02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕਹਾਣੀ ਬੱਸ ਕਰ ਰੱਬਾ

ਅਜੀਤ ਡੈਸਕ 19-07-2026

'ਪਾਪਾ! ਉਹ ਦੇਖੋ ਆਸਮਾਨ ਸਾਫ਼ ਹੋ ਗਿਆ, ਅੱਜ ਮੀਂਹ ਨਹੀਂ ਪਵੇਗਾ...। ਸਰੋਵਰ ਆਸਮਾਨ ਵੱਲ ਮੱਥੇ ਤੇ ਹੱਥ ਰੱਖ ਵੇਖਣ ਲੱਗਿਆ। ਪੂਰਾ ਹਫ਼ਤਾ ਹੋ ਚਲਿਆ ਸੀ, ਉਸ ਨੂੰ ਕੰਮ 'ਤੇ ਗਿਆਂ ਤੇ ਮੀਂਹ ਪੈਂਦੇ ਨੂੰ ਉਸ ਦੀਆਂ ਅੱਖਾਂ ਤੇ ਛੱਤਾਂ ਜਿਦੋ-ਜਿਦੀ ਚੋ ਤੇ ਰੋ ਰਹੀਆਂ ਸਨ...! ਹੁਣ ਉਹਦੀ ਤੇ ਮਕਾਨ ਦੀ ਛੱਤ ਦੀ ਬੱਸ ਹੋ ਚੁੱਕੀ ਸੀ। ਜਦ ਆਸਮਾਨ ਤੇ ਬੱਦਲਵਾਈ ਹੁੰਦੀ ਤਾਂ ਉਸ ਨੂੰ ਟੀਕੇ 'ਤੇ ਲੱਗੀ ਮੱਝ ਵਾਂਗ ਡਰ ਲੱਗਣ ਲੱਗ ਪੈਂਦਾ।.... ਨਹੀਂ-ਨਹੀਂ ਪੁੱਤ, ਹੁਣ ਨਹੀਂ ਆਪਣੀ ਛੱਤ ਚੋਂਦੀ, ਆਪਾਂ ਕੋਠੇ ਤੇ ਕਾਗਜ਼ ਪਾ ਦਿੱਤਾ...! ਹੁਣ ਨੀ ਆਪਾਂ ਨੂੰ ਜਾਗਣਾ ਪੈਣਾ ਕਈ ਰਾਤਾਂ ਉਨ੍ਹਾਂ ਜਾਗਦਿਆਂ ਕੱਟੀਆਂ ਸੀ।
ਮੌਸਮ ਵੀ ਹੁਣ ਸਹੀ ਹੋ ਚੱਲਿਆ ਸੀ। 'ਮੀਂਹ ਨੇ ਜਿਵੇਂ ਕਈ ਦਿਨਾਂ ਪਿੱਛੋਂ ਦਮ ਲਿਆ ਹੋਵੇ।'... 'ਕਈਆਂ ਪਿੰਡਾਂ ਵਿਚ ਮੀਂਹ ਦੇ ਪਾਣੀ ਨੇ ਫ਼ਸਲਾਂ ਤੇ ਪਸ਼ੂਆਂ ਦਾ ਬਹੁਤ ਨੁਕਸਾਨ ਕੀਤਾ।'
ਨੌਜਵਾਨ ਅੱਗੇ ਲੱਗ ਪਿੰਡਾਂ 'ਚੋਂ ਰਸਦ ਇਕੱਠੀ ਕਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਜਾਣ ਲੱਗੇ ਸਨ। ਪਿੰਡਾਂ ਚ ਅਨਾਊਂਸਮੈਂਟਾਂ ਹੋਈਆਂ ਸੀ ਮਦਦ ਲਈ। ਮੀਂਹ ਨੇ ਖਰ੍ਹੇ-ਖੋਟੇ ਦੀ ਪਰਖ ਕਰਵਾਈ ਸੀ। ਤੇਜ਼ ਮੀਂਹ ਨੇ ਬੱਚੇ ਸਕੂਲਾਂ ਤੋਂ, ਮਜ਼ਦੂਰ ਕੰਮ ਤੋਂ, ਵਿਹਲੇ ਕਰ ਘਰਾਂ ਚ ਜਿਵੇਂ ਤਾੜ ਦਿੱਤੇ ਹੋਣ।'...
ਮੀਂਹ ਬਰੀਕ ਕਣੀ ਦਾ ਲਗਾਤਾਰ ਪੈ ਰਿਹਾ ਸੀ...। ਸਰੋਵਰ ਦੀ ਘਰਵਾਲੀ ਨੇ ਕਿਹਾ, 'ਮੋਹਣੇ ਦੇ ਪਾਪਾ ! ਜਾਹ ਤੂੰ ਵੀ ਸ਼ਹਿਰੋਂ ਆ ਕਾਲਾ ਜਿਹਾ ਕਾਗਜ਼ ਲੈ ਆ ਆਪਣੇ ਗੁਆਂਢੀਆਂ ਨੇ ਵੀ ਪਾ ਹੀ ਦਿੱਤਾ...। ਨਾਲੇ ਸੌਦਾ ਵੀ ਖਤਮ ਹੋਣ ਵਾਲਾ ਅੱਗੇ ਫਿਰ ਰਾਤ ਨੂੰ ਮੀਂਹ ਜਿਆਦਾ ਨਾ ਪੈ ਜੇ ਕਿਤੇ ਉਹਦੇ ਘਰ ਵਾਲੀ ਦੇ ਮੱਥੇ 'ਤੇ ਚਿੰਤਾ ਅਤੇ ਗਰੀਬੀ ਦੀਆਂ ਲਕੀਰਾਂ ਸਾਫ ਖੌਰੂ ਪਾਉਂਦੀਆਂ ਦਿਖ ਰਹੀਆਂ ਸਨ....। ਉਹਦਾ ਫਿਕਰ ਜਾਇਜ਼ ਸੀ...। ਜਾ ਤੂੰ ਸਾਈਕਲ ਚੱਕ...! ਹੁਣ ਮੀਂਹ ਵੀ ਘੱਟ ਹੈ ! 'ਆਹ ਫੜ ਹਜ਼ਾਰ ਰੁਪਈਆ ਮਸਾਂ ਦਬ-ਘੁੱਟ ਕੇ ਰੱਖਿਆ ਸੀ।'
ਸਰੋਵਰ ਨੇ ਰੇਹ ਵਾਲੀ ਬੋਰੀ ਦਾ ਟੋਪਾ ਜਿਹਾ ਬਣਾ ਸਿਰ 'ਤੇ ਲੈ ਸਾਈਕਲ 'ਤੇ ਲੱਤ ਦੇ ਦਿੱਤੀ...। ਉਹ ਝੋਰਿਆਂ ਲੱਦੀ ਦੇਹ ਨਾਲ ਸਾਈਕਲ 'ਤੇ ਸਵਾਰ ਹੋ ਮਨ 'ਚ ਕਬੀਲਦਾਰੀ ਦੇ ਉਧੇੜ-ਬੁਣ ਕਰਦਾ ਹੌਲੀ-ਹੌਲੀ ਟਾਕੀਆਂ ਲੱਗੀ ਸੜਕ 'ਤੇ ਤੁਰਿਆ ਜਾ ਰਿਹਾ ਸੀ।'
ਇਕ ਤੇਜ਼ ਰਫਤਾਰ ਕਾਰ ਨੇ ਮੀਂਹ ਦਾ ਗੰਧਲਾ ਪਾਣੀ ਉਸ 'ਤੇ ਉਛਾਲ ਦਿੱਤਾ। 'ਉਹ ਸੋਚਾਂ ਦੇ ਸਮੁੰਦਰ' ਵਿਚ ਡੁੱਬਿਆ ਵਾਰ ਵਾਰ ਨਿਕਲਣ ਦਾ ਯਤਨ ਕਰ ਰਿਹਾ ਸੀ।.ਪਰ ਕੁਦਰਤੀ ਆਫਤ ਉਹਨੂੰ ਸੱਜਰੀ ਸ਼ਰੀਕ ਬਣ ਟੱਕਰੀ ਸੀ....! ਜਿਸ ਦਾ ਉਸ ਨੂੰ ਕੋਈ ਕਿਆਫਾ ਵੀ ਨਹੀਂ ਸੀ...! ਸਰਕਾਰ ਤਾਂ ਕੇਵਲ ਡੁੱਬੀਆਂ ਫ਼ਸਲਾਂ ਅਤੇ ਜ਼ਿਆਦਾ ਹੜ੍ਹ ਪ੍ਰਭਾਵਿਤ ਇਲਾਕਿਆ ਪ੍ਰਤੀ ਵਚਨਬੱਧ ਹੈ...! ਚੋਂਦੀਆਂ ਛੱਤਾਂ ਤਾਂ ਕਿਸੇ ਗਿਣਤੀ ਵਿਚ ਨਹੀਂ ਆਉਂਦੀਆਂ, ਉਂਝ ਵੀ ਗਰੀਬ ਦੇ ਨਾਂਅ 'ਤੇ ਸਰਕਾਰੀ ਖਜ਼ਾਨਾ ਮਾਲ ਗੱਡੀ ਦੇ ਇੰਜਣ ਵਾਂਗ ਭਾਫਾਂ ਛੱਡਣ ਲੱਗ ਪੈਂਦਾ ਹੈ...!
ਕੋਈ ਨਹੀਂ ਜਾਣਦਾ ਕਿ ਮੀਂਹ ਕਣੀ ਵਿਚ ਗਰੀਬ ਦੇ ਘਰ ਕਿਵੇਂ ਚੁੱਲ੍ਹਾ ਤਪਦਾ...!
ਸ਼ਹਿਰ ਦੇ ਸੀਵਰੇਜ ਦੇ ਗੋਡੇ-ਗੋਡੇ ਗੰਦੇ ਪਾਣੀ ਵਿਚ ਦੀ ਉਹ ਮਸਾਂ ਤੁਰ ਕੇ ਲੰਘਿਆ ਸੀ....! ਸਰੋਵਰ ਪਾਣੀ ਨੂੰ ਵੇਖ ਡਰ ਰਿਹਾ ਸੀ....! ਲਗਾਤਾਰ ਮੀਂਹ ਪੈਣ ਕਾਰਨ ਦੁਕਾਨਾਂ 'ਤੇ ਵਧੀ 'ਪੌਲੀਥੀਨ ਕਾਗਜ਼' ਦੀ ਮੰਗ ਕਾਰਨ ਦੁਕਾਨਦਾਰ 'ਗਾਹਕ ਦੀ ਛਿੱਲ 'ਚੰਗੀ ਤਰ੍ਹਾਂ ਉਧੇੜ ਰਹੇ ਸਨ। ਕੋਈ ਰਾਜਾ ਬਾਬੂ ਨਹੀਂ ਸੀ। ਹਰ ਚੀਜ਼ ਦੁੱਗਣੇ ਭਾਅ ਵੇਚੀ ਜਾ ਰਹੀ।'
ਉਹ ਸਾਈਕਲ ਇਕ ਪਾਸੇ ਖੜ੍ਹਾ ਕਰ ਦੁਕਾਨ ਵੱਲ ਵਧਿਆ। ਅੱਗੇ ਕਾਗਜ਼ ਲੈਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। 'ਦੁਕਾਨਦਾਰ ਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੋਇਆ ਸੀ ਕਿਉਂਕਿ ਉਹਦਾ ਕਾਗਜ਼ ਸੋਨੇ ਦੇ ਭਾਅ ਜੋ ਵਿਕ ਰਿਹਾ ਸੀ....!ਸਰੋਵਰ ਨੂੰ ਦੁਕਾਨਦਾਰ ਨੇ ਕਿਹਾ, 'ਬਾਬਾ ਕਿੰਨਾ ਕਾਗਜ਼ ਚਾਹੀਦਾ ਤੈਨੂੰ? ਜੀ ਬਸ ਪੰਜ ਕੁ ਖਣ ਨੇ ਕਿਹੜਾ ਗਰੀਬਾਂ ਨੇ ਤਬੇਲਾ ਢੱਕਣਾ ਸ਼ੇਰਾ! ਬਾਬਾ ਲੰਬਾਈ-ਚੌੜਾਈ ਦੱਸ ਕਿੰਨੀ ਆ..! ਮਸਾਂ ਵੀਹ ਕੁ ਫੁੱਟ ਹੋਊ ਜੀ।'ਦੁਕਾਨਦਾਰ ਨੇ ਆਪਣੇ ਹਿਸਾਬ ਨਾਲ ਬਾਈ ਫੁੱਟ ਲੰਬਾ ਤੇ ਬਾਰਾਂ ਫੁੱਟ ਚੌੜਾ ਕਾਗਜ਼ ਕੱਟ ਕੰਡੇ ਤੇ ਚਾੜ੍ਹ ਦਿੱਤਾ ...! 'ਸ਼ੇਰਾ ਕਿੰਨੇ ਪੈਸੇ ਹੋਗੇ। ਬਾਬਾ ਪੰਜ ਕਿਲੋ ਕਾਗਜ਼ ਆ ਤੇ ਇਕ ਹਜਾਰ ਰੁਪੈ ਦਾ ਹੋ ਗਿਆ, ਦੋ ਸੌ ਕਿਲੋ ਦੇ ਹਿਸਾਬ ਨੂੰ। ਸ਼ੇਰਾ ਇੰਨਾ ਮਹਿੰਗਾ....! ਦੁਕਾਨਦਾਰ ਸਖਤੀ ਨਾਲ ਬੋਲਿਆ, 'ਬਾਬਾ ਟਾਈਮ ਖਰਾਬ ਨਾ ਕਰ, ਲੈਣਾ ਤਾਂ ਦਸ ਨਹੀਂ ਗਾਂਹਾ ਹੋ ਸਾਨੂੰ ਹੋਰ ਵੀ ਬਹੁਤ ਕੰਮ ਆ....!
ਸਰੋਵਰ ਦੇ ਚਿਹਰੇ ਤੋਂ ਹਵਾਈਆਂ ਉੱਡਣ ਲੱਗੀਆਂ ਉਹ ਲਿਫਾਫੇ ਵਿਚੋਂ ਪੈਸੇ ਕੱਢਣ ਹੀ ਲੱਗਿਆ ਸੀ ਕਿ ਇਕ 'ਨੇਕ ਇਨਸਾਨ ' ਗੱਡੀ ਵਿਚੋਂ ਉਤਰਿਆ। ਉਹ ਇਕ ਫਰਿਸ਼ਤਾ ਬਣ ਹੀ ਤਾਂ ਆਇਆ ਸੀ...! ਦੁਕਾਨਦਾਰ ਉਹਦੇ ਅੱਗੇ ਸੂਰਜਮੁਖੀ ਦੇ ਫੁੱਲ ਵਾਂਗ ਝੁਕਿਆ ਖੜ੍ਹਾ ਸੀ...! ਗੱਲ ਸੁਣ ਮੇਰੀ ਜਿਹਨੂੰ ਜਿੰਨਾ ਕਾਗਜ਼ ਚਾਹੀਦਾ ਕੱਟ ਕੇ ਦੇਦੇ ਕਿਸੇ ਗਰੀਬ ਤੋਂ ਪੈਸਾ ਮੰਗਣ ਦੀ ਲੋੜ ਨਹੀਂ...? ਮੈਨੂੰ ਹਿਸਾਬ ਕਰ ਕੇ ਦੱਸਦੀਂ ਸਭ ਦੇ ਪੈਸੇ ਮੈਂ ਦੇਵਾਂਗਾ...!'
ਸਰੋਵਰ ਪੈਸੇ ਦੇਣ ਲੱਗਿਆ ਦੁਕਾਨਦਾਰ ਨਰਮੀ ਨਾਲ ਬੋਲਿਆ, ਰਹਿਣ ਦੇ ਬਾਬਾ ਕਾਗਜ਼ ਲੈ ਲੈ ਤੁਹਾਡੇ ਪੈਸੇ ਆ ਗਏ। ਸਰੋਵਰ ਹੈਰਾਨ ਇਸ ਅਜ਼ੀਬ ਵਰਤਾਰੇ ਤੋਂ 'ਪੋਲੀਥੀਨ ਕਾਗਜ਼ ' ਲੈ ਉਹਨੇ ਸਾਈਕਲ ਦੇ ਪਿੱਛੇ ਰੱਖ ਲਿਆ ਤੇ ਘਰ ਵੱਲ ਤੇਜ਼ੀ ਨਾਲ ਚੱਲ ਪਿਆ! ਉਹਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਸੀ। ਜੇ ਉਹਨੇ ਵਕਤ ਪਾਇਆ ਤਾਂ ਲੰਘਾਉਣ ਦਾ ਹੀਲਾ ਵੀ ਉਹਨੇ ਕਰ ਦਿੱਤਾ...! ਕੋਲ ਵਾਲੇ ਪੈਸਿਆਂ ਦਾ ਸੌਦਾ ਖਰੀਦ ਉਹ ਖੁਸ਼ੀ ਖੁਸ਼ੀ ਘਰ ਪਰਤਿਆ। ਘਰ ਪਹੁੰਚ ਉਹਨੇ ਆਪਣੇ ਬੱਚਿਆਂ ਨੂੰ ਨਾਲ ਲਾ 'ਪੋਲੀਥੀਨ ਕਾਗਜ਼ 'ਕੱਟ ਕੋਠੇ 'ਤੇ ਪਾ ਦਿੱਤਾ। 'ਬਾਰੀਕ ਕਣੀ ਦਾ ਮੀਂਹ ਅਜੇ ਵੀ ਪੈ ਰਿਹਾ ਸੀ...!'
ਪੱਛਮ ਦੀ ਗੁਠ 'ਚੋਂ ਕਾਲੀਆਂ ਘਟਾ ਚੜ੍ਹ ਕੇ ਆ ਰਹੀਆਂ ਸੀ! ਉਹ ਕਾਗਜ਼ ਤੋਂ ਬਾਂਸ ਦੇ ਝਾੜੂ ਨਾਲ ਮੀਂਹ ਦਾ ਪਾਣੀ ਸੁੰਬਰ ਰਿਹਾ ਸੀ..!'
ਉਹਨੇ ਲਾਚਾਰੀ ਅਤੇ ਬੇਵਸੀ ਜਾਹਿਰ ਕਰਦਿਆਂ ਆਸਮਾਨ ਵੱਲ ਹੱਥ ਕਰ ਕਿਹਾ, 'ਬੱਸ ਕਰ ਰੱਬਾ' ਦੱਸ ਤੈਂ ਹੋਰ ਕੀ ਕਰਨਾ। ਹਨੇਰਾ ਗਰਦ ਵਾਂਗ ਧਰਤੀ 'ਤੇ ਪਸਰ ਗਿਆ। ਮੀਂਹ ਹੋਰ ਤੇਜ਼ ਹੋ ਗਿਆ 'ਸਰੋਵਰ ਕੋਠੇ ਤੋਂ ਥੱਲੇ ਉੱਤਰ ਰਿਹਾ ਸੀ.....!
-ਪਿੰਡ ਤੇ ਡਾਕ ਦੱਧਾਹੂਰ, ਤਹਿਸੀਲ ਰਾਏਕੋਟ ਲੁਧਿਆਣਾ
ਮੋਬਾਈਲ : 98156 -88236

ਪਿਛਲੀ ਖ਼ਬਰ ਬੰਦੇ ਦੀ ਕੀਮਤ ਅਗਲੀ ਖ਼ਬਰ ਭੁਲੱਕੜਨਾਮਾ ਫਗਵਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।