ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ) - ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਲਈ ‘ਸ਼ਖ਼ਸੀਅਤ ਵਿਕਾਸ’ ਉੱਪਰ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ‘ਐੱਨ.ਜੀ.ਓ. ‘ਦੀਆ ਦ੍ਰਿਸ਼ਟੀ’ ਦੀ ਪ੍ਰਧਾਨ ਸ੍ਰੀਮਤੀ ਪ੍ਰਵੀਨ ਅਬਰੋਲ ਵਲੋਂ ਲਗਾਇਆ ਗਿਆ, ਜਿਸ ਦਾ ਮੁੱਖ ਮੰਤਵ ਸਮਾਜ ’ਚੋਂ ਮਨਫ਼ੀ ਹੋ ਰਹੇ ਸਦਾਚਾਰਕ ਗੁਣ ਅਤੇ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨਾ ਹੈ। ਸ੍ਰੀਮਤੀ ਪਰਵੀਨ ਅਬਰੋਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਂ, ਵਿਦਿਆ, ਸਵੈ-ਅਨੁਸ਼ਾਸਨ, ਸਖ਼ਤ ਮਿਹਨਤ, ਸਵੈ ਭਰੋਸਾ, ਕਿੱਤੇ ਦਾ ਸਵੈ ਚੁਨਾਵ, ਆਤਮ ਵਿਸ਼ਵਾਸ ਆਦਿ ਗੁਣਾਂ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਫਾਸਟ ਫੂਡ, ਨਸ਼ਾ, ਸਾਈਬਰ ਕ੍ਰਾਈਮ ਅਤੇ ਕੰਮਚੋਰੀ ਤੋਂ ਗੁਰੇਜ਼ ਕਰਨਾ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਪ੍ਰਿੰਸੀਪਲ ਡਾ. ਅਪਰਨਾ ਮਹਿਤਾ ਅਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੀ ਸ਼ਖਸੀਅਤ ਅਤੇ ਸਮਾਜ ਦੀ ਨੁਹਾਰ ਨੂੰ ਸਕਾਰਾਤਮਕ ਰੂਪ ’ਚ ਵਿਕਸਤ ਕਰਨ ਲਈ ਜ਼ਰੂਰੀ ਹਨ। ਉਨ੍ਹਾਂ ਆਏ ਹੋਏ ਵਕਤਾ ਮਹਿਮਾਨ ਪ੍ਰਵੀਨ ਅਬਰੋਲ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰ ਸ਼ਬਦ ਪ੍ਰਚਾਰ ਸਭਾ ਦੇ ਮੁੱਖ ਸੇਵਾਦਾਰ ਡਾ. ਪਰਮਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।