13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

‘ਆਪ’ ਵਲੋਂ ਜ਼ਿਲ੍ਹੇ ’ਚ 6 ਹੋਰ ਉਮੀਦਵਾਰਾ ਂ ਦੇ ਨਾਵਾਂ ਦਾ ਐਲਾਨ ਟਿਕਟ ਮਿਲਣ ਨਾਲ ਉਮੀਦਵਾਰਾਂ ਦੇ ਘਰਾਂ ’ਚ ਖ਼ੁਸ਼ੀ ਵਾਲਾ ਮਾਹੌਲ

ਜਲੰਧਰ, 12 ਨਵੰਬਰ (ਜਤਿੰਦਰ ਪੰਮੀ)– ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਅੱਜ ਐਲਾਨੀ ਗਈ ਸੂਚੀ ’ਚ ਜ਼ਿਲ੍ਹੇ ਦੇ 6 ਹੋਰ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨੀ ਗਈ ਸੂਚੀ ਮੁਤਾਬਕ ਆਦਮਪੁਰ ਹਲਕੇ ਤੋਂ ਪਵਨ ਕੁਮਾਰ ਟੀਨੂੰ, ਜਲੰਧਰ ਕੇਂਦਰੀ ਹਲਕੇ ਤੋਂ ਨਿਤਿਨ ਕੋਹਲੀ, ਜਲੰਧਰ ਉੱਤਰੀ ਹਲਕੇ ਤੋਂ ਮੇਅਰ ਵਿਨੀਤ ਧੀਰ, ਜਲੰਧਰ ਕੈਂਟ ਹਲਕੇ ਤੋਂ ਦੀਪਕ ਬਾਲੀ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਅਤੇ ਸ਼ਾਹਕੋਟ ਹਲਕੇ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਅਜੀਤ ਡੈਸਕ 13-11-2026

ਜਲੰਧਰ, 12 ਨਵੰਬਰ (ਜਤਿੰਦਰ ਪੰਮੀ)– ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਅੱਜ ਐਲਾਨੀ ਗਈ ਸੂਚੀ ’ਚ ਜ਼ਿਲ੍ਹੇ ਦੇ 6 ਹੋਰ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨੀ ਗਈ ਸੂਚੀ ਮੁਤਾਬਕ ਆਦਮਪੁਰ ਹਲਕੇ ਤੋਂ ਪਵਨ ਕੁਮਾਰ ਟੀਨੂੰ, ਜਲੰਧਰ ਕੇਂਦਰੀ ਹਲਕੇ ਤੋਂ ਨਿਤਿਨ ਕੋਹਲੀ, ਜਲੰਧਰ ਉੱਤਰੀ ਹਲਕੇ ਤੋਂ ਮੇਅਰ ਵਿਨੀਤ ਧੀਰ, ਜਲੰਧਰ ਕੈਂਟ ਹਲਕੇ ਤੋਂ ਦੀਪਕ ਬਾਲੀ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਅਤੇ ਸ਼ਾਹਕੋਟ ਹਲਕੇ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਐਲਾਨੀ ਗਈ ਪਹਿਲੀ ਸੂਚੀ ਵਿੱਚ ਜ਼ਿਲ੍ਹੇ ਦੇ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਮੌਜੂਦਾ ਵਿਧਾਇਕਾਂ, ਜਿਨ੍ਹਾਂ ’ਚ ਨਕੋਦਰ ਤੋਂ ਇੰਦਰਜੀਤ ਕੌਰ ਮਾਨ ਤੇ ਕਰਤਾਰਪੁਰ ਤੋਂ ਬਲਕਾਰ ਸਿੰਘ ਨੂੰ ਮੁੜ ਟਿਕਟ ਦਿੱਤੀ ਗਈ ਸੀ। ਜ਼ਿਲ੍ਹੇ ਦੇ ਕੁੱਲ 9 ਵਿਧਾਨ ਸਭਾ ਹਲਕਿਆਂ ’ਚੋਂ 8 ਵਿੱਚ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ ਜਦੋਂਕਿ ਜਲੰਧਰ ਪੱਛਮੀ ਹਲਕੇ ਤੋਂ ਹਾਲੇ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ। ਇਸ ਹਲਕੇ ਤੋਂ ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਹਨ, ਜਿਨ੍ਹਾਂ ਬਾਰੇ ਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ। ਓਧਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਨਤਕ ਹੁੰਦਿਆਂ ਹੀ ਟਿਕਟ ਹਾਸਿਲ ਕਰਨ ਵਾਲੇ ਉਮੀਦਵਾਰਾਂ ਦੇ ਸਮਰਥਕਾਂ ’ਚ ਖੁਸ਼ੀ ਲਹਿਰ ਦੌੜ ਗਈ ਅਤੇ ਘਰਾਂ ਵਿੱਚ ਖੁਸ਼ੀ ਵਾਲਾ ਮਾਹੌਲ ਬਣ ਗਿਆ। ਦੇਰ ਸ਼ਾਮ ਜਲੰਧਰ ਕੇਂਦਰੀ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਨਿਤਿਨ ਕੋਹਲੀ ਤੇ ਜਲੰਧਰ ਕੈਂਟ ਤੋਂ ਉਮੀਦਵਾਰ ਦੀਪਕ ਬਾਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਨ ਦੇ ਨਾਲ ਹੀ ਚੋਣ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।


ਜਲੰਧਰ ਉੱਤਰੀ ਤੋਂ ਮੇਅਰ ਵਨੀਤ ਧੀਰ ਕਾਰੋਬਾਰੀ ਵਨੀਤ ਧੀਰ ਨੇ ਮਹਾਨਗਰ ਦਾ ਮੇਅਰ ਬਣਨ ਉਪਰੰਤ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਹਨ ਅਤੇ ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਤੇ ਹਰਮਨਪਿਆਰਤਾ ਸਦਕਾ ਹੀ ਕੁਝ ਮਹੀਨੇ ਪਹਿਲਾਂ ਪਾਰਟੀ ਵਲੋਂ ਹਲਕਾ ਉੱਤਰੀ ਦਾ ਇੰਚਾਰਜ ਲਾਇਆ ਗਿਆ ਸੀ। ਮੇਅਰ ਵਨੀਤ ਧੀਰ ਨੇ ਆਪਣੇ ਕਾਰਜਕਾਲ ਦੌਰਾਨ ਬਰਲਟਨ ਪਾਰਕ ’ਚ ਸਪੋਰਟਸ ਹੱਬ ਦੇ ਲਟਕ ਰਹੇ ਕੰਮ ਨੂੰ ਸ਼ੁਰੂ ਕਰਵਾ ਕੇ ਨਾਮਣਾ ਖੱਟਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਲਈ ਕਰਵਾਏ ਗਏ ਕੰਮਾਂ ਕਾਰਨ ਵੀ ਉਨ੍ਹਾਂ ਦੀ ਲੋਕਾਂ ਵਿੱਚ ਕਾਫੀ ਹਰਮਨਪਿਆਰਤਾ ਬਣ ਚੁੱਕੀ ਹੈ।

ਜਲੰਧਰ ਕੈਂਟ ਤੋਂ ਦੀਪਕ ਬਾਲੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਦੀਪਕ ਬਾਲੀ ਨੇ ਸਿਆਸਤ ’ਚ ਦਾਖਲਾ ਦਿੱਲੀ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਬਣਨ ਨਾਲ ਕੀਤਾ ਸੀ। ਇਸ ਉਪਰੰਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਉਨ੍ਹਾਂ ਨੇ ਇਥੋਂ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿੰਗ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਅਹੁਦੇ ’ਤੇ ਰਹਿੰਦਿਆਂ ਦੀਪਕ ਬਾਲੀ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਕਰਵਾਏ ਗਏ ਸਮਾਗਮਾਂ, ਗੁਰੂ ਰਵਿਦਾਸ ਦੀ 650 ਸਾਲਾ ਜਨਮ ਸ਼ਤਾਬਦੀ ਸੰਬੰਧੀ ਕਰਵਾਏ ਜਾ ਰਹੇ ਸਮਾਗਮਾਂ ਅਤੇ ‘ਇਕ ਸ਼ਾਮ ਕੱਨ੍ਹਈਆ ਜੀ ਦੇ ਨਾਮ’ ਧਾਰਮਿਕ ਸਮਾਗਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਪਿਛਲੇ ਮਹੀਨੇ ਜਲੰਧਰ ਕੈਂਟ ਹਲਕੇ ਦਾ ਇੰਚਾਰਜ ਲਾਇਆ ਗਿਆ ਸੀ।

ਜਲੰਧਰ ਕੇਂਦਰੀ ਹਲਕੇ ਤੋਂ ਨਿਤਿਨ ਕੋਹਲੀ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਉਦਯੋਗ ਨਾਲ ਜੁੜੇ ਪ੍ਰਮੁੱਖ ਉਦਯੋਗਪਤੀ ਨਿਤਿਨ ਕੋਹਲੀ ਨੇ 29 ਮਈ 2025 ਨੂੰ ਸੀਨੀਅਰ ਪਾਰਟੀ ਆਗੂਆਂ ਮਨੀਸ਼ ਸਿਸੋਦੀਆ ਤੇ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਸੈਂਟਰਲ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਫਿੱਟ ਸੈਂਟਰਲ ਜਲੰਧਰ ਦੀ ਸ਼ੁਰੂਆਤ ਅਗਸਤ 2025 ਵਿੱਚ ਹਲਕੇ ਦੇ ਸਾਰੇ 23 ਵਾਰਡਾਂ ਵਿੱਚ ਆਧੁਨਿਕ ਖੇਡ ਤੇ ਸਰੀਰਕ ਤੰਦਰੁਸਤੀ ਦੀਆਂ ਸਹੂਲਤਾਂ ਵਿਕਸਿਤ ਕਰਨ ਦੇ ਉਦੇਸ਼ ਨਾਲ ਕੀਤੀ ਸੀ। ਹਾਕੀ ਪੰਜਾਬ ਦੇ ਪ੍ਰਧਾਨ ਤੇ ਭਾਰਤੀ ਹਾਕੀ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਪੰਜਾਬ ਸਰਕਾਰ ਵਲੋਂ ਜਲੰਧਰ ਤੇ ਮੋਹਾਲੀ ’ਚ ਕਰਵਾਏ ਗਏ ਏਸ਼ੀਆ ਹਾਕੀ ਕੱਪ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਆਮ ਆਦਮੀ ਪਾਰਟੀ ਵਲੋਂ ਹਰਜੋਤ ਕੌਰ ਲੋਹਟੀਆ ਨੂੰ ਵੀ ਕੁਝ ਮਹੀਨੇ ਪਹਿਲਾਂ ਹੀ ਹਲਕਾ ਇੰਚਾਰਜ ਲਾਇਆ ਗਿਆ ਸੀ। ਉਨ੍ਹਾਂ ਨੂੰ ਪਹਿਲੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਥਾਂ ’ਤੇ ਲਾਇਆ ਗਿਆ ਸੀ। ਪ੍ਰਿੰਸੀਪਲ ਪ੍ਰੇਮ ਕੁਮਾਰ 2022 ਦੀਆਂ ਚੋਣਾਂ ਦੌਰਾਨ ਚੋਣ ਹਾਰ ਗਏ ਸਨ। ਬੀਬੀ ਲੋਹਟੀਆ ਨੇ ਹਲਕਾ ਇੰਚਾਰਜ ਬਣਨ ਉਪਰੰਤ ਹਲਕੇ ਵਿੱਚ ਤੇਜ਼ੀ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਵਿਕਾਸ ਕਾਰਜਾਂ ਵਿੱਚ ਵੀ ਤੇਜ਼ੀ ਲਿਆਂਦੀ ਸੀ। ਹੁਣ ਪਾਰਟੀ ਨੇ ਉਨ੍ਹਾਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਵਜੋਂ ਉਤਾਰਿਆ ਹੈ।

ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਸ਼ਾਹਕੋਟ ਹਲਕੇ ਤੋਂ ਉਮੀਦਵਾਰ ਐਲਾਨੇ ਪ੍ਰਸਿੱਧ ਕਬੱਡੀ ਖਿਡਾਰੀ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਸਨ। ਇਸ ਹਲਕੇ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਪਾਰਟੀ ਆਗੂ ਰਤਨ ਸਿੰਘ ਕਾਕੜਕਲਾਂ ਦੀ ਦਸੰਬਰ 2023 ’ਚ ਹੋਈ ਮੌਤ ਉਪਰੰਤ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਕਾਕੜਕਲਾਂ ਨੂੰ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਸੀ। ਬਾਅਦ ਵਿੱਚ ਪਾਰਟੀ ਨੇ ਪਾਲਾ ਜਲਾਲਪੁਰੀਆ ਨੂੰ ਪਾਰਟੀ ’ਚ ਸ਼ਾਮਿਲ ਕਰਕੇ ਹਲਕਾ ਇੰਚਾਰਜ ਲਾ ਦਿੱਤਾ ਸੀ ਅਤੇ ਹੁਣ ਉਮੀਦਵਾਰ ਐਲਾਨਿਆ ਹੈ। ਇਸ ਸਮੇਂ ਦੌਰਾਨ ਪਾਲਾ ਜਲਾਲਪੁਰੀਆ ਨੇ ਹਲਕੇ ਅੰਦਰ ਸਰਗਰਮੀ ਨਾਲ ਕੰਮ ਕੀਤਾ ਹੈ ਅਤੇ ਉਸ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਥਾਪੜਾ ਹੈ।

ਹਲਕਾ ਆਦਮਪੁਰ ਤੋਂ ਪਵਨ ਕੁਮਾਰ ਟੀਨੂੰ ਪਵਨ ਕੁਮਾਰ ਟੀਨੂੰ ਦਾ ਸਿਆਸੀ ਸਫ਼ਰ ਵਿਦਿਆਰਥੀ ਜੀਵਨ ਦੌਰਾਨ ਬਹੁਜਨ ਸਮਾਜ ਪਾਰਟੀ ਤੋਂ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਅਤੇ ਆਦਮਪੁਰ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਦੋ ਵਾਰ ਵਿਧਾਇਕ ਬਣੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਵਨ ਟੀਨੂੰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਅਤੇ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜੀ। ਆਦਮਪੁਰ ਹਲਕੇ ’ਚ ਉਨ੍ਹਾਂ ਦਾ ਪੁਰਾਣਾ ਤੇ ਮਜ਼ਬੂਤ ਆਧਾਰ ਹੋਣ ਕਰਕੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਬਣਾਇਆ ਹੈ।

ਪਿਛਲੀ ਖ਼ਬਰ ਤੁਸ਼ਿਤਾ ਗੁਲਾਟੀ ਨੇ ਨਵੇਂ ਆਰ . ਟੀ . ਓ . ਵਜੋਂ ਸੰਭਾਲਿਆ ਅਹੁਦਾ ਡਰਾਈਵਿੰਗ ਟੈਸਟ ਟਰੈਕ ਦਾ ਕੀਤਾ ਦੌਰਾ ਅਗਲੀ ਖ਼ਬਰ ਕਈ ਇਲਾਕਿਆਂ ’ਚ ਸਫ਼ਾਈ ਮੁਹਿੰਮ ਪਈ ਠੰਢੀ, ਮੁੜ ਲੱਗਣ ਲੱਗੇ ਕੂੜੇ ਤੇ ਮਲਬੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।