ ਨਸ਼ੇ ਦੀਆਂ ਗੋਲੀਆਂ ਵੇਚਦਾ ਹੈ ਅਤੇ ਉਸ ਦੀ ਤਲਾਸ਼ੀ ਲੈਣੀ ਹੈ। ਪੀੜਤ ਅਨੁਸਾਰ, ਉਕਤ ਵਿਅਕਤੀ ਨੇ ਤਲਾਸ਼ੀ ਲੈਣ ਦੇ ਬਹਾਨੇ ਉਸ ਦੀ ਜੇਬ ’ਚੋਂ 3200 ਰੁਪਏ ਕੱਢ ਲਏ। ਪੀੜਤ ਨੇ ਦੱਸਿਆ ਕਿ ਨਕਦੀ ਕੱਢਣ ਤੋਂ ਬਾਅਦ ਉਸ ਵਿਅਕਤੀ ਨੇ ਕਿਹਾ ਕਿ ਉਹ ਕਿਸੇ ਹੋਰ ਵਿਅਕਤੀ ਨੂੰ ਬੁਲਾ ਕੇ ਲਿਆਵੇ, ਤਾਂ ਹੀ ਉਸ ਨੂੰ ਛੱਡਿਆ ਜਾਵੇਗਾ। ਇਸ ਗੱਲ ’ਤੇ ਭਰੋਸਾ ਕਰਦਿਆਂ ਜਦੋਂ ਉਹ ਕਿਸੇ ਵਿਅਕਤੀ ਨੂੰ ਬੁਲਾਉਣ ਲਈ ਚਲਾ ਗਿਆ ਅਤੇ ਵਾਪਸ ਪਰਤਿਆ ਤਾਂ ਉਕਤ ਵਿਅਕਤੀ ਉੱਥੋਂ ਗਾਇਬ ਸੀ। ਪੀੜਤ ਦੇ ਬਿਆਨ ਮੁਤਾਬਕ, ਉਕਤ ਵਿਅਕਤੀ ਨੇ ਪੁਲਿਸ ਦੀ ਵਰਦੀ ਵਾਲੀ ਕਮੀਜ਼ ਨਹੀਂ ਪਾਈ ਹੋਈ ਸੀ, ਪਰ ਉਸ ਨੇ ਪੁਲਿਸ ਮੁਲਾਜ਼ਮਾਂ ਵਰਗੀ ਪੈਂਟ ਅਤੇ ਬੂਟ ਪਹਿਨੇ ਹੋਏ ਸਨ। ਇਸੇ ਕਾਰਨ ਉਸ ਦੇ ਪੁਲਿਸ ਮੁਲਾਜ਼ਮ ਹੋਣ ਬਾਰੇ ਸ਼ੱਕ ਪੈਦਾ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮਕਸੂਦਾਂ ਦੇ ਮੁਖੀ ਬਲਬੀਰ ਸਿੰਘ ਅਤੇ ਸਬ-ਇੰਸਪੈਕਟਰ ਯੋਗਰਾਜ ਕਰਾੜੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮੁਲਜ਼ਮ ਅਸਲ ’ਚ ਪੁਲਿਸ ਮੁਲਾਜ਼ਮ ਸੀ ਜਾਂ ਪੁਲਿਸ ਦੀ ਪਛਾਣ ਦਾ ਪ੍ਰਭਾਵ ਪਾ ਕੇ ਵਾਰਦਾਤ ਕਰਨ ਵਾਲਾ ਕੋਈ ਠੱਗ।