ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਪਟੇਲ ਹਸਪਤਾਲ, ਜਲੰਧਰ ਵਿਖੇ ਗੰਭੀਰ ਟ੍ਰਾਈਕਸਪਿਡ ਵਾਲਵ ਲੀਕੇਜ ਤੋਂ ਪੀੜਤ ਚੁਣੇ ਹੋਏ ਮਰੀਜ਼ਾਂ ਦੇ ਇਲਾਜ ਲਈ ਉੱਨਤ ‘ਟਰਿਕ ਵਾਲਵ ਬੀਕਾਵਾਲ ਵਾਲਵ ਸਿਸਟਮ ਦਾ ਸਫ਼ਲਤਾਪੂਰਵਕ ਇੰਪਲਾਂਟੇਸ਼ਨ, ਹਸਪਤਾਲ ਦੇ ਕਨਸਲਟੈਂਟ ਕਾਰਡੀਓਲੋਜਿਸਟ ਡਾ. ਵਿਸ਼ਾਲ ਭੰਡਾਰੀ ਦੀ ਅਗਵਾਈ ਹੇਠ ਕੀਤਾ ਗਿਆ ਹੈ। ਡਾ. ਭੰਡਾਰੀ ਨੇ ਜਾਣਕਾਰੀ ਦਿੱਤੀ ਕਿ ਇਹ ਇਕ ਆਧੁਨਿਕ ਤੇ ਘੱਟ ਚੀਰ-ਫਾੜ ਵਾਲੀ ਪ੍ਰਕਿਰਿਆ ਹੈ, ਜਿਸ ਨੂੰ ਰਵਾਇਤੀ ਓਪਨ ਹਾਰਟ ਸਰਜਰੀ ਤੋਂ ਬਿਨ੍ਹਾਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਿਲ ’ਚ ਟ੍ਰਾਈਕਸਪਿਡ ਵਾਲਵ ਖੂਨ ਦੇ ਪ੍ਰਵਾਹ ਨੂੰ ਸਹੀ ਦਿਸ਼ਾ ’ਚ ਬਣਾਈ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਇਹ ਵਾਲਵ ਸਹੀ ਢੰਗ ਨਾਲ ਬੰਦ ਨਹੀਂ ਹੁੰਦਾ, ਤਾਂ ਖੂਨ ਪਿੱਛੇ ਵੱਲ ਵਹਿਣ ਲੱਗਦਾ ਹੈ, ਜਿਸ ਕਾਰਨ ਨਾੜੀਆਂ ’ਚ ਦਬਾਅ ਵੱਧ ਜਾਂਦਾ ਹੈ। ਇਸ ਨਾਲ ਲੱਤਾਂ ਅਤੇ ਪੇਟ ’ਚ ਸੋਜ, ਸਾਹ ਲੈਣ ’ਚ ਤਕਲੀਫ਼, ਥਕਾਵਟ ਅਤੇ ਸਰੀਰ ’ਚ ਤਰਲ ਪਦਾਰਥ ਜਮ੍ਹਾਂ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ‘ਟਰਿਕ ਵਾਲਵ’ ਪ੍ਰਕਿਰਿਆ ’ਚ ਸਰੀਰ ਤੋਂ ਖੂਨ ਨੂੰ ਦਿਲ ਤੱਕ ਵਾਪਸ ਲਿਆਉਣ ਵਾਲੀਆਂ ਦੋ ਮੁੱਖ ਨਾੜੀਆਂ ’ਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਵਾਲਵ ਲਗਾਏ ਜਾਂਦੇ ਹਨ, ਜੋ ਖੂਨ ਦੇ ਉਲਟੇ ਵਹਾਅ ਨੂੰ ਘਟਾਉਣ ’ਚ ਮਦਦ ਕਰਦੇ ਹਨ। ਡਾ. ਭੰਡਾਰੀ ਨੇ ਦੱਸਿਆ ਕਿ ਰਵਾਇਤੀ ਓਪਨ ਹਾਰਟ ਸਰਜਰੀ ਦੇ ਉਲਟ, ‘ਟਰਿਕ ਵਾਲਵ’ ਪ੍ਰਕਿਰਿਆ ਖੂਨ ਦੀਆਂ ਨਾੜੀਆਂ ਰਾਹੀਂ ਕੀਤੀ ਜਾਂਦੀ ਹੈ, ਜਿਸ ’ਚ ਛਾਤੀ ਨੂੰ ਖੋਲ੍ਹਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਪਟੇਲ ਹਸਪਤਾਲ ਵਿਖੇ ‘ਟਰਿਕ ਵਾਲਵ’ ਇੰਪਲਾਂਟੇਸ਼ਨ ਦੀ ਸਹੂਲਤ ਉਪਲਬਧ ਹੋਣ ਨਾਲ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਇਹ ਵਿਸ਼ੇਸ਼ ਇਲਾਜ ਆਪਣੇ ਸ਼ਹਿਰ ’ਚ ਹੀ ਪ੍ਰਾਪਤ ਕਰਨ ਦਾ ਇਕ ਹੋਰ ਵਿਕਲਪ ਮਿਲਿਆ ਹੈ।