27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਲਪਟਾਂ

ਲਪਟਾਂ

ਅਜੀਤ ਡੈਸਕ 27-09-2026

ਗਾਲ੍ਹੜਾਂ ਦਾ ਜੋੜਾ ਇਸ ਮੰਜਰ ਤੋਂ ਬੇਖ਼ਬਰ ਬੜੀ ਮਸਤੀ ਨਾਲ ਨਿੰਮ ਦੀਆਂ ਟਾਹਣੀਆਂ ਤੋਂ ਧਰੇਕ ਦੀਆਂ ਟਾਹਣੀਆਂ 'ਤੇ ਛਾਲਾਂ ਮਾਰਦਾ ਇਕ-ਦੂਜੇ ਪਿੱਛੇ ਇਵੇਂ ਦੌੜ ਰਿਹਾ ਸੀ ਜਿਵੇਂ ਬੱਚੇ ਫੜਨ-ਫੜਾਈ ਖੇਡਦੇ ਹਨ | ਹੌਲੀ-ਹੌਲੀ ਉੱਠ ਰਹੀਆਂ ਲਪਟਾਂ ਦਾ ਸੇਕ ਉੱਪਰ ਨੂੰ ਚੜ੍ਹਨ ਲੱਗਿਆ | ਜਿਉਂ ਹੀ ਉਨ੍ਹਾਂ ਨੇ ਥੱਲੇ ਦੇਖਿਆ ਪਲ ਭਰ ਪਹਿਲਾਂ ਵਾਲੀ ਮਸਤੀ ਇਕਦਮ ਖ਼ੌਫ਼ ਵਿਚ ਬਦਲ ਗਈ | ਲਪਟਾਂ ਤੇਜ਼ੀ ਨਾਲ ਉੱਪਰ ਵੱਲ ਆ ਰਹੀਆਂ ਸਨ | ਪੱਤੇ, ਟਾਹਣੀਆਂ ਚਿੜ ਚਿੜ ਕਰਕੇ ਮਚਣ ਲੱਗੀਆਂ | ਹੁਣ ਉਨ੍ਹਾਂ ਦਾ ਬਚਣਾ ਮੁਸ਼ਕਿਲ ਸੀ | 

ਅੱਗ ਦਾ ਘੇਰਾ ਵਧਦਾ ਜਾ ਰਿਹਾ ਸੀ | ਨਾਲ ਸੂਏ ਦੀ ਪਟੜੀ 'ਤੇ ਵੀ ਘਾਹ ਨੂੰ ਅੱਗ ਚੜ੍ਹ ਗਈ ਸੀ | ਦੋਵੇਂ ਇਕ ਦੂਜੇ ਦੇ ਨੇੜੇ-ਨੇੜੇ ਹੋਣ ਲੱਗੇ | ਫਿਰ ਇਕ ਦਮ ਉੱਪਰੋਂ ਇਕੱਠਿਆਂ ਹੀ ਛਾਲ ਮਾਰ ਦਿੱਤੀ | ਉਨ੍ਹਾਂ ਦੀਆਂ ਪੂਛਾਂ ਦੇ ਵਾਲਾਂ ਤੱਕ ਸੇਕ ਪਹੁੰਚ ਗਿਆ ਸੀ ਪਰ ਸੜਨ ਤੋਂ ਬਚ ਗਏ | ਰੁੱਖਾਂ ਦੀਆਂ ਜੜ੍ਹਾਂ 'ਚ ਰੈਣ ਬਸੇਰਾ ਕਰਦੇ ਛੋਟੇ ਜੀਵ, ਕੀੜ-ਮਕੌੜੇ ਪਲ ਵਿਚ ਸਵਾਹ ਹੋ ਗਏ | ਪੰਛੀਆਂ ਨੇ ਵੀ ਰੌਲਾ ਚੱਕ ਦਿੱਤਾ ਪਰ ਸੁਣਨ ਵਾਲਾ ਕੌਣ ਸੀ? ਜ਼ੋਰ-ਜ਼ੋਰ ਦੀ ਧੜਕਦੇ ਦਿਲ ਨਾਲ ਹੁਣ ਦੂਰ ਖੜ੍ਹਾ ਗਾਲ੍ਹੜ ਜੋੜਾ ਇਕ-ਦੂਜੇ ਨੂੰ ਕਹਿ ਰਿਹਾ ਸੀ
'ਅਸੀਂ ਤਾਂ ਦੌੜ ਕੇ ਬਚ ਗਏ ਪਰ ਇਹ ਦਰਵੇਸ਼ ਰੁੱਖ, ਜਿਹੜੇ ਆਪਣੀ ਥਾਂ ਤੋਂ ਹਿੱਲ ਨਹੀਂ ਸਕਦੇ ਇਨ੍ਹਾਂ ਦਾ ਕੀ ਕਸੂਰ ਹੈ?'
'ਹਾਂ ਹਰ ਵਾਰ ਨਾੜ ਸਾੜਨ ਦੇ ਨਾਲ ਕਿਉਂ ਇਨ੍ਹਾਂ ਨੂੰ ਲਪਟਾਂ ਦੇ ਹਵਾਲੇ ਕੀਤਾ ਜਾਂਦਾ ਹੈ? ਇਹ ਇਨਸਾਨ ਇੰਨਾ ਬੇਰਹਿਮ ਤੇ ਬੇਦਰਦ ਕਿਉਂ ਬਣ ਗਿਆ ਹੈ?' ਦੂਜੇ ਗਾਲ੍ਹੜ ਨੇ ਕਿਹਾ | 
ਪਿੱਛੇ ਮੂੰਹ ਨਾਲ ਆਪਣੀ ਸੇਕ ਲੱਗੀ ਪੂਛ ਨੂੰ ਚੱਟਦਿਆਂ ਮਾਦਾ ਗਾਲ੍ਹੜ ਕਹਿ ਰਹੀ ਸੀ 
'ਇਹ ਕਿਉਂ ਨਹੀਂ ਸਮਝਦਾ ਕਿ ਜੇਕਰ ਜੀਵ-ਜੰਤੂ, ਰੁੱਖ ਤੇ ਬਨਸਪਤੀ ਹੈ ਤਾਂ ਹੀ ਉਸ ਦੀ ਹੋਂਦ ਹੈ, ਜੇ ਮਨੁੱਖ ਸਭ ਇਸੇ ਤਰ੍ਹਾਂ ਖ਼ਤਮ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਉਹ ਖ਼ੁਦ ਜਿਸ ਤਰ੍ਹਾਂ ਇਹ ਰੁੱਖ ਅੱਗ ਦੀਆਂ ਲਪਟਾਂ ਨਾਲ ਭੁੱਜ ਰਹੇ ਹਨ ਉਹ ਵੀ ਧਰਤੀ 'ਤੇ ਤਾਪਮਾਨ ਵਧਣ ਨਾਲ ਇਸੇ ਤਰ੍ਹਾਂ ਸੜਦਾ ਹੋਇਆ ਖ਼ਤਮ ਹੋ ਜਾਵੇਗਾ |' 
ਅੱਗੇ ਵਧਦੀ ਅੱਗ ਨੂੰ ਦੇਖਦਿਆਂ ਜਿਉਂ ਹੀ ਉਨ੍ਹਾਂ ਦੀ ਨਜ਼ਰ ਪਿੱਛੇ ਮੁੜੀ ਤਾਂ ਕੀ ਦੇਖਦੇ ਹਨ ਕਿ ਦੋ ਨੌਜਵਾਨ ਹੱਥਾਂ ਵਿਚ ਰੁੱਖਾਂ ਦੀਆਂ ਟਾਹਣੀਆਂ ਫੜ ਅੱਗ 'ਤੇ ਮਾਰ-ਮਾਰ ਬੁਝਾ ਰਹੇ ਸਨ ਅਤੇ ਆਪਣੇ ਦੂਸਰੇ ਸਾਥੀਆਂ ਨੂੰ ਜਲਦੀ ਨਾਲ ਨੇੜੇ ਖੇਤ 'ਚੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਲਿਆਉਣ ਲਈ ਕਹਿ ਰਹੇ ਸਨ | ਚੀਕ-ਚਿਹਾੜਾ ਪਾ ਰਹੇ ਪੰਛੀਆਂ ਤੇ ਜਾਨਵਰਾਂ ਦੇ ਦਿਲਾਂ ਨੂੰ ਹੁਣ ਕੁੱਝ ਧਰਵਾਸ ਮਿਲਿਆ ਅਤੇ ਆਪਣੀਆਂ ਚੁੰਝਾਂ ਤੇ ਪੰਜਿਆਂ ਨੂੰ ਇਕ-ਦੂਜੇ ਨਾਲ ਮਿਲਾ ਕੇ ਕਹਿ ਰਹੇ ਸਨ, 'ਚੰਗੀ ਸੋਚ ਤੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਲੋਕ ਵੀ ਅਜੇ ਇਸ ਧਰਤੀ 'ਤੇ ਮੌਜੂਦ ਹਨ |'
ਹੁਣ ਲਪਟਾਂ ਹੌਲੀ-ਹੌਲੀ ਠੰਢੀਆਂ ਪੈ ਗਈਆਂ ਸਨ | 

-ਅੱਧੀ ਟਿੱਬੀ ਪਿੰਡ ਤੇ ਡਾਕ: ਬਡਰੁੱਖਾਂ, ਤਹਿਸੀਲ ਤੇ ਜ਼ਿਲ੍ਹਾ ਸੰਗਰੂਰ-148001
ਮੋਬਾਈਲ : 86995-35708

ਪਿਛਲੀ ਖ਼ਬਰ ਅਮੀਰ ਮੁਹੰਮਦ ਅਗਲੀ ਖ਼ਬਰ ਕੀ ਸੁਆਹ ਕਾਮਯਾਬ ਮੁਸ਼ਾਇਰਾ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।