ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਲੰਮੇਂ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਹਨ, ਜੋ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀਆਂ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕੀਤੀ ਜਾਵੇ, ਤਾਂ ਜੋ ਮੰਗਾਂ ਦਾ ਨਿਪਟਾਰਾ ਹੋ ਸਕੇ। ਆਗੂਆਂ ਨੇ ਕਿਹਾ ਕਿ ਪਰ ਇਸ ਦੇ ਉਲਟ ਅੱਜ ਪੰਜਾਬ ਸਰਕਾਰ ਨੇ ਆਪਣਾ ਅਸਲ ਰੂਪ ਦਿਖਾਉਂਦਿਆਂ ਹੋਇਆ ਸਵੇਰ ਦੇ 6 ਵਜੇ ਜਲੰਧਰ ਜ਼ਿਲ੍ਹਾ ਕੈਸ਼ੀਅਰ ਪਰਮਜੀਤ ਕੌਰ ਨੂੰ ਉਨ੍ਹਾਂ ਦੇ ਆਪਣੇ ਹੀ ਘਰ ’ਚ ਨਜ਼ਰਬੰਦ ਕਰ ਦਿੱਤਾ। ਇਸ ਤੋਂ ਇਲਾਵਾ ਨਕੋਦਰ ਦੇ ਸਰੀਂਹ ਪਿੰਡ ਦੀਆਂ ਵਰਕਰਾਂ ਨੂੰ ਉਨ੍ਹਾਂ ਦੇ ਆਂਗਣਵਾੜੀ ਸੈਂਟਰ ’ਚ ਨਜ਼ਰਬੰਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਦੇ ਰੋਸ ’ਚ ਆਂਗਣਵਾੜੀ ਵਰਕਰ, ਹੈਲਪਰ ਵੱਡੀ ਗਿਣਤੀ ’ਚ ਸਰੀਂਹ ਪਿੰਡ ’ਚ ਪਹੁੰਚ ਗਈਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਲੋਕ ਮਿਲਣੀ ’ਚ ਗੱਲਬਾਤ ਕਰਵਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲਗਾਤਾਰ ਸੰਘਰਸ਼ ਅਤੇ ਪ੍ਰਸ਼ਾਸਨ ਵਲੋਂ ਡਰਾਉਣ-ਧਮਕਾਉਣ ਦੇ ਬਾਵਜੂਦ ਸਭ ਆਗੂ ਆਪਣੇ ਫ਼ੈਸਲੇ ’ਤੇ ਡਟੇ ਰਹੇ, ਜਿਸ ਤੋਂ ਬਾਅਦ ਆਖਰ ’ਚ ਜ਼ਿਲ੍ਹਾ ਕੈਸ਼ੀਅਰ ਪਰਮਜੀਤ, ਜੁਆਇੰਟ ਸਕੱਤਰ ਰਾਜਨਦੀਪ, ਸੁਖਜੀਤ ਕੌਰ ਨਕੋਦਰ, ਖੁਸ਼ਵੰਤ ਜੀਤ ਕੌਰ ਅਤੇ ਹੋਰਾਂ ਵਲੋਂ ਮੁੱਖ ਮੰਤਰੀ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਮੁੱਖ ਮੰਤਰੀ ਵਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਸੰਬੰਧੀ ਮੀਟਿੰਗਾਂ ਵਾਰ-ਵਾਰ ਮੁਲਤਵੀ ਕੀਤੇ ਜਾਣ ’ਤੇ ਗੰਭੀਰ ਰੋਸ ਪ੍ਰਗਟ ਕੀਤਾ ਹੈ।