ਨੀਲੀਆਂ ਅੱਖਾਂ ਵਾਲੀ
ਲੇਖਕ : ਡਾਕਟਰ ਐਮ. ਆਰ. ਗੋਇਲ
ਪ੍ਰਕਾਸ਼ਕ : ਸ਼ਿਲਾਲੇਖ ਪਬਲਿਸ਼ਰਜ਼ ਦਿੱਲੀ
ਮੂਲ : 400 ਰੁਪਏ, ਸਫ਼ੇ : 136
ਸੰਪਰਕ : 98888-40502

'ਨੀਲੀਆਂ ਅੱਖਾਂ ਵਾਲੀ' ਪੁਸਤਕ ਇੱਕ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ-ਸੰਗ੍ਰਹਿ ਦੇ ਲੇਖਕ ਡਾਕਟਰ ਐਮ. ਆਰ. ਗੋਇਲ ਹਨ। ਇਸ ਪੁਸਤਕ ਦੇ ਨਾਂਅ ਤੋਂ ਲਗਦਾ ਹੈ ਜਿਵੇਂ ਇਸ ਵਿਚ ਬਹੁਤ ਹੀ ਦਿਲਚਸਪ ਕਹਾਣੀਆਂ ਦੀ ਸ਼ਮੂਲੀਅਤ ਹੋਵੇ। ਪੁਸਤਕ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਔਰਤਾਂ ਨਾਲ ਸੰਬੰਧਿਤ ਹਨ। ਕਹਾਣੀਆਂ ਵਿਚ ਹਰ ਇੱਕ ਕਿਸਮ ਦੀ ਔਰਤ ਦਾ ਜ਼ਿਕਰ ਕੀਤਾ ਹੈ। ਕਈ ਔਰਤਾਂ ਦਾ ਕਿਰਦਾਰ ਬਹੁਤ ਸੱਚਾ-ਸੁੱਚਾ ਤੇ ਕਈ ਔਰਤਾਂ ਬਦਦਿਮਾਗ ਤੇ ਹਿੰਸਕ ਕਿਸਮ ਦੀਆਂ ਦਿਖਾਈਆਂ ਹਨ ਜਿਵੇਂ ਕਿ ਅਸੀਂ ਆਪਣੇ ਸਮਾਜ ਵਿਚ ਵੀ ਦੇਖਦੇ ਹਾਂ। ਪੁਸਤਕ ਵਿਚਲੀ 'ਬਦਨਸੀਬ' ਕਹਾਣੀ ਗ਼ਰੀਬੀ ਦੀ ਹਾਲਤ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਗ਼ਰੀਬ ਆਦਮੀ ਜਦ ਖੁਸ਼ੀਆਂ ਪ੍ਰਾਪਤ ਕਰਨ ਦੇ ਨੇੜੇ ਪਹੁੰਚਦਾ ਹੈ ਤਾਂ ਉਸਦੀਆਂ ਖੁਸ਼ੀਆਂ ਮਾਤਮ ਵਿਚ ਛਾ ਜਾਂਦੀਆਂ ਹਨ। ਕਹਾਣੀ 'ਪਾਪੀ ਦੇਵਤਾ' ਵਿਚ ਇੱਕ ਔਰਤ ਦੀ ਦਾਸਤਾਨ ਬਿਆਨ ਕੀਤੀ ਹੈ। 'ਬੇਵਫ਼ਾ' ਕਹਾਣੀ ਵਿਚ ਇੱਕ ਮਰਦ ਦੀ ਬੇਵਫ਼ਾਈ ਤੇ ਕਾਮ-ਵਾਸ਼ਨਾ ਦੀ ਲਾਲਸਾ ਨੂੰ ਦਰਸਾਇਆ ਗਿਆ ਹੈ। 'ਹਾਰ ਜਿੱਤ' ਕਹਾਣੀ ਵਿਚ ਦੋ ਮੁੱਖ ਪਾਤਰ ਬਿੱਲੂ ਤੇ ਮਿੱਠੂ ਪਹਿਲਵਾਨ ਹਨ। ਇਸ ਵਿਚ ਬਿੱਲ ਹਾਰ ਕੇ ਵੀ ਕਿਵੇਂ ਜਿੱਤਦਾ ਹੈ, ਬਾਖੂਬੀ ਬਿਆਨ ਕੀਤਾ ਗਿਆ ਹੈ। 'ਕਪਲਾ ਗਊ' ਕਹਾਣੀ ਵਿਚ ਬਸੰਤੀ ਨਾਂਅ ਦੀ ਔਰਤ ਨਾਲ ਬਹੁਤ ਬੁਰਾ ਦਿਖਾਇਆ ਹੈ। ਕਹਾਣੀ ਦੇ ਅੰਤ ਵਿਚ ਉਸ ਦੇ ਪਤੀ ਵਲੋਂ ਉਸ ਨੂੰ ਇੱਕ ਅਹਿਸਾਨ ਦੇ ਤੌਰ 'ਤੇ ਰੱਖਿਆ ਜਾਂਦਾ ਹੈ। ਜੋ ਕਿ ਇੱਕ ਔਰਤ ਦੀ ਤਰਾਸਦੀ ਨੂੰ ਦਰਸਾਉਂਦਾ ਹੈ। 'ਫੈਸਲਾ' ਕਹਾਣੀ ਵਿਚ ਰੋਜੀ ਤੇ ਜੋਹਨ ਦੇ ਆਪਸੀ ਸੱਚੇ ਪਿਆਰ ਨੂੰ ਬਿਆਨ ਕੀਤਾ ਹੈ। 'ਨਮਕ ਹਰਾਮ' ਕਹਾਣੀ ਵਿਚ ਮਜ਼ਦੂਰ ਤੇ ਅਮੀਰ ਆਦਮੀ ਦੇ ਨਜ਼ਰੀਏ ਨੂੰ ਬਿਆਨ ਕੀਤਾ ਗਿਆ ਹੈ। 'ਪੁੱਤਰ ਨਹੀਂ ਕਾਤਿਲ' ਕਹਾਣੀ ਬਹੁਤ ਭਾਵੁਕ ਕਰਨ ਵਾਲੀ ਕਹਾਣੀ ਹੈ ਜਿਸ ਵਿਚ ਪੁੱਤਰ ਦੇ ਸੱਚਾ ਹੁੰਦੇ ਹੋਏ ਵੀ ਮਾਂ ਦੇ ਕਤਲ ਦੇ ਦੋਸ਼ ਵਿਚ ਪੁੱਤਰ ਨੂੰ ਫਾਂਸੀ ਦੀ ਸਜ਼ਾ ਮਿਲਦੀ ਹੈ। 'ਪਖੰਡੀ' ਕਹਾਣੀ ਸਾਧੂ-ਸੰਤਾਂ ਦੇ ਪਖੰਡਾਂ ਦਾ ਪਰਦਾਫਾਸ਼ ਕਰਦੀ ਹੈ। 'ਦਿਲ ਵਾਲਾ' ਕਹਾਣੀ ਵਿਚ ਡਾਕਟਰ ਦਾ ਕਿਸੇ ਕੁਆਰੀ ਵਿਧਵਾ ਨਾਲ ਵਿਆਹ ਕਰਨ ਤੇ ਉਸਦੇ ਵੱਡੇ ਦਿਲ ਹੋਣ ਦਾ ਸਬੂਤ ਪੇਸ਼ ਕੀਤਾ ਗਿਆ ਹੈ। 'ਨੀਲੀਆਂ ਅੱਖਾਂ ਵਾਲੀ' ਕਹਾਣੀ ਜੋ ਕਿ ਪੁਸਤਕ ਦੇ ਸਿਰਲੇਖ ਵਿਚ ਵਿਚਲੀ ਕਹਾਣੀ ਹੈ। ਇਸ ਵਿਚ ਮੁੱਖ ਪਾਤਰ ਇੱਕ ਵਿਧਵਾ ਔਰਤ ਤੇ ਕਹਾਣੀ ਵਿਚਲਾ ਮੈਂ ਪਾਤਰ ਹੈ। ਇਹ ਕਹਾਣੀ ਸਮਾਜ ਵਿਚਲੀਆਂ ਬੰਦਿਸ਼ਾਂ ਦੇ ਬਾਵਜੂਦ ਇੱਕ ਦੂਜੇ ਦੀ ਖੁਸ਼ੀ ਨੂੰ ਪ੍ਰਗਟਾਉਂਦੀ ਹੈ। ਇਸ ਤੋਂ ਬਿਨਾਂ ਪੁਸਤਕ ਵਿਚਲੀਆਂ ਹੋਰ ਵੀ ਕਹਾਣੀਆਂ 'ਰਿਸ਼ਤਾ, ਹੇਮਾ ਮਾਲਨੀ, ਆਪਣਾ ਖੂਨ, ਕੁਰਬਾਨੀ, ਬਰਬਾਦੀ, ਮੰਗਤੇ, ਕੈਦੀ, ਸਾਜਨ, ਕੁਆਰੀ ਵਿਧਵਾ' ਅਤੇ 'ਹਮਸਫ਼ਰ' ਹਨ। ਸਾਰੀਆਂ ਕਹਾਣੀਆਂ ਪੜ੍ਹਨ ਵਿਚ ਚੰਗੀਆਂ ਹਨ। ਭਾਸ਼ਾ ਸਰਲ ਤੇ ਸਾਦੀ ਹੈ। ਕਹਾਣੀਕਾਰ ਆਪਣੀਆਂ ਕਹਾਣੀਆਂ ਵਿਚ ਸਮਾਜ ਨੂੰ ਸੇਧ ਦੇਣ ਵਾਲੀਆਂ ਘਟਨਾਵਾਂ ਦਾ ਬਿਆਨ ਕਰਦਾ ਹੈ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280
ਲੰਮਾ ਪੰਧ ਵਫ਼ਾ ਦਾ
ਲੇਖਕ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਸੰਭਾਵਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 94179-62820

ਸਰਬਜੀਤ ਸਿੰਘ ਸੰਧੂ ਪੰਜਾਬੀ ਸਾਹਿਤ ਦੇ ਸਮਰੱਥ ਹਸਤਾਖ਼ਰ ਹਨ। ਹਥਲੀ ਪੁਸਤਕ 'ਲੰਮਾ ਪੰਧ ਵਫ਼ਾ ਦਾ' ਉਨ੍ਹਾਂ ਦਾ ਪਲੇਠਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ 'ਪੰਜਾਬੀ ਗ਼ਜ਼ਲ ਦੀ ਪੁਸਤਕਾਵਲੀ' ਦਾ ਕੀਤਾ ਗਿਆ ਖੋਜ-ਕਾਰਜ ਸਾਹਿਤਕ ਹਲਕਿਆਂ ਵਿਚ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਸਮਝਿਆ ਗਿਆ ਹੈ। ਨਿਰਸੰਦੇਹ ਇਸ ਖ਼ੂਬਸੂਰਤ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਕਵਿਤਾਵਾਂ ਵਿਚ ਕੱਚੇ ਦੁੱਧ ਦੀ ਤਾਜ਼ਗੀ ਵੀ ਹੈ ਅਤੇ ਕੜ੍ਹੇ ਹੋਏ ਦੁੱਧ ਦੀ ਮਹਿਕ ਵੀ:
ਸਜਨ! ਤੇਰੇ ਹਾਸੇ ਤੋਂ ਮਹਿਕਣ ਬੀਆਬਾਨ
ਸਜਨ! ਤੇਰੇ ਹਾਸੇ ਤੋਂ ਹਰ ਮੌਸਮ ਕੁਰਬਾਨ
ਅਜੋਕੇ ਅੱਖਾਂ ਚੁੰਧਿਆ ਦੇਣ ਵਾਲੇ ਵਿਗਿਆਨਕ ਯੁੱਗ ਵਿਚ ਵੀ ਔਰਤ ਵਰਗ ਦੀ ਦਸ਼ਾ ਅਤੇ ਦਿਸ਼ਾ ਬਹੁਤੀ ਵਧੀਆ ਨਹੀਂ ਆਖੀ ਜਾ ਸਕਦੀ, ਜਿਸਨੂੰ ਦੇਖ ਕੇ ਉਹ ਚੁੱਪ ਵੱਟ ਕੇ ਨਹੀਂ ਬਹਿੰਦੇ ਬਲਕਿ ਬੁਲੰਦ ਆਵਾਜ਼ ਵਿਚ ਔਰਤਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਦਿਖਾਈ ਦਿੰਦੇ ਹਨ। ਬੇਸ਼ੱਕ ਸਮੁੱਚੇ ਭਾਰਤ ਵਿਚ ਹੀ ਔਰਤ ਦੀ ਹਾਲਤ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਪਰ ਬਾਬੇ ਨਾਨਕ ਦੀ ਧਰਤੀ ਉੱਤੇ ਅਜਿਹਾ ਮਾਨਵਤਾ ਵਿਰੋਧੀ ਵਰਤਾਰਾ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ:
ਧੀਆਂ ਦਾ ਕੀ ਹਾਲ ਨੀ ਮਾਏ ਮੇਰੀਏ
ਹੋਇਆ ਜੀਣ ਮੁਹਾਲ ਨੀ ਮਾਏ ਮੇਰੀਏ
ਕੀ ਦਿੱਲੀ ਕੀ ਦੱਖਣ ਇੱਕੋ ਹਾਲ ਹੈ
ਕੀ ਪੰਜਾਬ ਬੰਗਾਲ ਨੀ ਮਾਏ ਮੇਰੀਏ
ਇਸ ਪੁਸਤਕ ਵਿਚ ਸਰਬਜੀਤ ਸਿੰਘ ਸੰਧੂ ਨੇ ਸਤੰਬਰ 1965 ਤੋਂ ਦਸੰਬਰ 2025 ਤੱਕ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਅਮਰਜੀਤ ਢਿੱਲੋਂ ਦੇ ਗ਼ਜ਼ਲ-ਸੰਗ੍ਰਹਿ 'ਆਪਣੇ ਸੰਗ ਸੰਵਾਦ', ਜਗਤਾਰ ਗਿੱਲ ਦੇ ਕਾਵਿ-ਸੰਗ੍ਰਹਿ 'ਵੰਗਾਂ ਕੱਚ ਦੀਆਂ', ਦੋਹਾ-ਸੰਗ੍ਰਹਿ 'ਪਾ ਚਾਨਣ ਦੀ ਬਾਤ' ਅਤੇ ਅਨੁਵਾਦਿਤ ਕਾਵਿ-ਸੰਗ੍ਰਹਿ 'ਜਦੋਂ ਕਵਿਤਾ ਗੁਆਚ ਜਾਏਗੀ', ਕਾਬਲ ਸਿੰਘ ਸੰਧੂ ਦੇ ਕਹਾਣੀ-ਸੰਗ੍ਰਹਿ 'ਦੁੱਖ ਡਾਰੋਂ ਵਿੱਛੜੀ ਕੂੰਜ ਦਾ', ਕਲਿਆਣ ਅੰਮ੍ਰਿਤਸਰੀ ਦੇ ਗ਼ਜ਼ਲ-ਸੰਗ੍ਰਹਿ 'ਸਜਦਾ', ਸਗ਼ੀਰ ਤਬੱਸੁਮ ਦੇ ਕਾਵਿ-ਸੰਗ੍ਰਹਿ 'ਕੂੰਜਾਂ ਵਿੱਛੜਨ ਵਾਲੀਆਂ ਨੇ', ਮਲਵਿੰਦਰ ਦੇ ਕਾਵਿ-ਸੰਗ੍ਰਹਿ 'ਚੁੱਪ ਦੇ ਬਹਾਨੇ', ਹਰਜੀਤ ਸਿੰਘ ਸੰਧੂ ਦੇ ਕਾਵਿ-ਸੰਗ੍ਰਹਿ 'ਥੱਕੇ-ਹਾਰੇ ਸ਼ਹਿਰ ਦੀ ਨੀਂਦ' ਦੀ ਸੰਪਾਦਨਾ ਕਰ ਕੇ ਵੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫੁੱਲਤਾ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਉਮੀਦ ਹੈ ਕਿ ਇਹ ਪੁਸਤਕ ਪਾਠਕਾਂ ਦੀ ਕਸੌਟੀ 'ਤੇ ਜ਼ਰੂਰ ਖਰੀ ਉੱਤਰੇਗੀ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਠਹਿਰੀਏ
ਹੋਸ਼ ਮੇਂ ਆ ਲੂੰ
ਲੇਖਿਕਾ : ਮੀਨੂੰ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁੁਪਏ, ਸਫ਼ੇ : 117
ਸੰਪਰਕ : 92169-19002

'ਮੀਨੂੰ' ਦਾ ਇਹ ਨਾਵਲ ਬਹੁਤ ਹੀ ਸੰਵੇਦਨਸ਼ੀਲ ਅਤੇ ਅੰਤਰੀਵ ਭਾਵਨਾਵਾਂ ਨੂੰ ਟੁੰਬਣ ਵਾਲਾ ਹੈ। ਨਾਵਲ ਦੀ ਨਾਇਕਾ 'ਮਨਜਯੋਤ' ਸਹੀ ਮਾਇਨਿਆਂ ਵਿਚ ਮਨ ਦੀ ਜਗਦੀ ਜੋਤ ਵਾਂਗ ਹੀ ਲਗਦੀ ਹੈ ਅਤੇ ਇਕ ਅਧਿਆਪਕ ਹੋਣ ਦੇ ਨਾਤੇ ਜ਼ਿੰਦਗੀ ਦੇ ਆਦਰਸ਼ ਨਾਲ ਲੈ ਕੇ ਜਿਊਣ ਦੀ ਇਕ ਮਿਸਾਲ ਵੀ ਪੇਸ਼ ਕਰਦੀ ਹੈ। ਨਾਵਲ ਦੀ ਸ਼ੁਰੂਆਤ ਵਿਚ ਮਨਜਯੋਤ ਜ਼ਿੰਦਗੀ ਦੇ ਤਲਖ ਹਲਾਤਾਂ ਨਾਲ ਜੂਝਦੀ ਹੋਈ ਅਤੇ ਹਿੰਮਤ ਨਾ ਹਾਰਦੀ ਹੋਈ ਹਰ ਹਲਾਤ ਦਾ ਸਾਹਮਣਾ ਕਰਦੀ ਹੈ ਅਤੇ ਅਚਾਨਕ ਇਕ ਹਾਦਸਾ ਉਸ ਦੀ ਸਾਰੀ ਜ਼ਿੰਦਗੀ ਹੀ ਬਦਲ ਦਿੰਦਾ ਹੈ। ਹਾਲਾਤ ਉਸ ਨੂੰ ਉਸ ਮੁਕਾਮ 'ਤੇ ਲੈ ਆਉਂਦੇ ਹਨ ਕਿ ਕਦੀ ਉਸ ਨੂੰ ਜ਼ਿੰਦਗੀ ਆਪਣੇ ਆਲੇ-ਦੁਆਲੇ ਸਿਮਟ ਗਈ ਲੱਗਦੀ ਹੈ ਤੇ ਕਦੀ ਹੱਥੋਂ ਕਿਰਦੀ ਹੋਈ ਲੱਗਦੀ ਹੈ ਪਰ ਮਨਜਯੋਤ ਹਰ ਹਾਲ ਵਿਚ ਜ਼ਿੰਦਗੀ ਨੂੰ ਜਿਉਂ ਦੀ ਤਿਉਂ ਕਬੂਲ ਕਰਦੀ ਜਾਂਦੀ ਹੈ ਅਤੇ ਆਪਣੀ ਮਨ ਦੀ ਜਗਦੀ ਜੋਤ ਦਾ ਪ੍ਰਕਾਸ਼ ਕਦੀ ਉਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਅਤੇ ਕਦੀ ਉਸ ਨੂੰ ਇਹ ਮਨ ਦਾ ਪ੍ਰਕਾਸ਼ ਹਨੇਰੇ ਵਿਚ ਤਬਦੀਲ ਹੁੰਦਾ ਲੱਗਦਾ ਹੈ 'ਸ਼ਸ਼ੀਰਾਜ' ਜੋ ਇਸ ਨਾਵਲ ਦਾ ਨਾਇਕ ਹੈ ਇਕ ਫਰਿਸ਼ਤੇ ਦੇ ਰੂਪ ਵਿਚ ਮਨਜਯੋਤ ਦੀ ਜ਼ਿੰਦਗੀ ਵਿਚ ਆਉਂਦਾ ਹੈ ਅਤੇ ਮਨਜਯੋਤ ਵੀ ਉਸ ਨੂੰ ਫਰਿਸ਼ਤੇ ਦੇ ਰੂਪ ਵਿਚ ਰੱਬ ਤੋਂ ਵੀ ਵੱਧ ਮੰਨਦੀ ਹੈ ਅਤੇ ਸਾਰੀ ਉਮਰ ਉਸ ਦੇ ਲੇਖੇ ਲਾ ਦੇਣਾ ਚਾਹੁੰਦੀ ਹੈ ਪਰ ਹਾਲਾਤ ਕਈ ਤਰ੍ਹਾਂ ਦੇ ਮੋੜ ਲੈਂਦੇ ਹਨ ਅਤੇ ਮਨਜਯੋਤ ਵੀ ਹਲਾਤਾਂ ਦੀਆਂ ਲਹਿਰਾਂ ਦੇ ਨਾਲ ਵਹਿੰਦੀ ਜਾਂਦੀ ਹੈ ਅਤੇ ਅਖੀਰ ਜ਼ਿੰਦਗੀ ਦੀਆਂ ਇਹ ਲਹਿਰਾਂ ਉਸ ਨੂੰ ਕਿਨਾਰੇ ਲਾ ਦਿੰਦੀਆਂ ਹਨ। ਕੁੱਲ ਮਿਲਾ ਕੇ ਨਾਵਲ ਬਹੁਤ ਹੀ ਰੌਚਿਕ ਹੈ ਅਤੇ ਅੰਤ ਤੱਕ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ।
-ਡਾ.ਜਸਬੀਰ ਕੌਰ
ਮੋਬਾਈਲ : 98721-17774
ਰਿਸ਼ਤੇ ਫਰਿਸ਼ਤੇ
ਲੇਖਕ: ਹੰਸ ਸਿੰਘ ਸੋਹੀ ਭਗਤਾ
ਪ੍ਰਕਾਸ਼ਨ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 250 ਰੁਪਏ , ਸਫ਼ੇ : 128
ਸੰਪਰਕ : 99151-29747

ਇਹ ਹੰਸ ਸਿੰਘ ਸੋਹੀ ਦਾ ਪਲੇਠਾ ਨਾਵਲ ਹੈ। ਇਹ 2026 ਵਿਚ ਪ੍ਰਕਾਸ਼ਿਤ ਹੋਇਆ ਹੈ। ਨਾਵਲ ਲਿਖਣਾ ਬਹੁਤ ਹੀ ਸਬਰ ਤੇ ਪੇਚੀਦਾ ਕੰਮ ਹੈ। ਲੇਖਕ ਨੇ 1947 ਤੋਂ ਬਾਅਦ ਪਿੰਡ ਵਿਚ ਵਸੇ ਹੋਏ ਲੋਕਾਂ ਦੇ ਜੀਵਨ ਤੇ ਪਿੰਡ ਵਿਚ ਰਹਿੰਦੇ ਗ਼ਰੀਬ ਤੇ ਮਜ਼ਦੂਰ ਲੋਕਾਂ ਨੂੰ ਬਹੁਤ ਹੀ ਬਰੀਕੀ ਨਾਲ ਘੋਖ ਕੇ ਅਤੇ ਬਹੁਤ ਹੀ ਵਧੀਆ ਸ਼ਬਦਾਵਲੀ ਵਿਚ ਹਰ ਸੰਵਾਦ ਨੂੰ ਲਿਖਿਆ ਹੈ ਤੇ ਵਿਸਰ ਚੁੱਕੇ ਪੰਜਾਬੀ ਸ਼ਬਦਾਂ ਦਾ ਇਸਤੇਮਾਲ ਬਾਖੂਬੀ ਕੀਤਾ ਹੈ। ਲੇਖਕ ਨੇ ਨਾਵਲ ਵਿਚ ਹਰ ਇਕ ਵਿਸ਼ੇ ਨੂੰ ਛੂਹਿਆ ਹੈ। ਔਰਤ ਦੇ ਹਰ ਪੱਖ ਨੂੰ ਦਰਸਾਇਆ ਹੈ, ਕਿਵੇਂ ਇੱਕ ਔਰਤ ਘਰ ਨੂੰ ਬਣਾਉਂਦੀ ਹੈ ਤੇ ਕਿਵੇਂ ਉਜਾੜਦੀ ਹੈ। ਅਮਲੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਗੁਰਦੁਆਰੇ ਦੇ ਭਾਈ ਵਲੋਂ ਬਹੁਤ ਹੀ ਸਿੱਖਿਆਦਾਇਕ ਤਰੀਕੇ ਨਾਲ ਸਮਝਾਏ ਗਏ ਹਨ ਜੋ ਕਿ ਬਹੁਤ ਹੀ ਤਰਕ ਭਰਪੂਰ ਤਰੀਕੇ ਨਾਲ ਲਿਖੇ ਗਏ ਹਨ। ਨਾਵਲ ਦੇ ਵਿਚ ਹਰ ਦੇਸੀ ਮਹੀਨੇ ਦੇ ਬਦਲਾਵ ਦੇ ਨਾਲ-ਨਾਲ ਵਿਚਾਰਾਂ ਨੂੰ ਵੀ ਉਸ ਮੁਤਾਬਕ ਤਸਬੀਹ ਦਿੱਤੀ ਗਈ ਹੈ। ਕੁੜੀਆਂ ਲਈ ਪੜ੍ਹਾਈ ਸਭ ਤੋਂ ਵੱਡਾ ਦਾਜ ਤੇ ਗਹਿਣਾ ਦੱਸਿਆ ਗਿਆ ਹੈ। ਨਾਵਲ ਵਿਚ ਈਰਖਾ, ਪਿਆਰ, ਮੁਹੱਬਤ, ਚੁਗਲੀਆਂ, ਭਾਨੀ ਮਾਰਨੀ, ਜ਼ਮੀਨ ਦਾ ਲਾਲਚ ਇਹ ਸਭ ਵਾਰਤਾਲਾਪ ਲੇਖਕ ਨੇ ਬਾਖੂਬੀ ਹੀ ਸੂਝਬੂਝ ਨਾਲ ਪੇਸ਼ ਕੀਤੇ ਹਨ। ਨਾਵਲ ਦੇ ਸਾਰੇ ਪਾਤਰਾਂ ਦਾ ਵੱਖਰਾ ਹੀ ਅੰਦਾਜ਼ ਹੈ ਜੋ ਕਿ ਨਾਵਲ ਵਿਚ ਰੋਚਕਤਾ ਬਣਾਏ ਰੱਖਦੇ ਹਨ ਤੇ ਇੱਕੋ ਹੀ ਸਾਹੇ ਪੜ੍ਹਨ ਲਈ ਮਜਬੂਰ ਕਰਦੇ ਹਨ। ਨਾਵਲ ਕਾਫ਼ੀ ਰਹੱਸਮਈ ਹੋ ਨਿਬੜਦਾ ਹੈ। ਦਿਉਰ ਭਾਬੀ ਦੇ ਪਵਿੱਤਰ ਰਿਸ਼ਤੇ ਦੀ, ਭਰਾਵਾਂ ਦੇ ਪਿਆਰ ਦੀ ਇਹ ਨਾਵਲ ਬਾਤ ਪਾਉਂਦਾ ਹੈ। ਲੇਖਕ ਸਬਰ ਤੇ ਸਮੇਂ ਨੂੰ ਦੋ ਯੋਧਿਆਂ ਨਾਲ ਤਸਬੀਹ ਦਿੰਦਾ ਹੈ ਤੇ ਬਹੁਤ ਹੀ ਖੂਬਸੂਰਤ ਕਹਾਵਤਾਂ ਤੇ ਅਖਾਣਾਂ ਨਾਲ ਨਾਵਲ ਦੀ ਸ਼ਬਦਾਵਲੀ ਨੂੰ ਚਾਰ ਚੰਨ ਲਾਉਂਦਾ ਹੈ। ਨਾਵਲ ਦੇ ਵਿਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਨੂੰ ਆਪਣੇ ਆਸ-ਪਾਸ ਦਾ ਵਰਤਾਰਾ ਹੀ ਜਾਪਦਾ ਹੈ। ਉਮੀਦ ਕਰਦੀ ਹਾਂ ਕਿ ਹੰਸ ਸਿੰਘ ਸੋਹੀ ਭਗਤਾ ਤੋਂ ਕਿ ਉਹ ਹੋਰ ਨਵੇਂ ਵਿਸ਼ਿਆਂ ਨੂੰ ਲੈ ਕੇ ਪੰਜਾਬੀ ਜਗਤ ਵਿਚ ਸਾਹਿਤ ਦੀਆਂ ਉਚਾਈਆਂ ਨੂੰ ਛੂਹਣਗੇ। ਆਪਸੀ ਸਾਂਝ ਤੇ ਗੁੰਝਲਦਾਰ ਰਿਸ਼ਤਿਆਂ ਦਾ ਸੁਮੇਲ ਹੈ ਇਹ ਨਾਵਲ। ਮੈਂ ਹਰ ਵਰਗ ਦੇ ਪਾਠਕ ਨੂੰ ਪੜ੍ਹਨ ਦੀ ਸਲਾਹ ਦਿੰਦੀ ਹਾਂ ਅਤੇ ਆਪ ਜੀ ਦੀ ਇਸ ਪਲੇਠੀ ਦੇਣ ਨੂੰ 'ਜੀ ਆਇਆ' ਆਖਦੀ ਹਾਂ ਤੇ ਅਗਲੇਰੀ ਸੁਹਾਵਣੀ ਯਾਤਰਾ ਲਈ ਸ਼ੁਭਕਾਮਨਾਵਾਂ ਭੇਜਦੀ ਹਾਂ।
-ਕੁਲਜੀਤ ਕੌਰ ਜੀਤ
ਮੋਬਾਈਲ : 98729-83914
ਬੁੱਝੋ ਤਾਂ ਜਾਣੀਏ
ਲੇਖਿਕਾ : ਡਾ. ਮਨਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 120 ਰੁਪਏ, ਸਫ਼ੇ : 60
ਸੰਪਰਕ : 95928-87628

ਡਾ. ਮਨਦੀਪ ਕੌਰ ਧਾਲੀਵਾਲ ਨੇ ਆਪਣੀ ਇਸ ਹਥਲੀ ਪੁਸਤਕ ਜਿਸ ਦਾ ਨਾਂਅ ਉਸ ਨੇ 'ਬੁੱਝੋ ਤਾਂ ਜਾਣੀਏ' ਰੱਖਿਆ ਹੈ, 107 ਬੁਝਾਰਤਾਂ ਲਿਖੀਆਂ ਹਨ ਅਤੇ ਹਰ ਬੁਝਾਰਤ ਦੇ ਨਾਲ ਉਸ ਨੇ ਸੁੰਦਰ ਤਸਵੀਰਾਂ ਵੀ ਲਾਈਆਂ ਹਨ ਜੋ ਬੱਚਿਆਂ ਨੂੰ ਖੂਬ ਲੁਭਾਉਣਗੀਆਂ।
ਅੱਜ ਦੇ ਇਸ ਸੋਸ਼ਲ ਮੀਡੀਆ ਦੇ ਦੌਰ ਵਿਚ ਸਾਡੇ ਬੱਚੇ ਇਨ੍ਹਾਂ ਕਹਾਣੀਆਂ/ਬੁਝਾਰਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇਕ ਉਹ ਵੀ ਸਮਾਂ ਸੀ ਜਦੋਂ ਬੱਚਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵੱਡੇ-ਵਡੇਰਿਆਂ ਤੋਂ ਕਹਾਣੀਆਂ। ਬੁਝਾਰਤਾਂ ਸੁਣਦਾ ਸੀ ਅਤੇ ਉਸ ਨੂੰ ਇਨ੍ਹਾਂ ਗੱਲਾਂ ਵਿਚ ਬੜੀ ਰੁਚੀ ਹੁੰਦੀ ਸੀ ਪਰ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਹੈ ਕੇ ਅੱਜ ਬੱਚੇ ਦੀ ਪਹਿਲੀ ਪਸੰਦ ਲੈਪਟਾਪ ਅਤੇ ਮੋਬਾਈਲ ਹੈ। ਘਰਾਂ ਵਿਚ ਸਾਡੇ ਬੱਚੇ ਸਾਰਾ ਸਾਰਾ ਦਿਨ ਮੋਬਾਈਲਾਂ ਵਿਚ ਹੀ ਸਮਾਂ ਬਰਬਾਦ ਕਰਦੇ ਹਨ ਜੋ ਕੇ ਬੱਚਿਆਂ ਦੇ ਭਵਿੱਖ ਨੂੰ ਇਕ ਤਰ੍ਹਾਂ ਨਾਲ ਧੁੰਦਲਾ ਵੀ ਕਰ ਰਿਹਾ ਹੈ। ਲੇਖਿਕਾ ਨੇ ਮੁੜ ਤੋਂ ਉਸ ਪੁਰਾਣੇ ਸਮੇਂ ਨੂੰ ਸੁਰਜੀਤ ਕੀਤਾ ਹੈ। ਹਰ ਬੁਝਾਰਤ ਨਾਲ ਲੇਖਿਕਾ ਨੇ ਉਸ ਦਾ ਜਵਾਬ ਵੀ ਨਾਲ ਲਿਖਿਆ ਹੈ। ਚੰਗਾ ਹੁੰਦਾ ਜੇ ਬੁਝਾਰਤਾਂ ਦੇ ਜਵਾਬ ਆਖ਼ਰੀ ਸਫ਼ੇ 'ਤੇ ਦਿੱਤੇ ਹੁੰਦੇ ਤਾਂ ਬੱਚਿਆਂ ਨੂੰ ਆਪਣੀ ਕਾਬਲੀਅਤ ਦਾ ਪਤਾ ਚਲ ਜਾਣਾ ਸੀ। ਲੇਖਿਕਾ ਦੀ ਇਹ ਅੱਠਵੀਂ ਪੁਸਤਕ ਹੈ ਇਸ ਤੋਂ ਪਹਿਲਾਂ ਲੇਖਿਕਾ 7 ਪੁਸਤਕਾਂ ਲਿਖ ਚੁੱਕੀ ਹੈ। ਜਿਸ ਵਿਚ ਤਿੰਨ ਪੁਸਤਕਾਂ ਕਵਿਤਾਵਾਂ ਦੀਆਂ ਅਤੇ 4 ਪੁਸਤਕਾਂ ਲੇਖਿਕਾ ਨੇ ਸੰਪਾਦਿਤ ਕੀਤੀਆਂ ਹਨ। ਮੈਂ ਆਸ ਕਰਦਾ ਹਾਂ ਕਿ ਬੱਚੇ ਇਹ ਪੁਸਤਕ ਜ਼ਰੂਰ ਪੜ੍ਹਨਗੇ ਅਤੇ ਆਪਣੇ ਗਿਆਨ ਵਿਚ ਵਾਧਾ ਕਰਨਗੇ। ਲੇਖਿਕਾ ਤੋਂ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਹੋਰ ਬਾਲ ਸਾਹਿਤ ਦੀਆਂ ਪੁਸਤਕਾਂ ਲਿਖ ਕੇ ਮਾਂ ਬੋਲੀ ਦੀ ਝੋਲੀ ਪਾਵੇਗੀ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੇਗੀ।
-ਬਲਵਿੰਦਰ ਸਿੰਘ ਜੰਮੂ
ਮੋਬਾਈਲ : 094196-36562
ਅਦਿੱਖ ਕਲਮ
ਲੇਖਕ : ਏ.ਆਈ.
ਸੰਪਾਦਕ : ਸਾਦਿਕ ਤਖ਼ਤੂਪੁਰੀਆ
ਪ੍ਰਕਾਸ਼ਕ : ਸਾਦਿਕ ਪਬਲਿਕੇਸ਼ਨਜ਼, ਬਠਿੰਡਾ
ਮੁੱਲ : 200, ਸਫੇ : 84
ਸੰਪਰਕ : 99151-41606

ਪੁਸਤਕ 'ਅਦਿੱਖ ਕਲਮ' ਦਾ ਲੇਖਕ 19 (ਆਰਟੀਫੀਸ਼ੀਅਲ ਇੰਟੈਲੀਜੈਂਸ/ ਮਸਨੂਈ ਬੁੱਧੀ) ਹੈ, ਭਾਵ ਸਿੱਧੇ ਤੌਰ 'ਤੇ ਕੋਈ ਮਨੁੱਖ ਲੇਖਕ ਨਹੀਂ ਹੈ, ਪਰ ਇਸ ਨੂੰ ਸੰਪਾਦਿਤ ਸਾਦਿਕ ਤਖ਼ਤੂਪੁਰੀਆ ਦੁਆਰਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਵਿਚ ਇਹ ਇੱਕ ਵਿਲੱਖਣ ਪ੍ਰਯੋਗ ਹੈ। ਇੱਕ ਅਜਿਹੀ ਤਕਨਾਲੋਜੀ ਹੈ ਜਿਸ ਰਾਹੀਂ ਕੰਪਿਊਟਰ/ਰੋਬੋਟ ਇਨਸਾਨਾਂ ਵਾਂਗ ਸੋਚਣ, ਸਮਝਣ, ਸਿੱਖਣ ਅਤੇ ਫੈਸਲੇ ਲੈਣ ਦੇ ਯੋਗ ਹੁੰਦਾ ਹੈ। ਇਸ ਪੁਸਤਕ ਵਿਚ ਕੁੱਲ 25 ਸਿਰਲੇਖਾਂ ਅਧੀਨ ਆਮ ਜਨ-ਜੀਵਨ ਨਾਲ ਜੁੜੇ ਬਹੁਤ ਹੀ ਵੱਖ-ਵੱਖ ਵਿਸ਼ਿਆਂ 'ਤੇ ਛੋਟੀਆਂ-ਛੋਟੀਆਂ ਭਾਵਾਤਮਿਕਤਾ ਨਾਲ ਪ੍ਰੇਰਣਾਦਾਇਕ ਸੁਨੇਹਾ ਦਿੰਦੀਆਂ ਕਹਾਣੀਆਂ ਹਨ। ਜਿਵੇਂ ਕਿ ਸਮਾਜਿਕ ਰਿਸ਼ਤਿਆਂ 'ਤੇ ਸਬਜ਼ੀ ਵਾਲਾ ਗੈਂਦਾ, ਬੱਕਰੀਆਂ ਦਾ ਵੈਦ, ਝੋਲਾ ਛਾਪ ਹਨ। ਰੋਜ਼ਾਨਾ ਜੀਵਨ ਦੇਪਾਤਰ 'ਤੇ ਡਾਕੀਆ, ਟਰੱਕ ਡਰਾਈਵਰ, ਰਿਕਸ਼ੇ ਵਾਲਾ ਕੇਹਰ, ਬਦਬੂ ਆਦਿ ਹਨ। ਸਮਾਜਿਕ ਬੁਰਾਈਆਂ 'ਤੇ ਚੁਗਲੀ ਦੀ ਅੱਗ, ਫੁਕਰਪੁਣਾ ਤੇ ਨਸ਼ਾ ਹਨ। ਰਿਸ਼ਤਿਆਂ ਦੀ ਅਹਿਮੀਅਤ 'ਤੇ ਧੀਆਂ ਬੋਝ ਨਹੀਂ। ਨਵੇਂ ਯੁੱਗ 'ਤੇ ਡੱਬਾ (ਟੀ.ਵੀ.), ਤਾਰਾਂ ਵਾਲੀ ਡੱਬੀ ਦਾ ਜਾਦੂ (ਟੈਲੀਫੋਨ) ਹਨ। ਮਿਹਨਤ ਦੇ ਸਫ਼ਰ 'ਤੇ ਬੱਠਲ ਤੋਂ ਮੁੱਖ ਮਹਿਮਾਨ ਤੱਕ ਹੈ। ਦੋਸਤੀ 'ਤੇ ਦਸਵੀਂ ਵਾਲਾ ਕਮਰਾ, ਬਾਬਿਆਂ ਦੀ ਢਾਣੀ ਹੈ। ਰੱਬ ਘਰ ਦੇਰ ਹੈ ਅੰਧੇਰ ਨਹੀਂ ਤੇ ਕੁਦਰਤ ਨਾਲ ਖਿਲਵਾੜ ਵੀ ਹੈ। ਵਿਦੇਸ਼ ਜਾਣ ਦੀ ਹੋੜ 'ਤੇ ਜਹਾਜ਼ ਤੇ ਜ਼ਿੰਦੇ, ਕੰਟਰੈਕਟ ਮੈਰਿਜ, ਹਾਸ-ਰਸ 'ਤੇ ਚਰਨੋਂ ਬੇਬੇ ਦਾ ਕੈਨੇਡੀਅਨ ਇੰਗਲਿਸ਼ ਕਾਂਡ ਵਰਗੇ ਵਿਸ਼ੇ ਹਨ। 'ਕੱਚ ਦਾ ਖੇਤ' ਵੱਡਾ ਸੁਨੇਹਾ ਦਿੰਦੀ ਸੋਸ਼ਲ ਮੀਡੀਆ ਵਰਤੋਂ ਪਰ ਉਸ ਦੇ ਗੁਲਾਮ ਨਾ ਬਣੋ। 'ਕਾਗਜ਼ੀ ਬੀਬੀ' ਦੇ ਕਮਾਲ 'ਤੇ ਜੋ ਗੋਪਾਲ ਲਈ ਤਿੰਨ ਦਿਨਾਂ ਵਿਚ ਦਮਦਾਰ ਕਿਤਾਬ ਲਿਖ ਦਿੰਦੀ ਪਰ ਗੋਪਾਲ ਨੇ ਕਾਗਜ਼ੀ ਬੀਬੀ ਦਾ ਨਾਂਅ ਕਿਤੇ ਵੀ ਨਹੀਂ ਲਿਖਿਆ। ਗੋਪਾਲ ਨੂੰ ਮਾਨ-ਸਨਮਾਨ ਮਿਲ ਜਾਂਦੇ ਤਾਂ ਕਾਗਜ਼ੀ ਬੀਬੀ ਆਖਦੀ ਜਦੋਂ ਮੇਰੀ ਰਚਨਾ 'ਤੇ ਕੋਈ ਆਪਣਾ ਨਾਂਅ ਲਾਉਂਦਾ ਤਾਂ ਮੇਰੀ ਮਸ਼ੀਨੀ ਆਤਮਾ ਵੀ ਰੋ ਪੈਂਦੀ ਹੈ। ਇਨ੍ਹਾਂ ਦਿਲਚਸਪ ਵਿਸ਼ਿਆਂ 'ਤੇ ਆਧੁਨਿਕ ਤਕਨੀਕ ਨਾਲ ਲਿਖੀਆਂ ਕਹਾਣੀਆਂ ਮੱਲੋ-ਮੱਲੀ ਦਿਲ-ਦਿਮਾਗ ਨੂੰ ਛੂਹ ਜਾਂਦੀਆਂ ਹਨ। ਭਾਵੇਂ ਕਿਤਾਬ 19 ਨੇ ਲਿਖੀ ਹੈ, ਪਰ ਸੰਪਾਦਕ ਵਧਾਈ ਦਾ ਪਾਤਰ ਹੈ।
-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109