ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਸ਼ੂਗਰ ਅਤੇ ਦਿਲ ਦੇ ਰੋਗੀਆਂ ਨੂੰ ਦਵਾਈਆਂ ਦਾ ਪੂਰਾ ਲਾਭ ਮਿਲ ਸਕੇ, ਇਸ ਲਈ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਵਲੋਂ ਮਰੀਜ਼ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਸੁਮੇਲ ਦੀ ਵਰਤੋਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਸਮੂਹ ਚਰਚਾ ਦੇ ਕਨਵੀਨਰ ਡਾ. ਐੱਸ.ਪੀ.ਐੱਸ. ਗਰੋਵਰ ਰਹੇ। ਇਸ ਮੌਕੇ ਪ੍ਰਸਿੱਧ ਐਂਡੋਕਰੀਨੋਲੋਜਿਸਟ ਡਾ. ਰਾਜੇਸ਼ ਜੈਨ ਨੇ ਇਕ ਕੇਸ ਪੇਸ਼ ਕੀਤਾ, ਇਸ ’ਚ ਜਾਣਕਾਰੀ ਦਿੱਤੀ ਗਈ ਕਿ ਦਵਾਈਆਂ ਦੇ ਸਹੀ ਸੁਮੇਲ ਨਾਲ ਕਿਵੇਂ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਦਿਲ ਦੇ ਦੌਰੇ, ਕੋਰੋਨਰੀ ਬਿਮਾਰੀ ਅਤੇ ਦਿਲ ਦੀ ਅਸਫਲਤਾ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਨਿਊ ਰੂਬੀ ਹਸਪਤਾਲ ਜਲੰਧਰ ਦੇ ਡਾ. ਮਨਬੀਰ ਸਿੰਘ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਨੇ ਪੋਸਟ ਐਂਜੀਓਪਲਾਸਟੀ ਅਤੇ ਪੋਸਟ ਥ੍ਰੋਮਬੋਲਾਈਸਿਸ ਕੇਸਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੂੰ ਦਵਾਈਆਂ ਦਾ ਸੁਮੇਲ ਦਿੱਤਾ ਗਿਆ ਸੀ, ਜਿਸ ਦੇ ਵਧੀਆ ਨਤੀਜੇ ਮਿਲੇ। ਇਸ ਮੌਕੇ ਕਈ ਹੋਰ ਦਵਾਈਆਂ ਦੇ ਸੁਮੇਲ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਡਾ. ਸੀ.ਪੀ. ਸਿੱਕਾ, ਡਾ. ਐੱਮ.ਕੇ. ਅਰੋੜਾ, ਡਾ. ਐੱਚ.ਐੱਸ. ਢੀਂਗਰਾ ਅਤੇ ਹੋਰ ਹਾਜ਼ਰ ਸਨ।