ਨਾਦਰ ਸ਼ਾਹ ਦੀ ਦਾਸਤਾਨ
ਲੇਖਕ : ਜੇਮਜ਼ ਫ੍ਰੇਜ਼ਰ
ਅਨੁਵਾਦਕ : ਜਸਪਾਲ ਘਈ (ਪ੍ਰੋ.)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 160
ਸੰਪਰਕ : 99150-99926

ਨਾਦਰ ਸ਼ਾਹ ਇਕ ਜਗਤ ਪ੍ਰਸਿੱਧ ਯੋਧਾ ਸੀ, ਜੋ ਤੈਮੂਰ ਦੇ ਖਾਨਦਾਨ ਨਾਲ ਸੰਬੰਧਿਤ ਸੀ | ਇਧਰ ਭਾਰਤ ਵਿਚ ਮੁਗ਼ਲ ਖਾਨਦਾਨ ਦੇ ਮੋਢੀ ਜ਼ਹੀਰੁਦੀਨ ਬਾਬਰ ਵੀ ਇਸੇ ਵੰਸ਼ ਦਾ ਇਕ ਬਹਾਦਰ ਅਤੇ ਸੂਝਵਾਨ ਸ਼ਾਸਕ ਸੀ | ਬਾਬਰ ਦਾ ਵੱਡਾ ਨਕੜਦਾਦਾ ਤੈਮੂਰ ਲੇਨ ਖ਼ੁਦ ਸੀ | ਮੰਗੋਲ ਨਸਲ ਨਾਲ ਸੰਬੰਧਿਤ ਮੁਗ਼ਲ ਸ਼ਾਸਕ ਬੜੇ ਨੀਤੀ-ਨਿਪੁੰਨ ਯੋਧੇ ਅਤੇ ਸੂਝਵਾਨ ਸ਼ਾਸਕ ਰਹੇ ਪਰ ਔਰੰਗਜ਼ੇਬ ਦੀ ਮਿ੍ਤੂ (1707 ਈ.) ਉਪਰੰਤ ਮੁਗ਼ਲਾਂ ਦਾ ਵਿਸ਼ਾਲ ਸਾਮਰਾਜ ਢਹਿ ਢੇਰੀ ਹੋਣ ਲੱਗ ਪਿਆ ਸੀ | ਡੇਢ-ਦੋ ਸੌ ਸਾਲਾਂ ਉਪਰੰਤ ਕੁਦਰਤ ਹਰ ਖਾਨਦਾਨ ਵਿਚ ਕੁਝ ਅਜਿਹੇ ਵਿਕਾਰ ਅਤੇ ਦੋਸ਼ ਪੈਦਾ ਕਰ ਦਿੰਦੀ ਹੈ ਕਿ ਉਸ ਦਾ ਵਿਨਾਸ਼ ਹੋ ਜਾਂਦਾ ਹੈ | ਨਾਦਰ ਸ਼ਾਹ ਦਾ ਪਿਤਾ ਆਪਣੇ ਕਬੀਲੇ ਦਾ ਸਰਦਾਰ ਸੀ ਅਤੇ ਉਸ ਨੇ ਈਰਾਨ ਦੀ ਸਰਹੱਦ ਨਾਲ ਲਗਦੇ ਇਕ ਕਿਲ੍ਹੇ ਉੱਪਰ ਕਬਜ਼ਾ ਕੀਤਾ ਹੋਇਆ ਸੀ ਪਰ ਪਿਤਾ ਦੀ ਮੌਤ ਉਪਰੰਤ ਨਾਦਰ ਸ਼ਾਹ ਦੇ ਚਾਚੇ ਨੇ ਸਰਦਾਰੀ ਦੇ ਸਾਰੇ ਅਖ਼ਤਿਆਰ ਹਥਿਆ ਲਏ ਸਨ, ਕਿਲ੍ਹੇ ਉੱਪਰ ਵੀ ਕਬਜ਼ਾ ਕਰ ਲਿਆ ਸੀ | ਜਵਾਨ ਹੋਣ ਉਪਰੰਤ ਕਈ ਸਾਲਾਂ ਦੀ ਜ਼ਬਰਦਸਤ ਮਿਹਨਤ ਉਪਰੰਤ ਉਸ ਨੇ ਆਪਣੇ ਚਾਚੇ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਅਖ਼ਤਿਆਰ-ਅਧਿਕਾਰ ਹਾਸਿਲ ਕੀਤੇ ਸਨ | ਉਸ ਨੇ ਪਰਸ਼ੀਆ ਦੇ ਰਾਜੇ ਦਾ ਵਿਸ਼ਵਾਸ ਜਿੱਤਿਆ, ਪਹਿਲਾਂ ਉਸ ਦਾ ਸਿਪਾਹਸਲਾਰ ਬਣਿਆ ਅਤੇ ਫਿਰ ਬਾਦਸ਼ਾਹ ਬਣ ਗਿਆ | ਇਧਰ ਭਾਰਤ ਵਿਚ ਮੁਹੰਮਦ ਸ਼ਾਹ (ਰੰਗੀਲਾ) ਦਿੱਲੀ ਦੇ ਤਖ਼ਤ ਉੱਪਰ ਕਾਬਜ਼ ਸੀ | ਨਾਅਹਿਲ ਹੋਣ ਕਾਰਨ ਉਹ ਰਾਜ-ਦਰਬਾਰੀਆਂ ਅਤੇ ਪਰਜਾ ਦਾ ਵਿਸ਼ਵਾਸ ਗੁਆ ਬੈਠਾ ਸੀ | ਇੱਧਰੋਂ ਦਰਬਾਰੀਆਂ ਵਲੋਂ ਸੰਦੇਸ਼ ਮਿਲਣ 'ਤੇ ਹੀ ਉਸ ਨੇ ਦਿੱਲੀ ਉੱਪਰ ਹਮਲਾ ਕੀਤਾ ਸੀ, ਨਹੀਂ ਤਾਂ ਹਿੰਦੁਸਤਾਨ ਦੇ ਵਿਸ਼ਾਲ ਰਾਜ ਨੂੰ ਸੰਭਾਲਣ ਅਤੇ ਇਸ ਉੱਪਰ ਰਾਜ ਕਰਨ ਵਿਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ | ਲੇਖਕ ਨੇ ਇਸ ਪੁਸਤਕ ਦੇ ਲਿਖਣ ਦੌਰਾਨ ਪੇਸ਼ਾਵਰ ਇਤਿਹਾਸਕਾਰਾਂ ਤੋਂ ਕੋਈ ਮਦਦ ਨਹੀਂ ਲਈ, ਇਹ ਲੋਕ ਆਪਣੇ ਹਿੱਤਾਂ ਅਨੁਸਾਰ ਇਤਿਹਾਸ ਨੂੰ ਵਿਗਾੜ ਦਿੰਦੇ ਹਨ | ਬਲਕਿ ਉਸ ਨੇ ਤੁਜ਼ਕਿ-ਬਾਬਰੀ, ਪਾਦਸ਼ਾਹਨਾਮਾ, ਤਾਰੀਖ਼-ਏ-ਆਲਮਗੀਰੀ, ਰਾਜ-ਦਰਬਾਰਾਂ ਦੇ ਅਖ਼ਬਾਰਾਤ ਅਤੇ ਚਿੱਠੀਆਂ ਆਦਿ ਨੂੰ ਆਪਣੇ ਆਧਾਰ-ਸਰੋਤ ਵਜੋਂ ਵਰਤਿਆ ਹੈ, ਜਿਸ ਕਾਰਨ ਘਟਨਾਵਾਂ ਦੀ ਪ੍ਰਮਾਣਿਕਤਾ ਬਾਰੇ ਕੋਈ ਸ਼ੱਕ-ਸ਼ੁਬਹ ਨਹੀਂ ਰਹਿ ਜਾਂਦਾ | ਫਰੇਜ਼ਰ ਦੇ ਇਤਿਹਾਸ-ਲੇਖਣ ਨੂੰ ਅੱਗੋਂ ਸ੍ਰੀ ਜਸਪਾਲ ਘਈ (ਪ੍ਰੋਫ਼ੈਸਰ) ਵਰਗਾ ਸੂਝਵਾਨ ਅਤੇ ਨਿਰਪੱਖ ਅਨੁਵਾਦਕ ਮਿਲ ਗਿਆ, ਜੋ ਸੋਨੇ 'ਤੇ ਸੁਹਾਗੇ ਵਾਲੀ ਉਕਤੀ ਸਿੱਧ ਹੋਈ | ਮੌਜੂਦਾ ਪਰਿਸਥਿਤੀਆਂ ਵਿਚ ਇਹੋ ਜਿਹੀਆਂ ਪੁਸਤਕਾਂ ਦੀ ਬਹੁਤ ਲੋੜ ਹੈ |
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਅੱਸੀਆਂ ਤੋਂ ਬਾਅਦ
ਲੇਖਕ : ਗੁਰਦੇਵ ਸਿੰਘ ਘਣਗਸ
ਪ੍ਰਕਾਸ਼ਕ : ਚੇਤਨਾ ਪਬਲੀਕੇਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 115
ਸੰਪਰਕ : 95011-45039

ਗੁਰਦੇਵ ਸਿੰਘ ਘਣਗਸ ਪੁਰਾਣਾ ਕਲਮਕਾਰ ਹੈ ਇਸ ਪੁਸਤਕ ਤੋਂ ਪਹਿਲਾਂ ਉਸ ਦੀਆਂ ਪੰਜਾਬੀ ਤੇ ਅੰਗਰੇਜ਼ੀ ਵਿਚ ਦਸ ਪੁਸਤਕਾਂ ਛਪ ਚੁੱਕੀਆਂ ਹਨ | ਇਨ੍ਹਾਂ ਵਿਚ ਬਹੁਤੇ ਕਾਵਿ-ਸੰਗ੍ਰਹਿ ਹਨ, ਇਕ ਸਵੈ-ਜੀਵਨੀ ਤੇ ਕੁੱਝ ਜਾਣਕਾਰੀ ਕਿਤਾਬਾਂ ਹਨ | 'ਅੱਸੀਆਂ ਤੋਂ ਬਾਅਦ' ਦੀਆਂ ਕਵਿਤਾਵਾਂ ਨੂੰ ਸ਼ਾਇਰ ਨੇ ਚਾਰ ਭਾਗਾਂ ਵਿਚ ਵੰਡਿਆ ਹੈ | ਪਹਿਲੇ ਭਾਗ ਦੀ ਪਹਿਲੀ ਕਵਿਤਾ ਗ਼ਜ਼ਲਨੁਮਾ ਹੈ ਜਿਸ ਦੀ ਰਦੀਫ਼ ਵੀ 'ਅੱਸੀਆਂ ਤੋਂ ਬਾਅਦ' ਰੱਖੀ ਹੈ | ਇਸ ਵਿਚ ਸ਼ਾਇਰ ਮਾਲਿਕ ਨੂੰ ਯਾਦ ਕਰਦਾ ਹੋਇਆ ਖ਼ੁਦ ਨੂੰ ਸੰਬੋਧਨ ਹੁੰਦਾ ਹੈ ਤੇ ਜਿਵੇਂ ਕਿਵੇਂ ਗੁਜ਼ਾਰਾ ਕਰਨ ਨੂੰ ਆਖਦਾ ਹੈ | ਦੂਸਰੀ ਰਚਨਾ ਵੀ ਪਹਿਲੀ ਰਚਨਾ ਦੀ ਜ਼ਮੀਨ 'ਤੇ ਹੈ ਜਿਸ ਵਿਚ ਥੋੜ੍ਹਾ ਹਾਸਾ-ਠੱਠਾ ਤੇ ਬੇਪ੍ਰਵਾਹੀ ਸ਼ਾਮਿਲ ਕੀਤੀ ਗਈ ਹੈ | ਇਕ ਰਚਨਾ ਵਿਚ ਉਹ ਵਿਦੇਸ਼ ਵਿਚ ਰਹਿੰਦਾ ਹੋਇਆ ਆਪਣੇ ਪਿੰਡ ਨੂੰ ਯਾਦ ਕਰਦਾ ਹੈ ਤੇ ਮਹਿਸੂਸ ਕਰਦਾ ਹੈ ਕਿ ਮਜਬੂਰੀਆਂ ਹੁਣ ਉਸ ਨੂੰ ਓਸ ਮਿੱਟੀ ਦੀ ਮਹਿਕ ਤੱਕ ਲੈ ਕੇ ਨਹੀਂ ਜਾਣਗੀਆਂ | 'ਅਮਰੀਕਾ ਦਾ ਸ਼ੁਕਰਾਨਾ ਦਿਵਸ' ਜਾਣਕਾਰੀ ਕਵਿਤਾ ਹੈ ਜਿਸ ਵਿਚ ਸ਼ਿਲਪ ਤਾਂ ਭਾਵੇਂ ਨਹੀਂ ਪਰ ਇਸ ਦਿਵਸ ਦੇ ਮਹੱਤਵ ਦਾ ਪਤਾ ਜ਼ਰੂਰ ਲਗਦਾ ਹੈ | ਸ਼ਾਇਰ ਕੁਦਰਤ ਪ੍ਰੇਮੀ ਹੈ ਆਪਣੇ ਵਿਹੜੇ ਦੇ ਰੁੱਖ ਉਸ ਨੂੰ ਆਪਣੇ ਘਰ ਦੇ ਜੀਅ ਲਗਦੇ ਹਨ | ਉਸ ਦਾ ਵਾਹਿਗੁਰੂ ਵਿਚ ਯਕੀਨ ਹੈ ਇਸੇ ਲਈ ਉਸ ਦਾ ਦਿਲ ਵਾਰ ਵਾਰ ਨਨਕਾਣੇ ਜਾਣ ਨੂੰ ਕਰਦਾ ਹੈ | ਮਿੱਤਰ ਬੇਲੀ ਉਸ ਨੂੰ ਹੁਣ ਵੀ ਪਿਆਰੇ ਹਨ ਤੇ ਸ਼ਾਇਰ ਉਨ੍ਹਾਂ ਨੂੰ ਮਿਲਦੇ ਗਿਲਦੇ ਰਹਿਣ ਦੀ ਅਰਜ਼ੋਈ ਕਰਦਾ ਹੈ | ਘਣਗਸ ਨੇ ਹੋਰ ਕਈ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਉਲੀਕਿਆ ਹੈ | ਅਸਲ ਵਿਚ ਚੁਰਾਸੀ ਸਾਲ ਦੀ ਉਮਰ ਤੱਕ ਪਹੁੰਚ ਕੇ ਆਮ ਮਨੁੱਖ ਤੇ ਵਿਸ਼ੇਸ਼ ਤੌਰ 'ਤੇ ਸ਼ਾਇਰ ਦੇ ਸੁਭਾਅ ਵਿਚ ਵੱਡੀ ਤਬਦੀਲੀ ਹੁੰਦੀ ਹੈ | ਇਹ ਤਬਦੀਲੀ ਘਣਗਸ ਵਿਚ ਵੀ ਆਈ ਹੈ ਤੇ ਉਸ ਦੀਆਂ ਪਹਿਲੀਆਂ ਪੁਸਤਕਾਂ ਤੋਂ ਇਨ੍ਹਾਂ ਰਚਨਾਵਾਂ ਵਿਚ ਵੀ ਅੰਤਰ ਦਿਖਾਈ ਦਿੰਦਾ ਹੈ | ਸ਼ਾਇਰ ਨੂੰ ਉਮਰ ਦਾ ਇਹ ਮੁਕਾਮ ਵੀ ਮੁਬਾਰਕ ਤੇ ਇਸ ਪੁਸਤਕ ਦੀ ਪ੍ਰਕਾਸ਼ਨਾ ਵੀ |
-ਮੋਬਾਈਲ : 99884-44002
ਸਾਂਭੇ ਪਏ ਨੇ ਤੇਰੇ ਪੱਤਰ
ਲੇਖਕ : ਕੇਵਲ ਕ੍ਰਾਂਤੀ
ਪ੍ਰਕਾਸ਼ਕ : ਚੇਤਨਾ ਪਬਲੀਕੇਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 118
ਸੰਪਰਕ : 92179-08971

ਪੰਜਾਬੀ ਗ਼ਜ਼ਲ ਮੌਜੂਦਾ ਮੁਕਾਮ 'ਤੇ ਐਵੇਂ ਨਹੀਂ ਪਹੁੰਚੀ ਸਗੋਂ ਇਸ ਪਿੱਛੇ ਨਵੇਂ ਤੇ ਪੁਰਾਣੇ ਗ਼ਜ਼ਲਕਾਰਾਂ ਦੀ ਤਪੱਸਿਆ ਦਾ ਹੱਥ ਰਿਹਾ ਹੈ | ਪੰਜਾਬੀ ਗ਼ਜ਼ਲ ਦਾ ਸਫ਼ਰ ਭਾਵੇਂ ਬਹੁਤਾ ਲੰਮੇਰਾ ਨਹੀਂ ਪਰ ਇਹ ਦਮਦਾਰ ਜ਼ਰੂਰ ਰਿਹਾ ਹੈ | ਚੜ੍ਹਦੇ ਪੰਜਾਬ ਦੀ ਗ਼ਜ਼ਲ ਨੇ ਜਿੱਥੇ ਤਕਨੀਕੀ ਪੱਖੋਂ ਪੁਖ਼ਤਗੀ ਹਾਸਿਲ ਕੀਤੀ ਓਥੇ ਇਸ ਨੇ ਨਵੀਨ ਵਿਸ਼ੇ, ਸ਼ੈਲੀ ਤੇ ਸ਼ਿਲਪ ਨੂੰ ਵੀ ਅਪਣਾਇਆ | ਪੰਜਾਬੀ ਗ਼ਜ਼ਲ ਦਾ ਅਸਲੋਂ ਨਵਾਂ ਪੂਰ ਵੀ ਨਵੇਂ ਤੇਵਰ ਲੈ ਕੇ ਕਾਫ਼ਿਲੇ ਵਿਚ ਸ਼ਾਮਿਲ ਹੋਇਆ ਹੈ | ਕੇਵਲ ਕ੍ਰਾਂਤੀ ਉਨ੍ਹਾਂ 'ਚੋਂ ਇਕ ਸਮਰੱਥ ਨਾਮ ਹੈ | ਸ਼ਾਇਰੀ ਅਕਸਰ ਰੋਮਾਂਸ ਤੋਂ ਸ਼ੁਰੂ ਹੁੰਦੀ ਹੈ ਤੇ ਕਲਾਸਿਕ ਰੰਗ ਦਾ ਜਲੌਅ ਇਸ ਦਾ ਅੰਤਿਮ ਪੜਾਅ ਹੁੰਦਾ ਹੈ | ਇਨ੍ਹਾਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਮਹਿਬੂਬ ਦੀ ਉਪਮਾ ਤੋਂ ਸ਼ੁਰੂ ਹੋ ਕੇ ਮਿਲਣ ਤੇ ਫਿਰ ਵਿਛੜਨ ਤੱਕ ਪਹੁੰਚਦਾ ਹੈ | ਬਹੁਤੀ ਥਾਈਾ ਨਵੀਆਂ ਨਕੋਰ ਤਸ਼ਬੀਹਾਂ ਉਸ ਦੇ ਸ਼ਿਅਰਾਂ ਨੂੰ ਹੋਰ ਮੁੱਲਵਾਨ ਬਣਾਉਂਦੀਆਂ ਹਨ | ਉਹ ਕਹਿੰਦਾ ਹੈ ਜਦੋਂ ਦਿਲ ਉੱਤੇ ਕੋਈ ਜ਼ੋਰ ਨਹੀਂ ਹੁੰਦਾ ਉਦੋਂ ਮੁਹੱਬਤ ਦੀ ਲਗਰ ਫੁੱਟਦੀ ਹੈ ਤੇ ਮਹਿਕਾਂ ਦਾ ਬਸੇਰਾ ਹੁੰਦਾ ਹੈ | ਪੰਜਾਬੀ ਗ਼ਜ਼ਲ ਦਾ ਭਵਿੱਖ ਮੈਨੂੰ ਕੇਵਲ ਕ੍ਰਾਂਤੀ ਜਿਹੇ ਗ਼ਜ਼ਲਕਾਰਾਂ ਕਾਰਨ ਹੋਰ ਵੀ ਮਹਿਫ਼ੂਜ਼, ਉੱਜਲ ਤੇ ਖ਼ੂਬਸੂਰਤ ਦਿਖਾਈ ਦਿੰਦਾ ਹੈ ਪਰ ਇਸ ਲਈ ਨਿਰੰਰਤਾ ਨਾਲ਼ ਤੁਰਦੇ ਰਹਿਣਾ ਜ਼ਰੂਰੀ ਹੈ | ਕ੍ਰਾਂਤੀ ਬਾਰੇ ਵੀ ਏਹੋ ਆਖਿਆ ਜਾ ਸਕਦਾ ਹੈ, ਉਸ ਦੀ ਪਹਿਲੀ ਪੁਸਤਕ ਹੋਣ ਕਾਰਨ ਇਸ ਵਿਚ ਮੁਹੱਬਤੀ ਪ੍ਰਵਚਨਾਂ ਦੀ ਹੀ ਭਰਮਾਰ ਹੈ | ਕੇਵਲ ਕੋਲ ਸ਼ਬਦ ਹਨ, ਉਨ੍ਹਾਂ ਨੂੰ ਤਰਤੀਬ ਦੇਣ ਦੀ ਮੁਹਾਰਤ ਵੀ ਹੈ | ਉਸ ਦੇ ਖ਼ਿਆਲਾਂ ਦੀ ਪਰਵਾਜ਼ ਵੀ ਪੁਖ਼ਤਾ ਹੈ ਤੇ ਸ਼ਿਅਰਾਂ ਵਿਚ ਊਰਜਾ ਵੀ ਹੈ | ਗ਼ਜ਼ਲ ਦੀਆਂ ਆਧਾਰੀ ਲੋੜਾਂ 'ਤੇ ਪਹਿਰਾ ਦੇਣਾ ਗ਼ਜ਼ਲਕਾਰ ਦੇ ਫ਼ਰਜ਼ਾਂ ਵਿਚ ਆਉਂਦਾ ਹੈ, ਕਾਫ਼ੀਆ ਗ਼ਜ਼ਲ ਦੀ ਜਿੰਦਜਾਨ ਹੁੰਦਾ ਹੈ ਪਰ ਕੇਵਲ ਕ੍ਰਾਂਤੀ ਨੇ ਬਹੁਤਾਤ ਵਿਚ ਇਸ ਦੀ ਭੰਨਤੋੜ ਕੀਤੀ ਹੈ | ਭਵਿੱਖ ਵਿਚ ਉਹ ਇਸ ਬਾਰੇ ਸੁਚੇਤ ਰਹੇਗਾ ਅਜਿਹੀ ਮੈਨੂੰ ਆਸ ਹੈ | ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਛਪਣ 'ਤੇ ਮੁਬਾਰਕ |
ਰਿਸ਼ਤਿਆਂ ਦੀ ਖੁਸ਼ਬੋ
ਲੇਖਿਕਾ : ਮੰਜੂ ਸ਼ਾਰਦਾ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼ ਚੰਡੀਗ੍ਹੜ
ਮੁੱਲ : 140 ਰੁਪਏ, ਸਫ਼ੇ : 48
ਸੰਪਰਕ : 84272 77866

ਇਸ ਹਥਲੀ ਪੁਸਤਕ 'ਰਿਸ਼ਤਿਆ ਦੀ ਖੁਸ਼ਬੋ' ਵਿਚ ਕੁੱਲ 16 ਕਵਿਤਾਵਾਂ ਹਨ ਜੋ ਕਿ ਰਿਸ਼ਤਿਆਂ ਦੀ ਖੁਸ਼ਬੋ ਨਾਲ ਓਤ-ਪੋਤ ਹਨ ਬਹੁਤ ਹੀ ਪਿਆਰੀ ਸ਼ਾਨਦਾਰ ਤਸਵੀਰਾਂ ਨਾਲ ਸ਼ਿੰਗਾਰੀ ਪੁਸਤਕ ਹੈ | ਆਪਣੇ ਜਿੰਨੇ ਵੀ ਸਮਾਜਿਕ ਰਿਸ਼ਤੇ ਖਾਸ ਹਨ ਉਨ੍ਹਾਂ ਬਾਰੇ ਬਹੁਤ ਹੀ ਸ਼ਾਨਦਾਰ ਦਿਲਾਂ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ | ਜਿਹੜੇ ਰਿਸ਼ਤਿਆਂ ਨੂੰ ਅੱਜ ਅਸੀਂ ਭੁੱਲ ਦੇ ਜਾ ਰਹੇ ਹਾਂ ਉਨ੍ਹਾਂ ਦੀ ਯਾਦ ਸਾਡੇ ਦਿਲਾਂ ਵਿਚ ਪੜ੍ਹਨ ਸਾਰ ਤਾਜ਼ਾ ਹੋ ਜਾਂਦੀ ਹੈ ਜਿਵੇਂ 'ਮਾਂ' ਕਵਿਤਾ ਵਿਚ ਮਾਂ ਦੀ ਮਹਾਨਤਾ ਬਹੁਤ ਹੀ ਸੁੰਦਰ ਢੰਗ ਨਾਲ ਲਿਖੀ ਹੋਈ ਹੈ |
-ਮਾਂ-
ਅੱਜ ਮੈਂ ਵੀ ਬਣ ਗਈ ਹਾਂ ਮਾਂ,
ਪਰ ਫਿਰ ਵੀ ਲੱਭਾਂ ਮਾਂ ਤੇਰੀ ਛਾਂ |
ਚਾਹੇ ਸੁੱੱਖਾਂ ਦੀ ਕੋਈ ਕਮੀ ਨਹੀਂ,
ਫਿਰ ਮਾਂ ਤੋਂ ਉੱਪਰ ਕੁੱਝ ਵੀ ਨਹੀਂ |
ਇਸ ਛਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ,
ਕੋਈ ਵੀ ਸੁੱਖ ਇਸ ਦੀ ਕਮੀ ਨਾ ਕਰ ਸਕਿਆ ਪੂਰੀ |
ਏਵੇਂ ਹੀ 'ਵੱਡੀ ਭੈਣ' ਕਵਿਤਾ ਵਿਚ ਵੱਡੀ ਭੈਣ ਪ੍ਰਤੀ ਦਿਲ ਵਿਚ ਕਿੰਨਾ ਪਿਆਰ ਸਤਿਕਾਰ ਹੁੰਦਾ ਹੈ ਉਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ |
-ਵੱਡੀ ਭੈਣ-
ਭੈਣ ਦਾ ਰਿਸ਼ਤਾ ਬਹੁਤ ਹੀ ਪਿਆਰਾ,
ਛੁਪਿਆ ਇਸ ਦੇ ਵਿਚ ਜਗ ਹੈ ਸਾਰਾ |
ਵੱਡੀ ਭੈਣ ਮਾਂ ਦੇ ਸਮਾਨ,
ਹੁੰਦਾ ਸਭ ਨੂੰ ਉਸ 'ਤੇ ਮਾਣ |
ਉਸ ਦੇ ਨਾਲ ਬਤਾਏ ਪਲ,
ਮਨ ਨੂੰ ਖੁਸ਼ੀਆਂ ਨਾਲ ਭਰਦੇ |
ਜਦੋਂ ਵੀ ਹੋਵੇ ਕਦੇ ਮਨ ਉਦਾਸ,
ਭੈਣ ਬਣ ਜਾਵੇ ਖੁਸ਼ੀ ਦੀ ਆਸ |
ਇਹ ਕਵਿਤਾਵਾਂ ਦਾ ਇੱਕ ਬਹੁਤ ਹੀ ਵਧੀਆ ਕਾਵਿ-ਸੰਗ੍ਰਹਿ ਹੈ ਲੇਖਿਕਾ ਨੇ ਆਪਣੇ ਦਿਲ ਦਿਮਾਗ ਨਾਲ ਰਿਸ਼ਤਿਆਂ ਨੂੰ ਹੰਢਾ ਕੇ ਲਿਖਿਆ ਹੈ ਕੋਈ ਓਪਰਾ-ਪਨ ਨਹੀ ਹੈ | ਉਹ ਪੰਜਾਬੀ ਰਿਸ਼ਤਿਆਂ ਨੂੰ ਬੜੀ ਬਰੀਕੀ ਨਾਲ ਸਮਝਦੇ ਹਨ ਉਨ੍ਹਾਂ ਨੂੰ ਪਹਿਲਾਂ ਵਾਂਗ ਹੋਰ ਗੂੜੇ੍ਹ ਵੇਖਣਾ ਚਾਹੁੰਦੇ ਹਨ | ਭਾਸ਼ਾ ਸਰਲ ਅਤੇ ਠੇਠ ਵਰਤੀ ਹੈ ਹਰ ਤਰ੍ਹਾਂ ਦਾ ਪਾਠਕ ਕਿਤਾਬ ਨੂੰ ਪੜ੍ਹ ਕੇ ਪੂਰੀ ਤਰ੍ਹਾਂ ਮਾਣ ਸਕਦਾ ਹੈ ਅਤੇ ਭਾਵਪੂਰਤ ਸਿਖਿਆ ਵੀ ਲੈ ਸਕਦਾ ਹੈ | ਇਸ ਵਿਲੱਖਣ ਅਤੇ ਸ਼ਾਨਦਾਰ ਪੁਸਤਕ ਦਾ ਸਵਾਗਤ ਕਰਦਾ ਹੋਇਆ ਲੇਖਿਕਾ ਨੂੰ ਢੇਰ ਸਾਰੀਆਂ ਮੁਬਾਰਕਾਂ ਵੀ ਦਿੰਦਾ ਹਾਂ |
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਜੱਟਾਂ ਦੇ ਗੋਤਾਂ ਦਾ ਇਤਿਹਾਸ
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 299 ਰੁਪਏ, ਸਫ਼ੇ :” 144
ਸੰਪਰਕ : 78379-11000

ਆਪਣੇ ਵਿਰਸੇ, ਵਿਰਾਸਤ ਤੇ ਇਤਿਹਾਸ ਨੂੰ ਜਾਨਣ ਲਈ ਖੋਜ ਬਿਰਤੀ ਨਾਲ ਅਤੀਤ 'ਚ ਉਤਰਨਾ ਪੈਂਦਾ ਜਿਸ ਦਾ ਸੋਮਾ ਪਹਿਲਾਂ ਲਿਖੀਆਂ ਪੁਸਤਕਾਂ, ਦੰਦ-ਕਥਾਵਾਂ, ਘਟਨਾਵਾਂ ਤੇ ਥਾਵਾਂ ਨਾਲ ਸੰਬੰਧਿਤ ਲੋਕ-ਕਥਾਵਾਂ ਹੁੰਦੀਆਂ | ਵਿਦਵਾਨ ਖੋਜੀ ਲੇਖਕ ਜਗਤਾਰ ਸਿੰਘ ਭੰਗੂ ਨੇ 'ਜੱਟਾਂ ਦੇ ਗੋਤਾਂ ਦਾ ਇਤਿਹਾਸ' ਪੁਸਤਕ ਅਜਿਹੀ ਸਾਧਨਾ ਕਰਕੇ ਲਿਖਣ ਦਾ ਦਾਈਆ ਕੀਤਾ ਹੈ | ਉਸ ਨੇ ਜੱਟਾਂ ਦਾ ਇਤਿਹਾਸ, ਪੰਜਾਬ ਦੀਆਂ ਜਾਤਾਂ ਤੇ ਗੋਤ ਅਤੇ ਪੰਜਾਬ ਕਾਸਟਸ ਪੁਸਤਕਾਂ ਦਾ ਅਧਿਐਨ ਕਰਕੇ ਅਤੇ ਅਖ਼ਬਾਰ/ਰਸਾਲਿਆਂ ਆਦਿ ਦੇ ਸੋਮਿਆਂ ਰਾਹੀਂ ਇਹ ਵਿਲੱਖਣ ਰਚਨਾ ਲਿਖਣ ਦਾ ਬੀੜਾ ਚੁੱਕਿਆ ਹੈ | ਇਹ ਪੁਸਤਕ ਪੜ੍ਹਨ ਨੂੰ ਦਿਲਚਸਪ ਹੈ ਅਤੇ ਆਪਣੇ-ਆਪਣੇ ਗੋਤਾਂ ਦੇ ਪਿਛੋਕੜ ਦੀ ਕਹਾਣੀ ਨੂੰ ਵੀ ਬਿਆਨ ਕਰਦੀ ਹੈ | ਲੇਖਕ ਦਾ ਮੰਨਣਾ ਹੈ ਕਿ ਸ੍ਰੀ ਰਾਮ ਚੰਦਰ ਦੀ ਵੰਸ਼ ਤੋਂ ਸੂਰਜਵੰਸ਼ੀ, ਸ੍ਰੀ ਕ੍ਰਿਸ਼ਨ ਜੀ ਦੀ ਵੰਸ਼ ਤੋਂ ਚੰਦਰਵੰਸ਼ੀ ਅਖਵਾਏ | ਸੱਤਵੀਂ ਸਦੀ ਵਿਚ ਬ੍ਰਾਹਮਣਾਂ ਨੇ ਅਗਨੀ ਪੂਜਾ ਕਰਕੇ ਅਗਨੀ ਕੁੱਲ ਦਾ ਨਾਂਅ ਦਿੱਤਾ | ਪੂਰਬੀ ਤੇ ਪੱਛਮੀ ਪੰਜਾਬ 'ਚ ਤਕਰੀਬਨ 2500 ਗੋਤਾਂ ਵਿਚੋਂ ਲੇਖਕ ਨੇ 112 ਗੋਤਾਂ ਬਾਰੇ ਜਾਣਕਾਰੀ ਅੰਕਿਤ ਕੀਤੀ | ਮੁੱਢੋਂ ਹੀ ਜੱਟ ਪਸ਼ੂ ਪਾਲਕ, ਖੇਤੀ ਕਰਨ ਵਾਲੇ, ਯੋਧੇ ਤੇ ਉੱਦਮੀ ਰਹੇ ਹਨ | ਖੋਜ ਦੱਸਦੀ ਹੈ ਕੁਝ ਜੱਟ ਕਬੀਲੇ ਪੰਜਾਬ ਵਿਚ ਮੁੱਢੋਂ ਰਹਿੰਦੇ ਸਨ, ਕੁਝ ਪੂਰਬੀ ਭਾਰਤ ਅਤੇ ਕੁਝ ਪੱਛਮ ਵੱਲੋਂ ਵੀ ਆਏ | ਜੱਟ ਹੀ ਪੰਜਾਬ ਅਤੇ ਭਾਰਤ ਦੇ ਪੁਰਾਤਨ ਕਬੀਲੇ ਹਨ | ਰਾਜਪੂਤ ਜਾਂ ਕਸ਼ਤਰੀ ਤਾਂ ਅੱਠਵੀਂ ਸਦੀ ਵਿਚ ਜੱਟਾਂ 'ਚੋਂ ਨਿਕਲ ਕੇ ਹੋਂਦ 'ਚ ਆਏ | ਕੁਝ ਗੋਤਾਂ ਬਾਰੇ ਰੌਚਿਕ ਜਾਣਕਾਰੀ ਜ਼ਿਕਰਯੋਗ ਹੈ | ਉੱਪਲ : ਬਾਬੇ ਨਾਨਕ ਦੀ ਭੈਣ ਨਾਨਕੀ ਦਾ ਘਰ ਵਾਲਾ ਜੈਰਾਮ (ਸੁਲਤਾਨਪੁਰ ਲੋਧੀ) ਉੱਪਲ ਖੱਤਰੀ ਸੀ | ਹਰੀ ਸਿੰਘ ਨਲਵਾ ਵੀ ਉੱਪਲ ਖੱਤਰੀ ਸੀ | ਮਹਾਰਾਣੀ ਜਿੰਦਾਂ (ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਪਤਨੀ) ਔਲਖ ਗੋਤ ਦੀ ਧੀ ਸੀ | ਜਰਨੈਲ ਅਕਾਲੀ ਫੂਲਾ ਸਿੰਘ ਸਰਾਓ ਜੱਟ ਸੀ | ਭਾਰਤੀ ਹਵਾਈ ਸੈਨਾ ਪਰਮਵੀਰ ਚੱਕਰ ਜੇਤੂ ਸਕੁਐਡਰਨ ਲੀਡਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਸੀ | ਵਿਦਵਾਨ ਪੰਜਾਬੀ ਸਾਹਿਤਕਾਰ ਸੰਤ ਸਿੰਘ ਸੇਖੋਂ ਸੀ | ਬੁੱਧੀਜੀਵੀ, ਲੇਖਕ ਸ਼ਮਸ਼ੇਰ ਸਿੰਘ ਅਸ਼ੋਕ ਸੰਘਾ ਗੋਤੀ ਸੀ | ਗੁਰੂ ਨਾਨਕ ਜੀ ਦਾ ਸਾਥੀ ਭਾਈ ਬਾਲਾ ਸੰਧੂ ਸੀ | ਕਿੱਸਾਕਾਰ ਕਾਦਰਯਾਰ, ਸ਼ਹੀਦ ਭਗਤ ਸਿੰਘ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਤੇ ਪੰਜਾਬ ਦੇ ਉੱਘੇ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਗੋਤ ਵਾਲੇ ਹਨ | ਮਹਾਰਾਣੀ ਪਰਨੀਤ ਕੌਰ ਸੰਸਦ ਮੈਂਬਰ ਕਾਹਲੋਂ ਗੋਤ 'ਚੋਂ ਹਨ | ਮਿਰਜ਼ਾ ਖਰਲ ਗੋਤ ਦੀ ਸੀ | ਸ਼ਹੀਦ ਕਰਤਾਰ ਸਿੰਘ ਸਰਾਭਾ, ਜਸਟਿਸ ਗੁਰਨਾਮ ਸਿੰਘ ਤੇ ਭਾਈ ਰਣਧੀਰ ਸਿੰਘ ਨਾਰੰਗਵਾਲ ਗਰੇਵਾਲ ਗੋਤ ਦੇ ਸਨ | ਜਸਵੰਤ ਸਿੰਘ ਕੰਵਲ ਤੇ ਕਿੱਸਾਕਾਰ ਰਜਬ ਅਲੀ ਗਿੱਲ ਗੋਤੀ ਸਨ | ਪ੍ਰਤਾਪ ਸਿੰਘ ਕੈਰੋਂ ਅਤੇ ਪ੍ਰਕਾਸ਼ ਸਿੰਘ ਬਾਦਲ ਢਿੱਲੋਂ ਸਨ | ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਝੱਜ ਜੱਟ ਸੀ | ਇੰਝ ਹੀ ਗੋਤਾਂ ਬਾਰੇ ਖੋਜ ਭਰਪੂਰ ਜਾਣਕਾਰੀ ਹੈ |
-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900